ਕਿਹਾ, ‘ਆਪ’ ਲੀਡਰਸ਼ਿਪ ਵਲੋਂ ਕੀਤਾ ਜਾ ਰਿਹਾ ਹੈ ਪਾਗਲਪਣ ਦਾ ਪ੍ਰਦਰਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਤੋਂ ਲੈ ਕੇ ਇਸ ਦੇ ਹੇਠਲੇ ਪੱਧਰ ਦੇ ਕੇਡਰ ਵੱਲੋਂ ਅਤਿ ਪਾਗਲਪਣ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਬੇਵਕੂਫੀਆਂ ਭਰੀਆਂ ਹਰਕਤਾਂ ਵਿਧਾਨ ਸਭਾ ਚੋਣਾਂ ਵਿਚ ਦਿਸ ਰਹੀ ਹਾਰ ਕਾਰਨ ਕਰ ਰਹੀ ਹੈ।
ਕੈਪਟਨ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਦੇ ਹਰ ਛੋਟੇ-ਵੱਡੇ ਆਗੂ ਵੱਲੋਂ ਇੱਕ ਤੋਂ ਬਾਅਦ ਇੱਕ ਹੇਠਲੇ ਪੱਧਰ ਦੀਆਂ ਸ਼ਿਕਾਇਤਾਂ ਨਾਲ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਜਾ ਰਹੀ ਹੈ। ‘ਆਪ’ ਚੋਣ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਆਪਣਾ ਚਿਹਰਾ ਬਚਾਉਣ ਲਈ ਜ਼ਮੀਨ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ‘ਆਪ’ ਵੱਲੋਂ ਪਟਿਆਲਾ ਵਿਚ ਕੁਝ ਪੁਰਾਣੇ ਈ.ਵੀ.ਐਮਜ਼ ਨੂੰ ਹਟਾਉਣ ਤੋਂ ਬਾਅਦ ਪਾਏ ਰੌਲੇ-ਰੱਪੇ ਨੂੰ ਕੇਜਰੀਵਾਲ ਦੀ ਪਾਰਟੀ ਦੀ ਨੋਟੰਕੀ ਦਾ ਹਿੱਸਾ ਦੱਸਿਆ ਹੈ। ਕੈਪਟਨ ਨੇ ਕਿਹਾ ਕਿ ‘ਆਪ’ 11 ਮਾਰਚ ਨੂੰ ਨਤੀਜਿਆਂ ਦੇ ਐਲਾਨ ਮੌਕੇ ਈ.ਵੀ.ਐਮਜ਼ ਦੀ ਸੱਚਾਈ ਤੇ ਨਤੀਜਿਆਂ ਉਪਰ ਸ਼ੱਕ ਜਾਹਿਰ ਕਰਨ ਲਈ ਅਧਾਰ ਬਣ ਰਹੀ ਹੈ।

