7 ਸ਼ਹੀਦਾਂ ਦੇ ਮ੍ਰਿਤਕ ਸਰੀਰ ਪੋਲੀਬੈਗ ਤੇ ਗੱਤਿਆਂ ‘ਚ ਲਪੇਟ ਕੇ ਲਿਆਂਦੇ ਗਏ ; ਲੋਕਾਂ ਦਾ ਗੁੱਸਾ ਦੇਖ ਫੌਜ ਬੋਲੀ, ਹੁਣ ਨਹੀਂ ਹੋਵੇਗਾ ਅਜਿਹਾ
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਤੀ ਸਫਾਈ, ਭਵਿੱਖ ‘ਚ ਸ਼ਹੀਦਾਂ ਦੇ ਸਰੀਰ ਬਾਡੀ ਬੈਗ ਜਾਂ ਤਾਬੂਤ ‘ਚ ਹੀ ਲੈ ਕੇ ਆਵਾਂਗੇ
ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ‘ਚ ਦੋ ਦਿਨ ਪਹਿਲਾਂ ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋਏ ਜਵਾਨਾਂ ਦੇ ਮ੍ਰਿਤਕ ਸਰੀਰ ਪੋਲੀਬੈਗ ਅਤੇ ਗੱਤਿਆਂ ‘ਚ ਲਪੇਟ ਕੇ ਗੁਹਾਟੀ ਲਿਆਂਦੇ ਗਏ। ਐਤਵਾਰ ਨੂੰ ਤਸਵੀਰਾਂ ਵਾਇਰਲ ਹੋਣ ‘ਤੇ ਵਿਵਾਦ ਖੜ੍ਹਾ ਹੋ ਗਿਆ। ਸੋਸ਼ਲ ਮੀਡੀਆ ‘ਤੇ ਆਲੋਚਨਾ ਅਤੇ ਗੁੱਸਾ ਦੇਖ ਫੌਜ ਨੂੰ ਸਫਾਈ ਦੇਣੀ ਪਈ ਕਿ ਘਟਨਾਗ੍ਰਸਤ ਇਲਾਕੇ ਦੀ ਸਥਿਤੀ ਬੇਹੱਦ ਅਸਾਧਾਰਨ ਹੋਣ ਕਰਕੇ ਅਜਿਹਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਏਅਰਫੋਰਸ ਦਾ ਐਮਆਈ-17 ਹੈਲੀਕਾਪਟਰ ਭਾਰਤ-ਚੀਨ ਬਾਰਡਰ ਦੇ ਕੋਲ ਤਵਾਂਗ ‘ਚ ਹਾਦਸਾਗ੍ਰਸਤ ਹੋ ਗਿਆ ਸੀ। ਹਾਦਸੇ ‘ਚ ਏਅਰਫੋਰਸ ਦੇ ਪੰਜ ਅਤੇ ਸੈਨਾ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਸੀ। ਹਾਦਸੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਪੋਲੀਬੈਗ ਅਤੇ ਗੱਤੇ ‘ਚ ਲਪੇਟ ਕੇ ਲਿਆਂਦਾ ਗਿਆ। ਰਿਟਾਇਰਡ ਲੈਫਟੀਨੈਂਟ ਜਨਰਲ ਐਚ ਐਸ ਪਨਾਗ ਨੇ ਇਸ ਦੀਆਂ ਤਸਵੀਰਾਂ ਟਵਿੱਟਰ ‘ਤੇ ਸ਼ੇਅਰ ਕਰ ਦਿੱਤੀਆਂ। ਇਸ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਈ। ਸੂਤਰਾਂ ਦੇ ਅਨੁਸਾਰ ਮਾਮਲਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੱਕ ਪਹੁੰਚਿਆ ਅਤੇ ਉਨ੍ਹਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਫੌਜ ਨੂੰ ਸਫਾਈ ਦੇਣੀ ਪਈ।
ਤਰਕ ਦਿੱਤਾ ਕਿ 14 ਹਜ਼ਾਰ ਫੁੱਟ ‘ਤੇ ਸਮਾਂ ਅਤੇ ਸਾਧਨ ਦੋਵਾਂ ਦੀ ਘਾਟ ਸੀ, ਜੋ ਮਿਲਿਆ ਉਸ ਨਾਲ ਹੀ ਕੰਮ ਚਲਾਇਆ
ਫੌਜ ਨੇ ਕਿਹਾ ਕਿ ਮ੍ਰਿਤਕ ਸਰੀਰ 13 ਹਜ਼ਾਰ ਫੁੱਟ ਦੀ ਉਚਾਈ ‘ਤੇ ਸਨ, ਉਥੋਂ ਤੱਕ ਸੜਕ ਵੀ ਨਹੀਂ ਸੀ। ਮ੍ਰਿਤਕ ਸਰੀਰਾਂ ਨੂੰ ਜਲਦੀ ਕੱਢਣੇ ਸਨ, ਹੈਲੀਕਾਪਟਰ ਸਾਰੇ ਮ੍ਰਿਤਕ ਸਰੀਰਾਂ ਦਾ ਵਜਨ ਨਹੀਂ ਉਠਾ ਸਕਦਾ ਸੀ। ਅਸਧਾਰਨ ਹਾਲਾਤ ਅਤੇ ਸਮੇਂ ਦੀ ਘਾਟ ਦੇ ਚਲਦੇ ਬਾਡੀਬੈਗ ਜਾਂ ਤਾਬੂਤ ਦੀ ਬਜਾਏ ਸਥਾਨਕ ਪੱਧਰ ‘ਤੇ ਉਪਲਬਧ ਸਾਧਨਾਂ ‘ਚ ਹੀ ਮ੍ਰਿਤਕ ਸਰੀਰ ਲਪੇਟ ਕੇ ਲਿਆਂਦੇ ਗਏ, 6 ਅਕਤੂਬਰ ਨੂੰ ਦੁਪਹਿਰ 2 ਵਜੇ ਗੁਹਾਟੀ ਬੇਸ ਹਸਪਤਾਲ ‘ਚ ਮ੍ਰਿਤਕ ਸਰੀਰਾਂ ਨੂੰ ਪਹੁੰਚਾਇਆ ਗਿਆ, ਉਸ ਤੋਂ ਬਾਅਦ ਪੋਸਟ ਮਾਰਟਮ ਸਮੇਤ ਹੋਰ ਕਾਰਵਾਈਆਂ ਪੂਰੀਆਂ ਕੀਤੀਆਂ। ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਸਰੀਰ ਪੂਰੇ ਸਨਮਾਨ ਨਾਲ ਤਾਬੂਤਾਂ ‘ਚ ਰਖਵਾਏ ਗਏ। ਸ਼ਰਧਾਂਜਲੀ ਤੋਂ ਬਾਅਦ ਪੂਰਨ ਸਨਮਾਨ ਦੇ ਨਾਲ ਪਰਿਵਾਰਾਂ ਨੂੰ ਸੌਂਪਣ ਦੇ ਲਈ ਮ੍ਰਿਤਕ ਸਰੀਰ ਭੇਜੇ ਗਏ। ਫੌਜ ਨੇ ਕਿਹਾ ਕਿ ਅੱਗੇ ਤੋਂ ਸ਼ਹੀਦਾਂ ਦੇ ਮ੍ਰਿਤਕ ਸਰੀਰ ਨੂੰ ਬਾਡੀਬੈਗ, ਲਕੜੀ ਦੇ ਬਕਸੇ ਜਾਂ ਤਾਬੂਤ ‘ਚ ਲਿਆਉਣਾ ਯਕੀਨੀ ਬਣਾਇਆ ਜਾਵੇਗਾ।
ਬਿਹਾਰ ‘ਚ ਵਾਰੰਟ ਅਫ਼ਸਰ ਦਾ ਮ੍ਰਿਤਕ ਸਰੀਰ ਨਿੱਜੀ ਗੱਡੀ ‘ਚ ਲਿਜਾਣਾ ਪਿਆ ਪਰਿਵਾਰ ਵਾਲਿਆਂ ਨੂੰ
ਇਸੇ ਹਾਦਸੇ ‘ਚ ਮਾਰੇ ਗਏ ਹਵਾਈ ਫੌਜ ਦੇ ਮਾਸਟਰ ਵਾਰੰਟ ਅਫ਼ਸਰ ਏ ਕੇ ਸਿੰਘ ਦਾ ਅੰਤਿਮ ਸਸਕਾਰ ਬਿਹਾਰ ਦੇ ਛਪਰਾ ‘ਚ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਨੇ ਕਿਹਾ ਕਿ ਅਸੀਂ ਮਜਬੂਰਨ ਮ੍ਰਿਤਕ ਸਰੀਰ ਆਪਣੀ ਨਿੱਜੀ ਗੱਡੀ ‘ਚ ਲੈ ਕੇ ਆਏ। ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ। ਉਨ੍ਹਾਂ ਨੇ ਮੇਰੇ ਪਿਤਾ ਦੀ ਸ਼ਹਾਦਤ ਦਾ ਅਪਮਾਨ ਕੀਤਾ ਹੈ।
ਟਵੀਟ
ਸੱਤ ਜਵਾਨ ਸੂਰਜ ਦੀ ਰੌਸ਼ਨੀ ‘ਚ ਆਪਣੀ ਮਾਤਭੂਮੀ ਦੀ ਸੇਵਾ ਦੇ ਲਈ ਚੱਲੇ ਅਤੇ ਵਾਪਸ ਨਹੀਂ ਆਏ।
ਐਚ.ਐਸ. ਪਨਾਗ,ਲੈਫਟੀਨੈਂਟ ਜਨਰਲ (ਰਿਟਾ.)
ਸ਼ਹੀਦਾਂ ਦੇ ਸ਼ਵ…ਸ਼ਰਮਨਾਕ। ਮੁਆਫ਼ ਕਰਨਾ ਐ ਦੋਸਤ, ਜਿਸ ਕੱਪੜੇ ਸੇ ਤੁਮਹਾਰਾ ਕਫ਼ਨ ਸਿਲਨਾ ਥਾ, ਵੋ ਅਬੀ ਕਿਸੇ ਕਾ ਬੰਦ ਗਲਾ ਸਿਲਨੇ ਕੇ ਕਾਮ ਆ ਰਹਾ ਹੈ।
ਗੌਤਮ ਗੰਭੀਰ, ਕ੍ਰਿਕਟਰ