ਮੋਦੀ ਆਪਣੇ ਪਰਛਾਵੇਂ ਤੋਂ ਵੀ ਡਰਦੇ ਹਨ: ਜੈਰਾਮ ਰਮੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਤਿੰਨ ਗੇੜ ਦੀਆਂ ਚੋਣਾਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਰਸੀ ਲੜਖੜਾ ਰਹੀ ਹੈ ਅਤੇ ਉਨ੍ਹਾਂ ਆਪਣੇ ਹੀ ‘ਦੋਸਤਾਂ’ ਉੱਤੇ ਸਿਆਸੀ ਹਮਲੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣ ਨਤੀਜਿਆਂ ਦੇ ‘ਅਸਲੀ ਰੁਝਾਨ’ ਨੂੰ ਦਰਸਾਉਂਦਾ ਹੈ। ਖੜਗੇ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, ”ਸਮਾਂ ਬਦਲ ਰਿਹਾ ਹੈ। ਦੋਸਤ ਦੋਸਤ ਨਹੀਂ ਰਿਹਾ। ਤਿੰਨ ਗੇੜਾਂ ਦੀਆਂ ਚੋਣਾਂ ਪੂਰੀਆਂ ਹੋਣ ਮਗਰੋਂ ਪ੍ਰਧਾਨ ਮੰਤਰੀ ਆਪਣੇ ਦੋਸਤਾਂ ‘ਤੇ ਹੀ ਹਮਲਾਵਰ ਹੋ ਗਏ ਹਨ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਮੋਦੀ ਜੀ ਦੀ ਕੁਰਸੀ ਲੜਖੜਾ ਰਹੀ ਹੈ। ਇਹ ਨਤੀਜਿਆ ਦੇ ਅਸਲੀ ਰੁਝਾਨ ਹਨ।”
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਲੰਗਾਨਾ ਵਿੱਚ ਇੱਕ ਰੈਲੀ ਦੌਰਾਨ ਕਿਹਾ ਸੀ ਕਿ ਕਾਂਗਰਸ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ‘ਅੰਬਾਨੀ-ਅਡਾਨੀ’ ਮੁੱਦਾ ਚੁੱਕਣਾ ਕਿਉਂ ਬੰਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਹਮਲੇ ਮਗਰੋਂ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਨ੍ਹਾਂ ਦਾ ਰੁਖ਼ ਇੰਨੀ ਤੇਜ਼ੀ ਨਾਲ ਬਦਲ ਗਿਆ ਹੈ ਕਿ ‘ਹਮ ਦੋ ਹਮਾਰੇ ਦੋ’ ਦੇ ‘ਪੱਪਾ’ ਆਪਣੇ ਹੀ ਬੱਚਿਆਂ ‘ਤੇ ਹਮਲਾਵਰ ਹੋ ਗਏ ਹਨ। ਉਨ੍ਹਾਂ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, ”ਪ੍ਰਧਾਨ ਮੰਤਰੀ ਹੁਣ ਆਪਣੇ ਪਰਛਾਵੇਂ ਤੋਂ ਵੀ ਡਰਦੇ ਹਨ।” ਜੈਰਾਮ ਰਮੇਸ਼ ਨੇ ਪਰਛਾਵੇਂ ਨਾਲ ਮੋਦੀ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ, ”ਅਸੀਂ 23 ਅਪਰੈਲ, 2024 ਨੂੰ ਚੋਣਾਂ ਸ਼ੁਰੂ ਹੋਣ ਮਗਰੋਂ ਵੀ ਆਪਣੀ ਇਸ ਮੰਗ ਨੂੰ ਦੁਹਰਾਇਆ ਅਤੇ ਪੰਜ ਦਿਨ ਪਹਿਲਾਂ ਹੀ 3 ਮਈ ਨੂੰ ਵੀ ਇਹ ਮੰਗ ਕੀਤੀ। ਰਾਹੁਲ ਗਾਂਧੀ ਨੇ 3 ਅਪਰੈਲ ਤੋਂ ਆਪਣੇ ਭਾਸ਼ਨ ਵਿੱਚ ਅਡਾਨੀ ਦਾ 103 ਵਾਰ ਅਤੇ ਅੰਬਾਨੀ ਦਾ 30 ਤੋਂ ਵੱਧ ਵਾਰ ਜ਼ਿਕਰ ਕੀਤਾ ਹੈ।” ਉਨ੍ਹਾਂ ਕਿਹਾ, ”4 ਜੂਨ ਨੂੰ ‘ਇੰਡੀਆ’ ਗੱਠਜੋੜ ਦੇ ਸੱਤਾ ਵਿੱਚ ਆਉਂਦਿਆਂ ਹੀ ਮੋਦਾਨੀ ਘੁਟਾਲੇ ਦੀ ਜਾਂਚ ਲਈ ਜੇਪੀਸੀ ਦਾ ਗਠਨ ਕੀਤਾ ਜਾਵੇਗਾ।” ਪਾਰਟੀ ਦੇ ਇੱਕ ਹੋਰ ਨੇਤਾ ਪਵਨ ਖੇੜਾ ਨੇ ਕਿਹਾ ਤਿੰਨ ਗੇੜਾਂ ਦੀਆਂ ਵੋਟਾਂ ਮਗਰੋਂ ਪ੍ਰਧਾਨ ਮੰਤਰੀ ਮੋਦੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਜ਼ਮੀਨ ਹਿੱਲ ਰਹੀ ਹੈ।