Breaking News
Home / ਭਾਰਤ / ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖਿਲਾਫ ਮੁੜ ਮੋਰਚਾ ਖੋਲ੍ਹਿਆ

ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖਿਲਾਫ ਮੁੜ ਮੋਰਚਾ ਖੋਲ੍ਹਿਆ

ਭਾਜਪਾ ਸਰਕਾਰ ਦੌਰਾਨ ਹੋਏ ਭ੍ਰਿਸ਼ਟਾਚਾਰ ਖਿਲਾਫ ਵੀ ਕਾਰਵਾਈ ਮੰਗੀ
ਜੈਪੁਰ : ਕਾਂਗਰਸ ਵੱਲੋਂ ਜਾਰੀ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੂਬੇ ਵਿੱਚ ਪਿਛਲੀ ਭਾਜਪਾ ਸਰਕਾਰ ਸਮੇਂ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜੈਪੁਰ ਵਿਚ ਸ਼ਹੀਦ ਸਮਾਰਕ ‘ਤੇ ਮੰਗਲਵਾਰ ਨੂੰ ਇੱਕ ਦਿਨਾ ਭੁੱਖ ਹੜਤਾਲ ਕੀਤੀ ਅਤੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਹੜਤਾਲ ਨਾਲ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖਿਲਾਫ ਨਵੇਂ ਸਿਰੇ ਤੋਂ ਮੋਰਚਾ ਖੋਲ੍ਹ ਦਿੱਤਾ ਹੈ, ਜਿਨ੍ਹਾਂ ਨਾਲ ਉਨ੍ਹਾਂ (ਪਾਇਲਟ) ਦੇ ਦਸੰਬਰ 2018 ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਜਦੋਂ ਪਾਰਟੀ ਸੱਤਾ ਵਿੱਚ ਆਈ ਸੀ ਤਾਂ ਸਚਿਨ ਪਾਇਲਟ ਸੂਬਾ ਕਾਂਗਰਸ ਦੇ ਮੁਖੀ ਸਨ। ਭੁੱਖ ਹੜਤਾਲ ਤੋਂ ਬਾਅਦ ਪਾਇਲਟ ਨੇ ਮੀਡੀਆ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਉਮੀਦ ਪ੍ਰਗਟਾਈ ਪਿਛਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕਾਰਵਾਈ ਹੋਵੇਗੀ। ਇਸ ਤੋਂ ਪਹਿਲਾਂ ਸਚਿਨ ਪਾਇਲਟ ਨੇ ਸਮਾਜ ਸੁਧਾਰਕ ਜਯੋਤੀਰਾਓ ਫੂਲੇ ਦੀ ਤਸਵੀਰ ‘ਤੇ ਫੁੱਲ ਚੜ੍ਹਾਏ ਅਤੇ ਫਿਰ 11 ਵਜੇ ਤੋਂ 4 ਵਜੇ ਭੁੱਖ ਹੜਤਾਲ ਕੀਤੀ। ਉਹ ਇਕੱਲੇ ਹੀ ਪੰਜ ਘੰਟੇ ਧਰਨੇ ‘ਤੇ ਬੈਠੇ। ਉਨ੍ਹਾਂ ਦੇ ਸਮਰਥਕ ਪਿੱਛੇ ਜਾਂ ਸਟੇਜ ਤੋਂ ਹੇਠਾਂ ਬੈਠੇ ਹੋਏ ਸਨ। ਪ੍ਰਦਰਸ਼ਨ ਵਾਲੀ ਜਗ੍ਹਾ ਉੱਤੇ ‘ਵਸੁੰਧਰਾ ਸਰਕਾਰ ‘ਚ ਹੋਏ ਭ੍ਰਿਸ਼ਟਾਚਾਰ ਵਿਰੁੱਧ ਭੁੱਖ ਹੜਤਾਲ’ ਦੇ ਨਾਅਰੇ ਵਾਲਾ ਬੈਨਰ ਟੰਗਿਆ ਹੋਇਆ ਸੀ। ਸੱਤਾਧਾਰੀ ਪਾਰਟੀ ਦਾ ਕੋਈ ਵੀ ਮੌਜੂਦਾ ਵਿਧਾਇਕ ਭੁੱਖ ਹੜਤਾਲ ਵਾਲੀ ਜਗ੍ਹਾ ‘ਤੇ ਮੌਜੂਦ ਨਹੀਂ ਸੀ ਪਰ ਕਈ ਹੋਰ ਨੇਤਾ ਅਤੇ ਪਾਇਲਟ ਦੇ ਸਮਰਥਕ ਉੱਥੇ ਹਾਜ਼ਰ ਸਨ।
ਪਾਇਲਟ ਵੱਲੋਂ ਲਾਏ ਆਰੋਪ ਮਨਘੜਤ: ਰਾਠੌੜ
ਜੈਪੁਰ : ਭਾਜਪਾ ਦੇ ਕੌਮੀ ਬੁਲਾਰੇ ਰਾਜਵਰਧਨ ਸਿੰਘ ਰਾਠੌਰ ਨੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੱਲੋਂ ਪਿਛਲੀ ਭਾਜਪਾ ਸਰਕਾਰ ‘ਚ ਕਥਿਤ ਭ੍ਰਿਸ਼ਟਾਚਾਰ ਦੇ ਆਰੋਪਾਂ ਨੂੰ ‘ਮਨਘੜਤ’ ਕਰਾਰ ਦਿੱਤਾ ਹੈ।
ਰਾਜਸਥਾਨ ਨੂੰ 2030 ਤੱਕ ਮੋਹਰੀ ਸੂਬਾ ਬਣਾਉਣ ਦਾ ਟੀਚਾ: ਗਹਿਲੋਤ
ਜੈਪੁਰ : ਕਾਂਗਰਸੀ ਨੇਤਾ ਸਚਿਨ ਪਾਇਲਟ ਵੱਲੋਂ ਦਿੱਤੇ ਧਰਨੇ ਦੌਰਾਨ ਹੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜਸਥਾਨ ਨੂੰ 2030 ਤੱਕ ਮੋਹਰੀ ਸੂਬਾ ਬਣਾਉਣ ਸਬੰਧੀ ਆਪਣੇ ਨਜ਼ਰੀਏ ਬਾਰੇ ਵੀਡੀਓ ਜਾਰੀ ਕੀਤੀ ਹੈ। ਵੀਡੀਓ ਵਿੱਚ ਮੁੱਖ ਮੰਤਰੀ ਨੇ ਹਿੰਦੀ ਵਿੱਚ ਕਿਹਾ, ”ਮੈਂ ਰਾਜਸਥਾਨ ਨੂੰ 2030 ਤੱਕ ਮੋਹਰੀ ਸੂਬਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਪਿਛਲੇ ਚਾਰ ਬਜਟਾਂ ਵਿੱਚ ਕਈ ਸਕੀਮਾਂ ਲਿਆਂਦੀਆਂ ਅਤੇ ਇਸ ਸਾਲ ਬਜਟ ਵਿੱਚ ‘ਬੱਚਤ, ਰਾਹਤ ਤੇ ਬੜ੍ਹਤ’ ਜਿਹੀਆਂ ਸਕੀਮਾਂ ਲਿਆਂਦੀਆਂ ਹਨ, ਜਿਹੜੀਆਂ ਕਿਸੇ ਹੋਰ ਸੂਬੇ ਕੋਲ ਨਹੀਂ ਹਨ।” ਵੀਡੀਓ ਵਿੱਚ ਗਹਿਲੋਤ ਨੇ ਆਪਣੀ ਸਰਕਾਰ ਵੱਲੋਂ ਲਿਆਂਦੀਆਂ ਚਿਰੰਜੀਵੀ ਸਿਹਤ ਬੀਮਾ ਯੋਜਨਾ, ਰਸੋਈ ਗੈਸ ਸਿਲੰਡਰਾਂ ‘ਤੇ ਸਬਸਿਡੀ, ਐਕਸੀਡੈਂਟ ‘ਤੇ 10 ਲੱਖ ਦਾ ਬੀਮਾ ਤੇ ਹੋਰ ਯੋਜਨਾਵਾਂ ਬਾਰੇ ਵੀ ਜ਼ਿਕਰ ਕੀਤਾ। ਮੁੱਖ ਮੰਤਰੀ ਨੇ ਆਖਿਆ ਕਿ ਵਧ ਰਹੀ ਮਹਿੰਗਾਈ ਕਾਰਨ ਰਾਜਸਥਾਨ ਦਾ ਵਿਕਾਸ ‘ਚ ਰੁਕਾਵਟਾਂ ਪੈ ਰਹੀਆਂ ਹਨ ਅਤੇ ਸੂਬਾ ਸਰਕਾਰ ਦੀਆਂ ਸਕੀਮਾਂ ਦਾ ਉਦੇਸ਼ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ।”

 

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …