ਮੋਦੀ ਸਰਕਾਰ ਉੱਤੇ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੂੰ ਢਾਹ ਲਾਉਣ ਦਾ ਆਰੋਪ
ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਉਨ੍ਹਾਂ ਦੀ ਪਾਰਟੀ ਹਮਖਿਆਲ ਪਾਰਟੀਆਂ ਨਾਲ ਹੱਥ ਮਿਲਾਏਗੀ। ਇਕ ਹਿੰਦੀ ਅਖਬਾਰ ਵਿੱਚ ਛਪੇ ਲੇਖ ਵਿੱਚ ਸੋਨੀਆ ਗਾਂਧੀ ਨੇ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਨੀਤੀਗਤ ਢੰਗ ਨਾਲ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੂੰ ਖਤਮ ਕਰਨ ‘ਤੇ ਲੱਗੀ ਹੋਈ ਹੈ ਜੋ ਜਮਹੂਰੀਅਤ ਲਈ ਖਤਰਨਾਕ ਹੈ। ਉਨ੍ਹਾਂ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ, ਭਾਜਪਾ ਅਤੇ ਆਰਐਸਐਸ ਦੇ ਆਗੂਆਂ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਤੇ ਹਿੰਸਾ ਨੂੰ ਨਜ਼ਰਅੰਦਾਜ਼ ਕਰਦੇ ਹਨ। ਉਹ ਸ਼ਾਂਤੀ ਭੰਗ ਕਰਨ ਵਾਲਿਆਂ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕਰਦੇ।
ਸੋਨੀਆ ਗਾਂਧੀ ਨੇ ਕਿਹਾ ਕਿ ਧਾਰਮਿਕ ਤਿਉਹਾਰ ਇਕ ਦੂਜੇ ਨੂੰ ਭੰਡਣ ਦੇ ਮੌਕੇ ਬਣ ਗਏ ਜਾਪਦੇ ਹਨ ਜਦੋਂ ਕਿ ਕਦੇ ਇਨ੍ਹਾਂ ਮੌਕਿਆਂ ‘ਤੇ ਖੁਸ਼ੀਆਂ ਤੇ ਜਸ਼ਨ ਮਨਾਏ ਜਾਂਦੇ ਸਨ। ਮੌਜੂਦਾ ਸਮੇਂ ਵਿੱਚ ਧਰਮ, ਖਾਣੇ, ਜਾਤ, ਲਿੰਗ ਤੇ ਭਾਸ਼ਾ ਦੇ ਆਧਾਰ ‘ਤੇ ਵਿਤਕਰਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ‘ਤੇ ਸਿਆਸੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨਾਂ ‘ਚ ਅਹਿਮ ਮੁੱਦਿਆਂ ਵਿਸਾਰ ਦਿੰਦੇ ਹਨ ਜਾਂ ਫੇਰ ਇਨ੍ਹਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ। ਕਾਂਗਰਸ ਸੰਸਦੀ ਕਮੇਟੀ ਦੀ ਚੇਅਰਪਰਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਦੇ ਬਾਵਜੂਦ ਦੇਸ਼ ਲੋਕ ਹੁਣ ਚੁੱਪ ਨਹੀਂ ਰਹਿਣਗੇ। ਅਗਲੇ ਕੁਝ ਮਹੀਨੇ ਭਾਰਤ ਦੀ ਜਮਹੂਰੀਅਤ ਲਈ ਅਹਿਮ ਹੋਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਝ ਸੂਬਿਆਂ ਵਿੱਚ ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਵੱਲੋਂ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਲਈ ਹਰ ਹੰਭਲਾ ਮਾਰੇਗੀ ਜਿਵੇਂ ‘ਭਾਰਤ ਜੋੜੋ ਯਾਤਰਾ’ ਵਿੱਚ ਮਾਰਿਆ ਗਿਆ ਸੀ।
ਕੇਂਦਰੀ ਮੰਤਰੀਆਂ ਵੱਲੋਂ ਸੋਨੀਆ ਦਾ ਬਿਆਨ ਗੁਮਰਾਹਕੁਨ ਕਰਾਰ
ਨਵੀਂ ਦਿੱਲੀ : ਕੇਂਦਰੀ ਮੰਤਰੀਆਂ ਕਿਰਨ ਰਿਜਿਜੂ ਅਤੇ ਧਰਮਿੰਦਰ ਪ੍ਰਧਾਨ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਮਹੂਰੀਅਤ ਅਤੇ ਸੰਸਥਾਵਾਂ ਦੀ ਆਜ਼ਾਦੀ ਬਾਰੇ ਲੇਖ ਨੂੰ ਗੁਮਰਾਹਕੁਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਫਰਤ ਕਰਨ ਵਾਲਿਆਂ ਦੀ ਮਿਸਾਲ ਪੇਸ਼ ਕਰਦਾ ਹੈ। ਨਰਿੰਦਰ ਮੋਦੀ ਸਰਕਾਰ ਵੱਲੋਂ ਤਾਕਤਾਂ ਦੀ ਦੁਰਵਰਤੋਂ ਦੇ ਦੋਸ਼ਾਂ ਮਗਰੋਂ ਮੰਤਰੀਆਂ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ‘ਤੇ ਜਵਾਬੀ ਸਿਆਸੀ ਹਮਲਾ ਕੀਤਾ। ਇਕ ਹਿੰਦੀ ਅਖਬਾਰ ਵਿੱਚ ਛਪੇ ਲੇਖ ਵਿੱਚ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਉੱਤੇ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੂੰ ਨੀਤੀਗਤ ਢੰਗ ਨਾਲ ਢਾਹ ਲਾਉਣ ਦਾ ਆਰੋਪ ਲਾਇਆ ਸੀ।