
ਕੈਪਟਨ ਅਮਰਿੰਦਰ ਸਿੰਘ ਦੀ ਰੱਜ ਕੇ ਪ੍ਰਸੰਸਾ ਕੀਤੀ ਸਚਿਨ ਪਾਇਲਟ ਨੇ
ਕੀ ਕੈਪਟਨ ਕਾਂਗਰਸ ਵਿੱਚ ਵਾਪਸੀ ਕਰਨਗੇ, ਇਸ ਸਵਾਲ ਦਾ ਜਵਾਬ ਹਾਲੇ ਗ਼ਾਇਬ ਹੈ
ਅਮਰਜੀਤ ਸਿੰਘ
ਚੰਡੀਗੜ੍ਹ, 15 ਅਕਤੂਬਰ, 2026
‘ਸਿਆਸਤ ਵਿੱਚ ਕੁੱਝ ਵੀ ਹੋ ਸਕਦਾ ਹੈ’, ਇਹ ਕਹਿਣਾ ਹੈ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਦਾ ਜੋ ਇੱਕ ਨਿਊਜ ਏਜੇਂਸੀ ਨਾਲ ਕੈਪਟਨ ਅਮਰਿੰਦਰ ਦੀ ਕਾਂਗਰਸ ਵਿੱਚ ਵਾਪਸੀ ਦੀਆਂ ਅਟਕਲਾਂ ਤੇ ਗੱਲ ਕਰ ਰਹੇ ਸਨ। ਦਰਅਸਲ ਅੱਜਕਲ੍ਹ ਇਹ ਸਵਾਲ ਹਰ ਥਾਂ ਤੇ ਪੁੱਛਿਆ ਜਾ ਰਿਹਾ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਵਾਪਸ ਆ ਸਕਦੇ ਹਨ। ਇਹ ਸਵਾਲ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਹੀ ਖੜਾ ਕੀਤਾ ਹੈ ਜਦੋਂ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਆ ਕੇ ਕੁੱਝ ਨਹੀਂ ਖੱਟਿਆ।
ਪਾਇਲਟ ਨੇ ਕੈਪਟਨ ਅਮਰਿੰਦਰ ਸਿੰਘ ਦੀ ਰੱਜ ਕੇ ਸ਼ਲਾਘਾ ਕੀਤੀ ਤੇ ਨਾਲ ਹੀ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ “ਬਹੁਤ ਵਧੀਆ” ਸੇਵਾ ਕੀਤੀ ਹੈ। ਪਾਇਲਟ ਨੇ ਕੈਪਟਨ ਨੂੰ “ਬਹੁਤ ਉੱਚ ਕੱਦ-ਕਾਠ ਵਾਲੇ ਸ਼ਖ਼ਸ” ਦੱਸਿਆ। ਪਾਇਲਟ ਨੇ ਮੰਨਿਆ ਕਿ ਉਨ੍ਹਾਂ ਨੇ ਕੈਪਟਨ ਸਿੰਘ ਨਾਲ ਨਿੱਜੀ ਤੌਰ ‘ਤੇ ਇਸ ਬਾਰੇ ਹਜੇ ਤਕ ਕੋਈ ਸਿੱਧੀ ਗੱਲਬਾਤ ਨਹੀਂ ਕੀਤੀ ਹੈ ਤੇ ਨਾ ਹੀ ਉਹ ਕਹਿ ਸਕਦੇ ਹਨ ਕਿ ਕਿਸੇ ਪਾਰਟੀ ਵਿੱਚ ਸ਼ਾਮਲ ਹੋਣ ਜਾਂ ਛੱਡਣ ਬਾਰੇ ਕੈਪਟਨ ਸਾਹਿਬ ਦੀ ਅਗਲੀ ਯੋਜਨਾ ਕੀ ਹੈ। ਪਾਇਲਟ ਦੀ ਇਹ ਟਿੱਪਣੀ, ਜੋ ਕਿ ਇਸ ਵੇਲੇ ਪਬਲਿਕ ਡੋਮੇਨ ਤੇ ਉਪਲੱਬਧ ਹੈ, ਕੈਪਟਨ ਸਿੰਘ ਵੱਲੋਂ ਹਾਲ ਹੀ ਵਿੱਚ ਆਪਣੀ ਪਾਰਟੀ ਭਾਜਪਾ ਬਾਰੇ ਕੀਤੀਆਂ ਆਲੋਚਨਾਤਮਕ ਟਿੱਪਣੀਆਂ ਅਤੇ ਭਾਜਪਾ ਨਾਲ ਜ਼ਾਹਿਰ ਹੋ ਰਹੀ ਕਥਿਤ ਨਾਰਾਜ਼ਗੀ ਦੇ ਸੰਦਰਭ ਵਿੱਚ ਕੀਤੀ ਗਈ ਲਗਦੀ ਹੈ।
ਪੱਤਰਕਾਰ ਵੱਲੋਂ ਪਾਇਲਟ ਨੂੰ ਭਾਜਪਾ ਵਿਰੁੱਧ ਕੈਪਟਨ ਸਿੰਘ ਦੀਆਂ ਸਖ਼ਤ ਟਿੱਪਣੀਆਂ ਅਤੇ ਉਨ੍ਹਾਂ ਦੇ ਕਾਂਗਰਸ ਵਿੱਚ ਵਾਪਸ ਆਉਣ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ‘ਤੇ, ਪਾਇਲਟ ਨੇ ਕਿਹਾ, “ਜਿੱਥੋਂ ਤੱਕ ਕੈਪਟਨ ਸਾਹਿਬ ਦੀ ਗੱਲ ਹੈ, ਮੈਂ ਉਨ੍ਹਾਂ ਨੂੰ ਉਦੋਂ ਤੋਂ ਨਿੱਜੀ ਤੌਰ ‘ਤੇ ਜਾਣਦਾ ਹਾਂ ਜਦੋਂ ਮੈਂ ਬਹੁਤ ਛੋਟਾ ਸੀ। ਮੈਂ ਉਨ੍ਹਾਂ ਨਾਲ ਨੇੜਿਓਂ ਕੰਮ ਵੀ ਕੀਤਾ ਹੈ। ਨਿੱਜੀ ਤੌਰ ‘ਤੇ, ਮੇਰੀ ਉਨ੍ਹਾਂ ਨਾਲ ਇਸ ਵਿਸ਼ੇ ‘ਤੇ ਕੋਈ ਗੱਲਬਾਤ ਨਹੀਂ ਹੋਈ ਹੈ। ਪਰ ਜਿਵੇਂ ਕਿ ਕਿਹਾ ਜਾਂਦਾ ਹੈ, ਸਿਆਸਤ ਵਿੱਚ ‘ਕੁਝ ਵੀ ਹੋ ਸਕਦਾ ਹੈ’। ਮਤਲਬ, ਕੌਣ ਜਾਣਦਾ ਹੈ? ਮੈਨੂੰ ਲੱਗਦਾ ਹੈ ਕਿ ਉਹ, ਮੇਰੇ ਵਾਂਗ ਹੀ, ਹਥਿਆਰਬੰਦ ਸੈਨਾਵਾਂ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਪੰਜਾਬ ਦੀ ਬਹੁਤ ਵਧੀਆ ਸੇਵਾ ਕੀਤੀ ਹੈ। ਅਤੇ ਉਹ ਬਿਨਾਂ ਸ਼ੱਕ ਬਹੁਤ ਉੱਚ ਕੱਦ-ਕਾਠ ਵਾਲੇ ਸ਼ਖ਼ਸ ਹਨ। ਭਾਜਪਾ ਨੇ ਉਨ੍ਹਾਂ ਨੂੰ ਕਿਸ ਤਰ੍ਹਾਂ ਲਿਆ ਹੈ, ਜਾਂ ਉਨ੍ਹਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ ਜਾਂਦਾ ਰਿਹਾ ਹੈ, ਇਸ ਬਾਰੇ ਮੈਨੂੰ ਪਤਾ ਨਹੀਂ ਹੈ,” ਸਚਿਨ ਨੇ ਕਿਹਾ।
ਤੁਹਾਨੂੰ ਚੇਤੇ ਹੋਵੇਗਾ ਕਿ ਕੈਪਟਨ ਨੇ ਪਿਛਲੇ ਮਹੀਨੇ ਪੰਜਾਬ ਦੇ ਮਾਮਲਿਆਂ ‘ਤੇ ਭਾਜਪਾ ਵੱਲੋਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਾ ਕੀਤੇ ਜਾਣ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਜਿਸਨੂੰ ਅਖਬਾਰਾਂ ਨੇ ਖੂਬ ਉਛਾਲਿਆ ਸੀ। ਸਿੰਘ ਨੇ ਇਹ ਵੀ ਕਿਹਾ ਸੀ ਕਿ ਉਹ “ਔਖੇ ਦੌਰ” ਵਿੱਚੋਂ ਲੰਘ ਰਹੇ ਹਨ, ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਛੱਡ ਰਹੇ ਹਨ, ਉਨ੍ਹਾਂ ਨੇ ਇਸ ਬਾਰੇ ਹੋਰ ਵਿਸਥਾਰ ਵਿੱਚ ਕੁੱਝ ਨਹੀਂ ਸੀ ਦੱਸਿਆ।
ਉਂਝ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਉਨ੍ਹਾਂ ਦੀ ਸੰਭਾਵਿਤ ਵਾਪਸੀ ਬਾਰੇ ਚਰਚਾ ਅਗਸਤ ਵਿੱਚ ਸ਼ੁਰੂ ਹੋਈ ਸੀ, ਜਦੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੰਸਟਾਗ੍ਰਾਮ ‘ਤੇ ‘ਆਸਕ ਮੀ’ (‘ਮੈਨੂੰ ਪੁੱਛੋਂ) ਸੈਸ਼ਨ ਦੌਰਾਨ ਭਾਜਪਾ ਵਿੱਚੋਂ ਉਨ੍ਹਾਂ ਨੂੰ ਆਪਣਾ ਪਸੰਦੀਦਾ ਸਿਆਸਤਦਾਨ ਦੱਸਿਆ ਸੀ।
ਹਾਲਾਂਕਿ, ਪਾਰਟੀ ਵਿੱਚ ਅੰਦਰੂਨੀ ਕਲੇਸ਼ ਕਾਰਨ ਉਨ੍ਹਾਂ ਨੇ 2021 ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਕਾਂਗਰਸ ਛੱਡ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਪੰਜਾਬ ਲੋਕ ਕਾਂਗਰਸ’ ਨਾਮ ਦੀ ਇੱਕ ਨਵੀਂ ਪਾਰਟੀ ਵੀ ਬਣਾਈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੀ.ਐਲ.ਸੀ. ਕੋਈ ਵੀ ਸੀਟ ਜਿੱਤਣ ਵਿੱਚ ਅਸਫਲ ਰਹੀ, ਜਿਸ ਤੋਂ ਬਾਅਦ ਸਿੰਘ ਨੇ ਆਪਣੀ ਪਾਰਟੀ ਦਾ ਭਾਜਪਾ ਵਿੱਚ ਰਲੇਵਾਂ ਕਰ ਦਿੱਤਾ। ਸਿੰਘ ਦੀ ਪਤਨੀ ਅਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ, ਪੁੱਤਰ ਰਣਇੰਦਰ ਸਿੰਘ ਅਤੇ ਧੀ ਜੈ ਇੰਦਰ ਕੌਰ ਵੀ ਹੁਣ ਭਾਜਪਾ ਵਿੱਚ ਹਨ।

