ਰੋਹਤਕ ‘ਚ ਖਾਪਾਂ ਦੀ ਮਹਾਪੰਚਾਇਤ ਵਿਚ ਲਿਆ ਗਿਆ ਫ਼ੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਖਾਪ ਮਹਾਪੰਚਾਇਤ ਨੇ ਐਲਾਨ ਕੀਤਾ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰ ਰਹੀਆਂ ਮਹਿਲਾਵਾਂ 28 ਮਈ ਨੂੰ ਸੰਸਦ ਦੀ ਨਵੀਂ ਇਮਾਰਤ ਦੇ ਅੱਗੇ ਪੰਚਾਇਤ ਕਰਨਗੀਆਂ। ਜ਼ਿਕਰਯੋਗ ਹੈ ਕਿ ਇਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਮਾਰਤ ਦਾ ਉਦਘਾਟਨ ਕਰਨਾ ਹੈ।
ਦੱਸਣਯੋਗ ਹੈ ਕਿ ਰੋਹਤਕ ਵਿਚ ਖਾਪ ਪੰਚਾਇਤਾਂ ਦੇ ਆਗੂਆਂ ਦੀ ਇਕ ਬੈਠਕ ਰੱਖੀ ਗਈ ਸੀ ਜਿਸ ਵਿਚ ‘ਕੋਈ ਵੱਡਾ ਫ਼ੈਸਲਾ’ ਹੋਣ ਦੀ ਸੰਭਾਵਨਾ ਸੀ। ਪਰ ਕਈ ਘੰਟਿਆਂ ਦੀ ਵਿਚਾਰ-ਚਰਚਾ ਤੋਂ ਬਾਅਦ ਸੰਸਦ ਵੱਲ ਕੂਚ ਕਰਨ ਦਾ ਫ਼ੈਸਲਾ ਲਿਆ ਗਿਆ।
ਮੁਜ਼ਾਹਰਾਕਾਰੀ ਪਹਿਲਵਾਨਾਂ ਵਿਚੋਂ ਸਾਕਸ਼ੀ ਮਲਿਕ ਤੇ ਉਸ ਦੇ ਪਤੀ ਸੱਤਿਆਵਰਤ ਕਾਦੀਆਂ ਨੇ ਮਹਾਪੰਚਾਇਤ ਵਿਚ ਹਿੱਸਾ ਲਿਆ ਜਦਕਿ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਜੰਤਰ-ਮੰਤਰ ‘ਤੇ ਧਰਨੇ ਵਾਲੀ ਥਾਂ ਡਟੇ ਰਹੇ। ਪੂਨੀਆ ਨੇ ਦੱਸਿਆ ਕਿ ਉਨ੍ਹਾਂ ਚਾਰ ਫ਼ੈਸਲੇ ਲਏ ਹਨ ਜਿਸ ਵਿਚ 28 ਮਈ ਨੂੰ ਸੰਸਦ ਅੱਗੇ ਪੰਚਾਇਤ ਕਰਨ ਦਾ ਫ਼ੈਸਲਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਮੰਗਲਵਾਰ (23 ਮਈ) ਨੂੰ ਜੰਤਰ ਮੰਤਰ ਤੋਂ ਇੰਡੀਆ ਗੇਟ ਤੱਕ ਮੋਮਬੱਤੀ ਮਾਰਚ ਕੀਤਾ ਜਾਵੇਗਾ। ਮਹਾਪੰਚਾਇਤ ਨੇ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਮੁੜ ਦੁਹਰਾਈ ਤੇ ਵਾਅਦਾ ਕੀਤਾ ਕਿ ਪਹਿਲਵਾਨਾਂ ਦੇ ਸੱਦੇ ਉਤੇ ਖਾਪਾਂ ਮੁਜ਼ਾਹਰੇ ਵਾਲੀ ਥਾਂ ਪੰਜ ਘੰਟਿਆਂ ਦੇ ਅੰਦਰ-ਅੰਦਰ ਪਹੁੰਚ ਜਾਣਗੀਆਂ। ਪੂਨੀਆ ਨੇ ਕਿਹਾ ਕਿ ਪੰਚਾਇਤ ਲਈ ਮਹਿਲਾਵਾਂ ਦੇ ਨਾਲ ਪੁਰਸ਼ਾਂ ਦੇ ਜਾਣ ਸਬੰਧੀ ਫ਼ੈਸਲਾ ਹਾਲੇ ਰੁਕ ਕੇ ਲਿਆ ਜਾਵੇਗਾ। ਇਸ ਫ਼ੈਸਲੇ ਦਾ ਮਤਲਬ ਇਹ ਕੱਢਿਆ ਜਾ ਰਿਹਾ ਹੈ ਕਿ ਪਹਿਲਵਾਨਾਂ ਨੇ ਹੁਣ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਵਿਰੁੱਧ ਆਪਣੀ ਲੜਾਈ ਦੇ ਵਿਸਤਾਰ ਦਾ ਮਨ ਬਣਾ ਲਿਆ ਹੈ।
ਜ਼ਿਕਰਯੋਗ ਹੈ ਕਿ ਮਹਿਲਾ ਪਹਿਲਵਾਨ ਬ੍ਰਿਜ ਭੂਸ਼ਣ ‘ਤੇ ਜਿਨਸੀ ਸ਼ੋਸ਼ਣ ਦੇ ਆਰੋਪ ਲਗਾ ਰਹੀਆਂ ਹਨ। ਭਾਰਤੀ ਉਲੰਪਿਕ ਐਸੋਸੀਏਸ਼ਨ, ਜਿਸ ਨੂੰ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਬੰਧ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਵੱਲੋਂ 20 ਜੂਨ ਨੂੰ ਏਸ਼ੀਅਨ ਖੇਡਾਂ ਦੇ ਟਰਾਇਲ ਲਏ ਜਾਣ ਦੀ ਸੰਭਾਵਨਾ ਹੈ। ਮੁਜ਼ਾਹਰਾਕਾਰੀ ਪਹਿਲਵਾਨਾਂ ਨੂੰ ਅਭਿਆਸ ਲਈ ਬਿਲਕੁਲ ਵੀ ਸਮਾਂ ਨਹੀਂ ਮਿਲਿਆ ਹੈ ਤੇ ਜੇਕਰ ਉਹ ਟਰਾਇਲ ਵਿਚ ਹਿੱਸਾ ਲੈਣ ਦਾ ਫੈਸਲਾ ਕਰਦੇ ਹਨ ਤਾਂ ਉਨ੍ਹਾਂ ਨੂੰ ਆਪੋ-ਆਪਣੇ ਵਰਗਾਂ ਵਿਚ ਮੁਕਾਬਲੇਬਾਜ਼ਾਂ ਨੂੰ ਟੱਕਰ ਦੇਣੀ ਬਹੁਤ ਔਖੀ ਹੋਵੇਗੀ। ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਨੇ ਕਿਹਾ, ”ਮੈਂ ਨਾਰਕੋ ਟੈਸਟ ਕਰਵਾਉਣ ਲਈ ਤਿਆਰ ਹਾਂ, ਬਸ਼ਰਤੇ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਵੀ ਮੇਰੇ ਨਾਲ ਟੈਸਟ ਕਰਵਾਉਣ।”
ਪੂਨੀਆ ਨੇ ਕਿਹਾ, ‘ਇਸ ਸੰਘਰਸ਼ ਲਈ ਮੈਂ ਉਲੰਪਿਕ ਤਗਮਾ ਤੱਕ ਕੁਰਬਾਨ ਕਰਨ ਲਈ ਵੀ ਤਿਆਰ ਹਾਂ।’ ਹਾਲੇ ਇਸ ਮਾਮਲੇ ਵਿਚ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਵਿਰੁੱਧ ਦੋ ਐਫਆਈਆਰਜ਼ ਦਰਜ ਕੀਤੀਆਂ ਹਨ।