ਐੱਨਸੀਪੀ, ਟੀਐੱਮਸੀ ਤੇ ਸੀਪੀਆਈ ਦੀ ਕੌਮੀ ਪਾਰਟੀਆਂ ਵਜੋਂ ਮਾਨਤਾ ਰੱਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ (ਆਪ) ਨੂੰ ਕੌਮੀ ਪਾਰਟੀ ਦਾ ਦਰਜਾ ਦੇ ਦਿੱਤਾ ਹੈ, ਜਦੋਂਕਿ ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ), ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਕੌਮੀ ਪਾਰਟੀਆਂ ਵਜੋਂ ਮਾਨਤਾ ਰੱਦ ਕਰ ਦਿੱਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਆਦੇਸ਼ ਵਿੱਚ ਉੱਤਰ ਪ੍ਰਦੇਸ਼ ਵਿੱਚ ਆਰਐੱਲਡੀ, ਆਂਧਰਾ ਪ੍ਰਦੇਸ਼ ਵਿੱਚ ਬੀਆਰਐੱਸ, ਮਨੀਪੁਰ ਵਿੱਚ ਪੀਡੀਏ, ਪੁਡੂਚੇਰੀ ਵਿੱਚ ਪੀਐੱਮਕੇ, ਪੱਛਮੀ ਬੰਗਾਲ ਵਿੱਚ ਆਰਐੱਸਪੀ ਅਤੇ ਮਿਜ਼ੋਰਮ ਵਿੱਚ ਐੱਮਪੀਸੀ ਦੀ ਵੀ ਸੂਬਾਈ ਪਾਰਟੀਆਂ ਵਜੋਂ ਮਾਨਤਾ ਰੱਦ ਕੀਤੀ ਗਈ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ‘ਆਪ’ ਨੂੰ ਚਾਰ ਸੂਬਿਆਂ ਦਿੱਲੀ, ਗੋਆ, ਪੰਜਾਬ ਅਤੇ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਕੌਮੀ ਪਾਰਟੀ ਦਾ ਦਰਜਾ ਦਿੱਤਾ ਗਿਆ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦਿੱਲੀ ਅਤੇ ਪੰਜਾਬ ਵਿੱਚ ਇਸ ਸਮੇਂ ਸੱਤਾ ਵਿੱਚ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ਐੱਨਸੀਪੀ, ਸੀਪੀਆਈ ਅਤੇ ਤ੍ਰਿਣਮੂਲ ਕਾਂਗਰਸ ਦਾ ਕੌਮੀ ਸਿਆਸੀ ਪਾਰਟੀਆਂ ਵਜੋਂ ਦਰਜਾ ਵਾਪਸ ਲੈ ਲਿਆ ਗਿਆ ਹੈ। ਚੋਣ ਪੈਨਲ ਨੇ ਕਿਹਾ ਕਿ ਐੱਨਸੀਪੀ ਤੇ ਟੀਐੱਮਸੀ ਨੂੰ ਕ੍ਰਮਵਾਰ ਨਾਗਾਲੈਂਡ ਅਤੇ ਮੇਘਾਲਿਆ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਕੀਤੇ ਪ੍ਰਦਰਸ਼ਨ ਦੇ ਆਧਾਰ ‘ਤੇ ਸੂਬਾਈ ਪਾਰਟੀਆਂ ਵਜੋਂ ਮਾਨਤਾ ਦਿੱਤੀ ਜਾਵੇਗੀ। ਚੋਣ ਕਮਿਸ਼ਨ ਨੇ ਨਾਗਾਲੈਂਡ ਵਿੱਚ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ), ਮੇਘਾਲਿਆ ਵਿੱਚ ਵੁਆਇਸ ਆਫ ਦਿ ਪੀਪਲ ਪਾਰਟੀ ਅਤੇ ਤ੍ਰਿਪੁਰਾ ਵਿੱਚ ਤਿਪਰਾ ਮੋਥਾ ਨੂੰ ‘ਸੂਬਾਈ ਸਿਆਸੀ ਪਾਰਟੀ’ ਦਾ ਦਰਜਾ ਦਿੱਤਾ ਹੈ।
ਥੋੜ੍ਹੇ ਸਮੇਂ ਵਿੱਚ ਇਹ ਪ੍ਰਾਪਤੀ ਕਿਸੇ ਚਮਤਕਾਰ ਤੋਂ ਘੱਟ ਨਹੀਂ: ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ : ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦਿੱਤੇ ਜਾਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਏਨੇ ਥੋੜ੍ਹੇ ਸਮੇਂ ਵਿੱਚ ਇਹ ਪ੍ਰਾਪਤੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਕੇਜਰੀਵਾਲ ਨੇ ਇਸ ਪ੍ਰਾਪਤੀ ਦਾ ਸਿਹਰਾ ਲੋਕਾਂ ਸਿਰ ਬੱਝਿਆ ਹੈ ਅਤੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰਨ ਦੀ ਸਮਰੱਥਾ ਬਖ਼ਸ਼ਣ ਲਈ ਭਗਵਾਨ ਤੋਂ ਅਸ਼ੀਰਵਾਦ ਵੀ ਮੰਗਿਆ ਹੈ। ‘ਆਪ’ ਸੁਪਰੀਮੋ ਨੇ ਟਵੀਟ ਕਰ ਕੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ ਪਾਈ ਹੈ।
ਭਗਵੰਤ ਮਾਨ ਤੇ ਹਰਪਾਲ ਚੀਮਾ ਨੇ ਦਿੱਤੀ ਵਧਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਵਜੋਂ ਮਾਨਤਾ ਦਿੱਤੇ ਜਾਣ ਮਗਰੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਿਆਂ ਖ਼ੁਸ਼ੀ ਸਾਂਝੀ ਕੀਤੀ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਇਹ ਸਾਰਿਆਂ ਦੀ ਮਿਹਨਤ ਦਾ ਨਤੀਜਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸਾਰੇ ਪਾਰਟੀ ਵਰਕਰਾਂ ਦੀ ਮਿਹਨਤ ਦੀ ਜਿੱਤ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …