9.1 C
Toronto
Thursday, October 15, 2026
spot_img
HomeਕੈਨੇਡਾFrontਕਾਂਗਰਸ ਪਾਰਟੀ ਬਿਨਾ ਸੀਐਮ ਚਿਹਰੇ ਤੋਂ ਲੜੇਗੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ

ਕਾਂਗਰਸ ਪਾਰਟੀ ਬਿਨਾ ਸੀਐਮ ਚਿਹਰੇ ਤੋਂ ਲੜੇਗੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ

ਕਾਂਗਰਸ ਪਾਰਟੀ ਬਿਨਾ ਸੀਐਮ ਚਿਹਰੇ ਤੋਂ ਲੜੇਗੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ
ਸਚਿਨ ਪਾਇਲਟ ਦਾ ਦਾਅਵਾ – ਪੰਜਾਬ ’ਚ ਬਣੇਗੀ ਕਾਂਗਰਸ ਪਾਰਟੀ ਦੀ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਸੌ ਫੀਸਦੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਹੈ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਕਪਤਾਨ ਪਰਗਟ ਸਿੰਘ ਦੀ ਅਗਵਾਈ ਵਿਚ ਕਾਂਗਰਸ ਕੋਲ ਇਕ ਮਜ਼ਬੂਤ ਟੀਮ ਹੈ। ਪਿਛਲੇ ਮਹੀਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਣ ਵਾਲੇ ਸਚਿਨ ਪਾਇਲਟ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿਚ ਪਾਰਟੀ ਦਾ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੋਵੇਗਾ ਅਤੇ ਸਾਰੇ ਆਗੂ ਇਕ ਟੀਮ ਵਜੋਂ ਇਕੱਠੇ ਮਿਲ ਕੇ ਸਿਆਸੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਪਾਰਟੀ ਵਰਕਰਾਂ, ਆਗੂਆਂ ਅਤੇ ਵਿਧਾਇਕਾਂ ਦੀ ਸਲਾਹ ਨਾਲ ਮੁੱਖ ਮੰਤਰੀ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ। ਸਚਿਨ ਪਾਇਲਟ ਨੇ ਪਰਗਟ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਂਗਰਸ ਕੋਲ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਵਰਗੇ ਤਜਰਬੇਕਾਰ ਆਗੂ ਹਨ, ਜਿਸ ਨਾਲ ਉਨ੍ਹਾਂ ਦੀ ਟੀਮ ਕਾਫੀ ਮਜ਼ਬੂਤ ਹੈ। ਪਾਇਲਟ ਨੇ ਇਹ ਵੀ ਕਿਹਾ ਕਿ ਪੰਜਾਬ ਚੋਣਾਂ ’ਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਹੀ ਹੋਵੇਗਾ। ਇਹ ਵੀ ਦੱਸਣਯੋਗ ਹੈ ਕਿ ਸਚਿਨ ਪਾਇਲਟ ਭਲਕੇ 16 ਅਕਤੂਬਰ ਤੋਂ 20 ਅਕਤੂਬਰ ਤੱਕ ਪੰਜਾਬ ਦੇ ਦੌਰੇ ’ਤੇ ਰਹਿਣਗੇ।

ਰਾਜਾ ਵੜਿੰਗ ਨੂੰ ਸਚਿਨ ਪਾਇਲਟ ਨੇ ਦੱਸਿਆ ਮਿਹਨਤੀ ਆਗੂ
ਕਿਹਾ : ਸਮੇਂ-ਸਮੇਂ ’ਤੇ ਪਾਰਟੀ ਸੰਗਠਨ ’ਚ ਬਦਲਾਅ ਹੁੰਦੇ ਹਨ ਜ਼ਰੂਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਹਟਾਏ ਗਏ ਰਾਜਾ ਵੜਿੰਗ ਨੂੰ ‘ਜੁਝਾਰੂ’ ਆਗੂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਣਗੇ। ਸਚਿਨ ਪਾਇਲਟ ਨੇ ਵੜਿੰਗ ਨੂੰ ਬਹੁਤ ਹੀ ਊਰਜਾਵਾਨ ਅਤੇ ਮਿਹਨਤੀ ਨੌਜਵਾਨ ਆਗੂ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਚੁਣੌਤੀਪੂਰਨ ਸਮੇਂ ਵਿਚ ਪੰਜਾਬ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਪਾਇਲਟ ਦੇ ਸੂਬਾ ਇੰਚਾਰਜ ਦੀ ਜ਼ਿੰਮੇਵਾਰੀ ਦੇ ਕੁਝ ਦਿਨ ਬਾਅਦ ਹੀ ਵੜਿੰਗ ਦੀ ਜਗ੍ਹਾ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਇਸ ਬਾਰੇ ਪਾਇਲਟ ਦਾ ਕਹਿਣਾ ਹੈ ਕਿ ਵੜਿੰਗ ਨੇ ਸੰਗਠਨ ਲਈ ਸਖਤ ਮਿਹਨਤ ਕੀਤੀ ਹੈ, ਪਰ ਸਮੇਂ-ਸਮੇਂ ’ਤੇ ਸੰਗਠਨ ਵਿਚ ਬਦਲਾਅ ਜ਼ਰੂਰੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕਾਂਗਰਸ ਪਾਰਟੀ ਕੋਲ ਪੰਜਾਬ ਵਿਚ ਸਿਰਫ 15-16 ਵਿਧਾਇਕ ਸਨ, ਉਸ ਚੁਣੌਤੀਪੂਰਨ ਸਮੇਂ ਵਿਚ ਵੀ ਵੜਿੰਗ ਨੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਮੱਦਦ ਕੀਤੀ ਹੈ। ਜ਼ਿਕਰਯੋਗ ਹੈ ਕਿ ਪਾਰਟੀ ਹਾਈਕਮਾਨ ਦੇ ਫੈਸਲੇ ਤੋਂ ਬਾਅਦ ਵੜਿੰਗ ਨੇ ਲੰਘੀ 2 ਅਕਤੂਬਰ ਨੂੰ ਪ੍ਰਧਾਨਗੀ ਦਾ ਅਹੁਦਾ ਛੱਡ ਦਿੱਤਾ ਸੀ, ਹਾਲਾਂਕਿ ਉਸ ਸਮੇਂ ਰਾਜਾ ਵੜਿੰਗ ਨੇ ਅਸਿੱਧੇ ਤੌਰ ’ਤੇ ਪਾਇਲਟ ਨੂੰ ਇਸਦਾ ਜ਼ਿੰਮੇਵਾਰ ਠਹਿਰਾਇਆ ਸੀ।

RELATED ARTICLES
POPULAR POSTS

Happy Diwali