ਕਿਸਾਨਾਂ ਦਾ ਵੱਖਰਾ ਬੱਜਟ ਲਿਆਉਣ ਅਤੇ ਦੇਸ਼ ਧ੍ਰੋਹ ਦੀ ਧਾਰਾ 124 ਏ ਖਤਮ ਕਰਨ ਦਾ ਵਾਅਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਕਾਂਗਰਸ ਵਲੋਂ ਇਸ ਮੈਨੀਫੈਸਟੋ ਨੂੰ ‘ਜਨ ਅਵਾਜ਼’ ਦਾ ਨਾਮ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੀਫੈਸਟੋ ਵਿਚ ਪੰਜ ਪ੍ਰਮੁੱਖ ਵਾਅਦੇ ਕੀਤੇ ਗਏ ਹਨ, ਜਿਨ੍ਹਾਂ ਵਿਚ ਨਿਆਂ, ਰੋਜ਼ਗਾਰ, ਕਿਸਾਨ, ਸਿੱਖਿਆ ਅਤੇ ਹੈਲਥ ਸ਼ਾਮਲ ਹੈ। ਮੈਨੀਫੈਸਟੋ ਵਿਚ ਕਿਸਾਨਾਂ ਲਈ ਵੱਖਰਾ ਬਜਟ ਲਿਆਉਣ ਦੀ ਗੱਲ ਕੀਤੀ ਗਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਖੇਤੀ ਕਰਜ਼ੇ ਦੇ ਡਿਫਾਲਟਰਾਂ ‘ਤੇ ਫੌਜਦਾਰੀ ਮਾਮਲਾ ਦਰਜ ਨਹੀਂ ਹੋਵੇਗਾ। ਰਾਹੁਲ ਨੇ ‘ਗਰੀਬੀ ਉਤੇ ਵਾਰ, 72 ਹਜ਼ਾਰ’ ਦਾ ਨਾਅਰਾ ਵੀ ਦਿੱਤਾ। ਚੋਣ ਮੈਨੀਫੈਸਟੋ ਕਿਹਾ ਗਿਆ ਕਿ ਦੇਸ਼ ਧ੍ਰੋਹ ਨੂੰ ਪਰਿਭਾਸ਼ਤ ਕਰਨ ਵਾਲੀ ਧਾਰਾ 124 ਏ ਨੂੰ ਵੀ ਖਤਮ ਕੀਤਾ ਜਾਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਜਿਸ ਤਰ੍ਹਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵਾਅਦੇ ਦੇ ਮੁਤਾਬਕ 10 ਦਿਨਾਂ ਦੇ ਅੰਦਰ ਹੀ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ, ਉਸੇ ਤਰ੍ਹਾਂ ਹੀ ਇਹ ਵਾਅਦੇ ਵੀ ਪੂਰੇ ਕਰਾਂਗੇ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਬਣਾਉਣ ਵਿਚ ਸਮਾਜ ਦੇ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ ਅਤੇ ਇਸ ਵਾਰ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ। ਪ੍ਰਿਅੰਕਾ ਗਾਂਧੀ ਨੇ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਜ਼ਰੂਰ ਪੜ੍ਹਨ।
ਮੈਨੀਫੈਸਟੋ ਵਿੱਚ ਗਰੀਬ ਪਰਿਵਾਰਾਂ ਨੂੰ ‘ਨਿਆਏ’ ਸਕੀਮ ਤਹਿਤ ਸਾਲਾਨਾ 72000 ਰੁਪਏ ਦੇਣ, 22 ਲੱਖ ਸਰਕਾਰੀ ਅਹੁਦਿਆਂ ‘ਤੇ ਨਿਯੁਕਤੀਆਂ, ਰੇਲ ਬਜਟ ਦੀ ਤਰਜ਼ ‘ਤੇ ਕਿਸਾਨਾਂ ਲਈ ਵੱਖਰਾ ਬਜਟ ਲਿਆਉਣ ਤੇ ਪੂਰੇ ਮੁਲਕ ਵਿੱਚ ਜੀਐਸਟੀ ਦੀ ਇਕੋ ਸੰਤੁਲਤ ਦਰ ਲਾਗੂ ਕਰਨ ਜਿਹੇ ਵੱਡੇ ਵਾਅਦੇ ਕੀਤੇ ਗਏ ਹਨ।
ਕਾਂਗਰਸ ਨੇ ਕਿਹਾ ਕਿ ਸੱਤਾ ਵਿੱਚ ਆਉਣ ‘ਤੇ ਜੰਮੂ ਕਸ਼ਮੀਰ ਵਿਚ ਹਥਿਆਰਬੰਦ ਫੌਜਾਂ ਨੂੰ ਵਿਸ਼ੇਸ਼ ਤਾਕਤਾਂ ਨਾਲ ਸਬੰਧਤ ਐਕਟ ‘ਅਫਸਪਾ’ ਉੱਤੇ ਨਜ਼ਰਸਾਨੀ ਕੀਤੀ ਜਾਵੇਗੀ। ਉਂਜ ਪਾਰਟੀ ਨੇ ਸਾਫ਼ ਕਰ ਦਿੱਤਾ ਜੰਮੂ ਕਸ਼ਮੀਰ ਨੂੰ ਸੰਵਿਧਾਨ ਤਹਿਤ ਮਿਲੇ ਵਿਸ਼ੇਸ਼ ਅਧਿਕਾਰਾਂ (ਧਾਰਾ 370) ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਪਾਰਟੀ ਨੇ ਵਾਅਦਾ ਕੀਤਾ ਕਿ ਜੰਮੂ ਕਸ਼ਮੀਰ ਵਿਚ ਸਬੰਧਤ ਧਿਰਾਂ ਨਾਲ ਬਿਨਾ ਸ਼ਰਤ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਕਾਂਗਰਸ ਨੇ ਵਾਅਦਾ ਕੀਤਾ ਕਿ ਉਹ ਨਾਗਰਿਕਤਾ ਸੋਧ ਬਿੱਲ ਨੂੰ ਫੌਰੀ ਵਾਪਸ ਲਏਗੀ। 55 ਸਫ਼ਿਆਂ ਤੇ ‘ਹਮ ਨਿਭਾਏਂਗੇ’ (ਅਸੀਂ ਵਾਅਦੇ ਪੂਰੇ ਕਰਕੇ ਵਿਖਾਵਾਂਗੇ) ਸਿਰਲੇਖ ਵਾਲੇ ਇਸ ਚੋਣ ਮੈਨੀਫੈਸਟੋ ਨੂੰ ਲੋਕਾਂ ਨੂੰ ਦਰਪੇਸ਼ ਅਸਲ ਮੁੱਦਿਆਂ ਜਿਵੇਂ ਬੇਰੁਜ਼ਗਾਰੀ, ਕਿਸਾਨੀ ਸੰਕਟ, ਔਰਤਾਂ ਦੀ ਸੁਰੱਖਿਆ ਤੇ ਪੇਂਡੂ ਅਰਥਚਾਰੇ ਨੂੰ ਹੁਲਾਰਾ ਉੱਤੇ ਸਾਰਾ ਧਿਆਨ ਕੇਂਦਰਤ ਕੀਤਾ ਗਿਆ ਹੈ।
ਇਥੇ ਪਾਰਟੀ ਹੈੱਡਕੁਆਰਟਰ ‘ਤੇ ਮੈਨੀਫੈਸਟੋ ਨੂੰ ਰਿਲੀਜ਼ ਕਰਨ ਦੀ ਰਸਮ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਤੇ ਸੀਨੀਅਰ ਪਾਰਟੀ ਆਗੂ ਪੀ.ਚਿਦੰਬਰਮ ਆਦਿ ਨੇ ਨਿਭਾਈ। ਕਾਂਗਰਸ ਨੇ ਕਿਸਾਨੀ ਨੂੰ ਸੰਕਟ ਵਿਚੋਂ ਕੱਢਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਕਰਜ਼ ਮੁਆਫ਼ੀ ਤੋਂ ਕਰਜ਼ ਮੁਕਤੀ ਦੇ ਰਾਹ ਪਾਏਗੀ। ਅਜਿਹਾ ਕਿਸਾਨਾਂ ਨੂੰ ਲਾਹੇਵੰਦਾ ਭਾਅ ਦੇ ਕੇ ਤੇ ਲਾਗਤ ਖਰਚਿਆਂ ਨੂੰ ਘਟਾ ਕੇ ਕੀਤਾ ਜਾਵੇਗਾ।
ਪਾਰਟੀ ਨੇ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਹਰ ਸਾਲ ਕਿਸਾਨਾਂ ਲਈ ਵੱਖਰਾ ਬਜਟ ਪੇਸ਼ ਕੀਤਾ ਜਾਵੇਗਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਾਲਾਨਾ ਬਜਟ ਵਿੱਚ ਜੀਡੀਪੀ ਦਾ 6 ਫੀਸਦ ਸਿੱਖਿਆ, ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕਰਨ ਤੇ ਗਰੀਬਾਂ ਦੀ ਉੱਚ ਮਿਆਰੀ ਸਿਹਤ ਸੇਵਾਵਾਂ ਤਕ ਰਸਾਈ ਸੰਭਵ ਬਣਾਉਣ ਲਈ ਖਰਚੇਗੀ। ਪਾਰਟੀ ਨੇ ਸਿਹਤ ਸੰਭਾਲ ਐਕਟ ਦੇ ਹੱਕ ਸਬੰਧੀ ਕਾਨੂੰਨ ਬਣਾਉਣ ਦਾ ਵੀ ਵਾਅਦਾ ਕੀਤਾ।
ਰਾਹੁਲ ਨੇ ਕਿਹਾ ਕਿ ਭਾਜਪਾ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਫ਼ਰਤ ਦੇ ਪਾਸਾਰ ਦੇ ਨਾਲ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ, ਪਰ ਉਨ੍ਹਾਂ ਦੀ ਪਾਰਟੀ ਮੁਲਕ ਦੇ ਲੋਕਾਂ ਨੂੰ ਇਕਜੁਟ ਕਰਨ ਲਈ ਕੰਮ ਕਰੇਗੀ। ਉਨ੍ਹਾਂ ਕਿਹਾ, ‘ਸਾਡਾ ਮੈਨੀਫੈਸਟੋ ਭਵਿੱਖੀ ਨਜ਼ਰੀਏ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਛਾਵਾਂ ਹੈ। ਇਹ ‘ਮਨ ਕੀ ਬਾਤ’ ਨਹੀਂ ਬਲਕਿ ਲੱਖਾਂ ਲੋਕਾਂ ਵੱਲੋਂ ਇਕਸੁਰ ਹੋ ਕੇ ਦਿੱਤੀ ਆਵਾਜ਼ ਹੈ।
ਕਾਂਗਰਸ ਦਾ ਚੋਣ ਮੈਨੀਫੈਸਟੋ ‘ਝੂਠ ਦਾ ਪੁਲੰਦਾ’ : ਜੇਤਲੀ
ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ‘ਖ਼ਤਰਨਾਕ ਤੇ ਝੂਠ ਦਾ ਪੁਲੰਦਾ’ ਕਰਾਰ ਦਿੱਤਾ ਹੈ। ਵਿੱਤ ਮੰਤਰੀ ਤੇ ਸੀਨੀਅਰ ਪਾਰਟੀ ਆਗੂ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੁਝ ਅਜਿਹੇ ਵਾਅਦੇ ਕੀਤੇ ਹਨ, ਜਿਨ੍ਹਾਂ ਨੂੰ ਵਿਹਾਰਕ ਤੌਰ ‘ਤੇ ਅਮਲ ਵਿਚ ਨਹੀਂ ਲਿਆਂਦਾ ਜਾ ਸਕਦਾ ਹੈ ਤੇ ਕੁਝ ਬੇਹੱਦ ਖ਼ਤਰਨਾਕ ਵਿਚਾਰ ਹਨ, ਜੋ ਮੁਲਕ ਨੂੰ ‘ਵੰਡੀਆਂ’ ਵੱਲ ਧੱਕ ਦੇਣਗੇ। ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਕਿਹਾ ਹੈ ਕਿ ਜੋ ਵਾਅਦੇ ਕਰਦੇ ਹਨ, ਉਨ੍ਹਾਂ ਨੂੰ ਨਿਭਾਉਂਦੇ ਹਨ। ਇਸ ਮੈਨੀਫੈਸਟੋ ਵਿੱਚ ਕੁਝ ਅਜਿਹੀਆਂ ਗੱਲਾਂ ਹਨ, ਜੋ ਮੁਲਕ ਵਿਚ ਵੰਡੀਆਂ ਪਾਉਣ ਵਾਲੀਆਂ ਤੇ ਮੁਲਕ ਦੀ ਏਕਤਾ ਦੇ ਖ਼ਿਲਾਫ਼ ਹਨ।
ਰਾਹੁਲ ਡਰ ਕੇ ਕੇਰਲ ਭੱਜੇ: ਅਮਿਤ ਸ਼ਾਹ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦੇ ਅਮੇਠੀ ਤੋਂ ਇਲਾਵਾ ਵਾਇਨਾਡ (ਕੇਰਲ) ਸੀਟ ਤੋਂ ਚੋਣ ਲੜਨ ਦੇ ਫ਼ੈਸਲੇ ਦਾ ਮਜ਼ਾਕ ਉਡਾਉਂਦਿਆਂ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਨੂੰ ਡਰ ਪੈਦਾ ਹੋ ਗਿਆ ਹੈ ਕਿ ਉਸ ਦੇ ਰਵਾਇਤੀ ਗੜ੍ਹ ਦੇ ਵੋਟਰ ਉਸ ਵੱਲੋਂ ਕੀਤੇ ਕੰਮਾਂ ਦਾ ਹਿਸਾਬ ਮੰਗਣਗੇ। ਪੱਛਮੀ ਉੱਤਰ ਪ੍ਰਦੇਸ਼ ਵਿਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ”ਕੇਰਲਾ ਵਿਚ ਖੁਸ਼ਾਮਦੀਦ ਵਾਲੀ ਸਿਆਸਤ ਹੈ ਜਿਸ ਕਾਰਨ ਰਾਹੁਲ ਉਥੋਂ ਚੋਣ ਲੜ ਰਿਹਾ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …