18.3 C
Toronto
Friday, October 16, 2026
spot_img
HomeਕੈਨੇਡਾFrontਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਸ਼ਹੀਦ ਹੋ ਗਿਆ ਪਰਵਿੰਦਰ ਸਿੰਘ ਝੋਟਾ

ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਸ਼ਹੀਦ ਹੋ ਗਿਆ ਪਰਵਿੰਦਰ ਸਿੰਘ ਝੋਟਾ

ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਸ਼ਹੀਦ ਹੋ ਗਿਆ ਪਰਵਿੰਦਰ ਸਿੰਘ ਝੋਟਾ
ਝੋਟੇ ਦੀ ਹੱਤਿਆ ਦੇ ਖ਼ਿਲਾਫ਼ ਇੱਕਜੁਟਤਾ ਜ਼ਾਹਿਰ ਕਰਨ ਲਈ ਪੰਜਾਬ ਬੰਦ ਸਫ਼ਲ ਰਿਹਾ
ਝੋਟੇ ਦੇ ਬਲੀਦਾਨ ਨੂੰ ਅਜਾਈਂ ਨਹੀਂ ਜਾਣ ਦੇਣਗੇ ਪੰਜਾਬ ਦੇ ਲੋਕ- ਭੀਮ ਸਿੰਘ

ਅਮਰਜੀਤ ਸਿੰਘ
ਚੰਡੀਗੜ੍ਹ, 15 ਅਕਤੂਬਰ, 2026।
ਖ਼ਬਰ ਦਾ ਵਿਸ਼ਲੇਸ਼ਣ
ਦ੍ਰਿਸ਼ ਨੰਬਰ ਇਕ : 13 ਤਰੀਕ ਦਿਨ ਮੰਗਲਵਾਰ। ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਜਿਹਾਦ ਛੇੜੀ ਬੈਠੇ ਪਰਵਿੰਦਰ ਸਿੰਘ ਝੋਟਾ ਨੂੰ ਪਤਾ ਲਗਦਾ ਹੈ ਕਿ ਬਠਿੰਡਾ ਫਾਟਕ ਦੇ ਨੇੜੇ ਅਸ਼ਵਿਨੀ ਮੈਡੀਕਲ ਸਟੋਰ ਤੋਂ ਇੱਕ ਬਜ਼ੁਰਗ ਨੇ ਨਸ਼ੇ ਦੇ ਕੈਪਸੂਲ ਖਰੀਦੇ ਹਨ। ਉਹ ਮੌਕੇ ਤੇ ਪੁੱਜ ਕੇ ਬਜ਼ੁਰਗ ਤੋਂ ਕੈਪਸੂਲ ਲੈਕੇ ਮੈਡੀਕਲ ਸਟੋਰ ਮਾਲਿਕ ਨਾਲ ਬਹਿਸ ਕਰਦੇ ਹਨ ਕਿ ਉਹ ਅਜਿਹੀਆਂ ਨਸ਼ੀਲੀਆਂ ਵਸਤੂਆਂ ਕਿਉਂ ਵੇਚ ਰਿਹਾ ਹੈ। ਗੱਲ ਵੱਧ ਜਾਂਦੀ ਹੈ ਤੇ ਸਟੋਰ ਮਾਲਿਕ ਪਿਸਤੌਲ ਕੱਢ ਕੇ ਝੋਟੇ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸੂਲਾਂ ਦਾ ਪੱਕਾ ਝੋਟਾ ਟਸ ਤੋਂ ਮਸ ਨਹੀਂ ਹੁੰਦਾ। ਮੈਡੀਕਲ ਸਟੋਰ ਮਾਲਿਕ ਝੋਟੇ ਨੂੰ ਗੋਲੀ ਮਾਰ ਦਿੰਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ। ਲੋਕ ਇੱਕਠੇ ਹੋਕੇ ਸਰਕਾਰ ਅਤੇ ਨਸ਼ੇਬਾਜ਼ੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹਨ।
ਦ੍ਰਿਸ਼ ਨੰਬਰ ਦੋ : ਤਰੀਕ 14 ਦਿਨ ਬੁਧਵਾਰ। ਤਰਨਤਾਰਨ ਨੇੜੇ ਪੰਜਾਬ ਪੁਲਿਸ ਦਾ ਇੱਕ ਜਵਾਨ ਕਰੀਬ 15 ਕਿਲੋ ਹੈਰੋਇਨ ਸਮੇਤ ਫੜ ਲਿਆ ਜਾਂਦਾ ਹੈ, ਬਾਜ਼ਾਰ ਵਿੱਚ ਇਸਦੀ ਕੀਮਤ ਕਰੀਬ 100 ਕਰੋੜ ਰੁਪਏ ਦੱਸੀ ਜਾਂਦੀ ਹੈ। ਫੜਿਆ ਗਿਆ ਸਿਪਾਹੀ ਕਰਨਦੀਪ ਸਿੰਘ ਪੰਜਾਬ ਪੁਲਿਸ ਦੇ ਉਸ ਦਸਤੇ ਵਿੱਚ ਸ਼ਾਮਿਲ ਹੈ ਜਿਸਨੂੰ ਐਂਟੀ ਡਰੋਨ ਸਿਸਟਮ ਟੀਮ ਕਿਹਾ ਜਾਂਦਾ ਹੈ। ਇਸਦਾ ਕੰਮ ਹੁੰਦਾ ਹੈ ਭਾਰਤ ਪਾਕ ਸਰਹੱਦ ਤੇ ਨਸ਼ਾ, ਹਥਿਆਰ ਅਤੇ ਵਿਸਫੋਟਕ ਸਮਗਰੀ ਦੀ ਸਮਗਲਿੰਗ ਨੂੰ ਰੋਕਣਾ। ਇਸ ਕੰਮ ਲਈ ਸਰਕਾਰ ਨੇ ਉਸਨੂੰ ਹਥਿਆਰ ਵੀ ਦਿੱਤੇ ਹੋਏ ਹਨ। ਬੀਐਸਐਫ ਨੇ ਪੰਜਾਬ ਪੁਲਿਸ ਦੇ ਸਿਪਾਹੀ ਨੂੰ ਫੜ ਕੇ ਨਾਰਕੋਟਿਕਸ ਡਰੱਗ ਬਿਊਰੋ ਨੂੰ ਸੌਂਪ ਦਿੱਤਾ ਹੈ।
ਜੇਕਰ ਉਪਰਲੀਆਂ ਦੋਵਾਂ ਘਟਨਾਵਾਂ ਨੂੰ ਸਾਹਮਣੇ ਰੱਖ ਦੇ ਵੇਖਿਆ ਜਾਵੇ ਤਾਂ ਭਗਵੰਤ ਮਾਨ ਤੇ ਕੇਂਦਰ ਸਰਕਾਰ ਦੀ ਕਥਨੀ ਤੇ ਕਰਨੀ ਵਿੱਚ ਫਰਕ ਸਾਫ਼ ਨਜ਼ਰ ਆਉਂਦਾ ਹੈ। ਇੱਕ ਪਾਸੇ ਸੂਬਾ ਸਰਕਾਰ ਦਾ ਉਹ ਸਿਪਾਹੀ ਜਿਸ ਦਾ ਕੰਮ ਹੈ ਨਸ਼ੇ ਦੀ ਸਮਗਲਿੰਗ ਨੂੰ ਰੋਕਣਾ, ਉਹ ਖੁਦ ਹੀ ਸਮਗਲਿੰਗ ਕਰ ਰਿਹਾ ਹੈ। ਸਵਾਲ ਜਿੱਥੇ ਪੰਜਾਬ ਸਰਕਾਰ ਦੀ ਪੁਲਿਸ ਤੇ ਉੱਠਦਾ ਹੈ ਉੱਥੇ ਹੀ ਕੇਂਦਰ ਸਰਕਾਰ ਦੀ ਬੀਐਸਐਫ ਵੀ ਇਸਦੇ ਲਈ ਐਨੀ ਹੀ ਜਿੰਮੇਵਾਰ ਹੈ। ਜੇਕਰ ਨਸ਼ਾ ਸਰਹੱਦ ਪਾਰ ਨਾ ਕਰਦਾ ਤਾਂ ਪੰਜਾਬ ਕਿਵੇਂ ਪੁੱਜਦਾ।
ਦੂਜੇ ਪਾਸੇ ਪਰਵਿੰਦਰ ਸਿੰਘ ਝੋਟਾ ਵਰਗਾ ਇੱਕ ਨੌਜਵਾਨ ਜਵਾਨ ਹੈ ਜਿਸਦੇ ਸਿਰ ਤੇ ਜੁਨੂਨ ਚੜ੍ਹਿਆ ਹੋਇਆ ਸੀ ਕਿ ਸੂਬੇ ਚੋਂ ਨਸ਼ਾ ਖ਼ਤਮ ਕਰਨਾ ਹੈ ਤੇ ਪੰਜਾਬ ਦੀ ਜਵਾਨੀ ਬਚਾਉਣੀ ਹੈ। ਉਸਦੇ ਕੋਲ ਕੋਈ ਹਥਿਆਰ ਨਹੀਂ, ਸਿਰਫ਼ ਹੌਸਲਾ ਸੀ ਜਿਸਦੇ ਸਹਾਰੇ ਉਹ ਪੰਜਾਬ ਨੂੰ ਨਸ਼ਾਮੁਕਤ ਕਰਨ ਨਿਕਲਿਆ ਸੀ। ਗ਼ੌਰ ਕਰੋ ਸਰਕਾਰ ਦੀਆਂ ਪੰਜਾਬ ਨੂੰ ਨਸ਼ਾਮੁਕਤ ਕਰਵਾਉਣ ਦੀਆਂ ਸਕੀਮਾਂ ਤੇ, ਕਿੰਨਾ ਪ੍ਰਪੰਚ ਕਰਕੇ, ਕਿੰਨੇ ਇਸ਼ਤਿਹਾਰ ਦੇਕੇ ਤੇ ਕਿੰਨਾ ਪੈਸਾ ਖਰਚ ਕਰਨ ਦੇ ਬਾਵਜੂਦ ਉਹ ਅਜਿਹਾ ਕੁੱਝ ਨਾ ਕਰ ਸਕੀ ਜੋ ਝੋਟੇ ਨੇ ਸਿਰਫ਼ ਆਪਣੀ ਮਾਨਸਿਕ ਤਾਕਤ ਨਾਲ ਕਰ ਵਿਖਾਇਆ। ਯੁੱਧ ਨਸ਼ਿਆਂ ਵਿਰੁੱਧ ਤਾਂ ਅਸਲ ‘ਚ ਝੋਟੇ ਵਰਗੇ ਲੋਕ ਹੀ ਚਲਾ ਰਹੇ, ਨੇ ਸਰਕਾਰ ਤਾਂ ਇਸ਼ਤਿਹਾਰਾਂ ਜਰੀਏ ਹੀ ਚੱਲ ਰਹੀ ਹੈ।
ਅੱਜ 15 ਅਕਤੂਬਰ ਸਨ 2026 ਹੈ, ਦੁਪਹਿਰ ਹੋ ਚੁਕੀ ਹੈ, ਮੁੱਖ ਸੜਕਾਂ ਤੇ ਦੌੜਨ ਵਾਲਿਆਂ ਗੱਡੀਆਂ ਜਿੱਥੇ ਕਿਤੇ ਸ਼ਾਂਤ ਖੜੀਆਂ ਹਨ, ਸਕੂਲ ਕਾਲਜ ਬੰਦ ਹਨ, ਪਿੰਡਾਂ ਵਿੱਚ ਵੀ ਆਵਾਜਾਈ ਠੱਪ ਪਈ ਹੈ, ਸ਼ਹਿਰਾਂ ਦੇ ਬਾਜ਼ਾਰ ਭਾਂ ਭਾਂ ਕਰ ਰਹੇ ਹਨ, ਸੜਕਾਂ ਤੇ ਟਾਂਵਾਂ ਤਾਵਾਂ ਬੰਦਾ ਹੀ ਨਜਰ ਆ ਰਿਹਾ ਹੈ, ਹਾਂ ਇੱਕ ਗਤੀਵਿਧੀ ਜੋ ਸਾਂਝੇ ਰੂਪ ਵਿੱਚ ਜਾਰੀ ਹੈ ਉਹ ਹੈ ਸ਼ਹੀਦ ਪਰਵਿੰਦਰ ਸਿੰਘ ਨੂੰ ਸ਼ਰਧਾਂਜਲੀਆਂ ਦੇਣ ਦਾ ਸਿਲਸਿਲਾ। ਦਰਅਸਲ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ, ਜਿਸ ਦੀ ਹੱਤਿਆ ਕਰ ਦਿੱਤੀ ਗਈ ਸੀ, ਦੇ ਪਰਿਵਾਰ ਵੱਲੋਂ ਦਿੱਤੇ ਸੱਦੇ ‘ਤੇ ਅੱਜ ਸਵੇਰੇ 6 ਵਜੇ ਪੰਜਾਬ ਬੰਦ ਸ਼ੁਰੂ ਹੋ ਗਿਆ ਸੀ ਜੋ ਇਸ ਵੇਲੇ ਤੱਕ ਸਾਰੇ ਹੀ ਪੰਜਾਬ ਵਿੱਚ ਜਾਰੀ ਹੈ।
ਪਿੰਡ ਦੇ ਲੋਕ ਤੇ ਉਸਦੇ ਕਰੀਬੀ ਕਹਿੰਦੇ ਹਨ ਕਿ ਆਖਿਰ ਉਸਨੂੰ ਸ਼ਹੀਦ ਕਿਉਂ ਨਾ ਕਿਹਾ ਜਾਵੇ, ਜਿਸ ਸ਼ਖਸ ਨੇ ਸਮਾਜ ਦੀ ਭਲਾਈ ਲਈ ਆਪਣੀ ਜਾਨ ਤਕ ਕੁਰਬਾਨ ਕਰ ਦਿੱਤੀ ਉਹ ਸ਼ਹੀਦ ਨਹੀਂ ਤਾਂ ਫੇਰ ਕੀ ਹੈ। ਇਸ ਦੌਰਾਨ ਕਿਸਾਨਾਂ ਨੇ ਸੂਬੇ ਭਰ ਵਿੱਚ ਕਈ ਥਾਵਾਂ ‘ਤੇ ਸੜਕਾਂ ਜਾਮ ਕਰ ਦਿੱਤੀਆਂ ਹਨ। ਪ੍ਰਦਰਸ਼ਨਕਾਰੀ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਲੰਘਣ ਦੇ ਰਹੇ ਹਨ। ਇੱਕ ਪਾਸੇ ਭਾਰੀ ਮੀਂਹ ਪੈ ਰਿਹਾ ਸੀ, ਗੜ੍ਹੇਮਾਰੀ ਵੀ ਹੋਈ, ਤੇ ਦੂਜੇ ਪਾਸੇ ਪਰਵਿੰਦਰ ਸਿੰਘ ਝੋਟੇ ਦੇ ਪਿਤਾ, ਸਾਬਕਾ ਫੌਜੀ ਭੀਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੰਦ ਨੂੰ ਸਫਲ ਬਣਾਉਣ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ, ਸਿਆਸੀ ਪਾਰਟੀਆਂ ਅਤੇ ਵਪਾਰੀ ਸੰਗਠਨਾਂ ਨੇ ਇਸ ਬੰਦ ਦੇ ਸੱਦੇ ਦਾ ਸਮਰਥਨ ਕੀਤਾ। ਕਈ ਨਿੱਜੀ ਵਿਦਿਅਕ ਅਦਾਰਿਆਂ ਨੇ ਅੱਜ ਦੇ ਦਿਨ ਛੁੱਟੀ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਝੋਟੇ ਦੀ ਲਾਸ਼ ਹਜੇ ਵੀ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪਈ ਹੈ ਤੇ ਉਸਦਾ ਪੋਸਟਮਾਰਟਮ ਵੀ ਨਹੀਂ ਹੋਇਆ ਹੈ। ਕਾਰਨ ਇਹ ਕਿ ਝੋਟੇ ਦੇ ਪਰਿਵਾਰ ਨੇ ਅਜੇ ਤੱਕ ਸਸਕਾਰ ਲਈ ਸਹਿਮਤੀ ਨਹੀਂ ਦਿੱਤੀ ਹੈ। ਝੋਟਾ ਕਤਲ ਕਾਂਡ ਮਾਮਲੇ ਵਿੱਚ ਇਨਸਾਫ਼ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੰਦ ਦੌਰਾਨ ਸ਼ਾਂਤੀ ਬਣਾਈ ਰੱਖਣ। ਕਮੇਟੀ ਨੇ ਪ੍ਰਸ਼ਾਸਨ ਨੂੰ ਵੀ ਕਿਹਾ ਹੈ ਕਿ ਜੋ ਵੀ ਵਿਅਕਤੀ ਕਾਨੂੰਨ ਆਪਣੇ ਹੱਥ ਵਿੱਚ ਲੈਂਦਾ ਹੈ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।
ਕੀ ਚਾਹੁੰਦੇ ਹਨ ਪਰਿਵਾਰ ਅਤੇ ਐਕਸ਼ਨ ਕਮੇਟੀ ਵਾਲੇ : ਝੋਟੇ ਦੇ ਸਸਕਾਰ ਤੋਂ ਪਹਿਲਾਂ ਪਰਵਾਰ ਦੇ ਮੈਂਬਰ ਅਤੇ ਕਮੇਟੀ ਮੁੱਖ ਮੰਤਰੀ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਾ ਅਸਤੀਫ਼ਾ, ਕਤਲ ਦੀ ਸੀਬੀਆਈ ਜਾਂਚ, ਅਤੇ ਜ਼ਿਲ੍ਹਾ ਡਰੱਗ ਇੰਸਪੈਕਟਰ, ਐਸਐਸਪੀ, ਡੀਐਸਪੀ ਅਤੇ ਸਬੰਧਤ ਐਸਐਚਓ ਦੀ ਬਰਖਾਸਤਗੀ ਦੀ ਮੰਗ ਤੇ ਅੜੇ ਹੋਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਮੰਗ ਕੀਤੀ ਹੈ ਕਿ ਪੋਸਟਮਾਰਟਮ ਚੰਡੀਗੜ੍ਹ ਦੇ ਪੀਜੀਆਈ ਦੇ ਡਾਕਟਰਾਂ ਦੇ ਪੈਨਲ ਦੁਆਰਾ ਕੀਤਾ ਜਾਵੇ।

 

RELATED ARTICLES
POPULAR POSTS