-14.6 C
Toronto
Saturday, January 31, 2026
spot_img
Homeਭਾਰਤਅਸਾਮ ਵਿੱਚ ਸੀਏਏ ਖਿਲਾਫ ਜ਼ੋਰਦਾਰ ਮੁਜ਼ਾਹਰੇ

ਅਸਾਮ ਵਿੱਚ ਸੀਏਏ ਖਿਲਾਫ ਜ਼ੋਰਦਾਰ ਮੁਜ਼ਾਹਰੇ

ਮੋਦੀ, ਸ਼ਾਹ ਦੇ ਪੁਤਲੇ ਫੂਕੇ; 30 ਤੋਂ ਵੱਧ ਗ਼ੈਰ-ਸਰਕਾਰੀ ਸੰਗਠਨਾਂ ਨੇ ਮਸ਼ਾਲ ਜਲੂਸ ਕੱਢੇ
ਨਵੀਂ ਦਿੱਲੀ, ਗੁਹਾਟੀ/ਬਿਊਰੋ ਨਿਊਜ਼ : ਨਾਗਰਿਕਤਾ (ਸੋਧ) ਕਾਨੂੰਨ (ਸੀਏਏ) ਲਾਗੂ ਕਰਨ ਖਿਲਾਫ ਪੂਰੇ ਅਸਾਮ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਗਏ ਅਤੇ ਸੀਏਏ ਦੀਆਂ ਕਾਪੀਆਂ ਸਾੜੀਆਂ ਗਈਆਂ।
ਅਸਾਮ ਜਾਤੀਯਤਾਵਾਦੀ ਯੁਵਾ ਛਾਤਰ ਪਰਿਸ਼ਦ (ਏਜੇਵਾਈਸੀਪੀ) ਨੇ ਲਖੀਮਪੁਰ ਵਿੱਚ ਮੋਦੀ ਤੇ ਸ਼ਾਹ ਦੇ ਪੁਤਲੇ ਫੂਕੇ ਜਦਕਿ ਕਾਂਗਰਸ ਨੇ ਸੀਏਏ ਲਾਗੂ ਕੀਤੇ ਜਾਣ ਦੇ ਵਿਰੋਧ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਕਾਨੂੰਨ ਦੀਆਂ ਕਾਪੀਆਂ ਸਾੜੀਆਂ। ਇਸ ਤੋਂ ਇਲਾਵਾ ਆਲ ਅਸਾਮ ਸਟੂਡੈਂਟਸ ਯੂਨੀਅਨ (ਆਸੂ) ਅਤੇ 30 ਗੈਰ-ਸਿਆਸੀ ਸੰਗਠਨਾਂ ਨੇ ਮਸ਼ਾਲ ਜਲੂਸ ਕੱਢੇ।
ਇਸ ਦੌਰਾਨ ਸੁਪਰੀਮ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਸੀਏਏ-2019 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਸਿਖਰਲੀ ਅਦਾਲਤ ਕੋਲ ਪੈਂਡਿੰਗ ਰਹਿਣ ਤੱਕ ਨਾਗਰਿਕਤਾ ਸੋਧ ਨਿਯਮ-2024 ਦੇ ਅਮਲ ‘ਤੇ ਰੋਕ ਲਾਉਣ ਲਈ ਕੇਂਦਰ ਨੂੰ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨੇ ਸੀਏਏ ਨੂੰ ਲਾਗੂ ਕੀਤੇ ਜਾਣ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਇਹ ਨਾਗਰਿਕਤਾ ਨੂੰ ਧਾਰਮਿਕ ਪਛਾਣ ਨਾਲ ਜੋੜ ਕੇ ਸੰਵਿਧਾਨ ਦੇ ਧਰਮਨਿਰਪੱਖ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ। ਖੱਬੇ-ਪੱਖੀ ਧਿਰ ਨੇ ਨਵੀਂ ਦਿੱਲੀ ਤੋਂ ਜਾਰੀ ਬਿਆਨ ਵਿੱਚ ਇਹ ਵੀ ਆਰੋਪ ਲਾਇਆ ਕਿ ਸੀਏਏ ਦੇ ਨਿਯਮ ਐੱਨਆਰਸੀ ਨਾਲ ਜੁੜੇ ਹੋਏ ਹਨ। ਉਸ ਨੇ ਇਹ ਵੀ ਸ਼ੰਕਾ ਜਤਾਈ ਕਿ ਇਸ ਨਾਲ ਮੁਸਲਿਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਉਧਰ ਕੇਰਲ ਵਿੱਚ ਸੀਪੀਐੱਮ ਦੀ ਅਗਵਾਈ ਵਾਲੇ ਐੱਲਡੀਐੱਫ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਵੱਲੋਂ ਵੱਖੋ-ਵੱਖਰੇ ਤੌਰ ‘ਤੇ ਰੋਸ ਪ੍ਰਦਰਸ਼ਨ ਕੀਤੇ ਗਏ।
ਤਾਮਿਲਨਾਡੂ ਵਿੱਚ ਸੀਏਏ ਲਾਗੂ ਨਹੀਂ ਕਰਾਂਗੇ : ਸਟਾਲਿਨ : ਚੇਨਈ : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਸੀਏਏ ਨੂੰ ‘ਫੁੱਟਪਾਊ ਅਤੇ ਬੇਕਾਰ’ ਦੱਸਦਿਆਂ ਇਸਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੀਏਏ ਨੂੰ ਤਾਮਿਲ ਨਾਡੂ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ। ਸਟਾਲਿਨ ਨੇ ਲੋਕ ਸਭਾ ਚੋਣਾਂ ਨੇੜੇ ਹੋਣ ਦੌਰਾਨ ਸੀਏਏ ਲਾਗੂ ਕਰਨ ਲਈ ਨਿਯਮਾਂ ਨੂੰ ‘ਕਾਹਲੀ’ ਵਿੱਚ ਨੋਟੀਫਾਈ ਕਰਨ ਲਈ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਸੀਏਏ ਅਤੇ ਇਸ ਦੇ ਨਿਯਮ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਹਨ।

RELATED ARTICLES
POPULAR POSTS