ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨੈਸ਼ਨਲ ਟੀਵੀ ‘ਤੇ ਲਾਈਵ ਹੋ ਕੇ ਟੈਸਟ ਦੇਣ ਦੀ ਸ਼ਰਤ ਰੱਖੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਖੇ ਜੰਤਰ-ਮੰਤਰ ‘ਤੇ ਪਿਛਲੇ ਇਕ ਮਹੀਨੇ ਤੋਂ ਧਰਨੇ ‘ਤੇ ਬੈਠੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਦਿੱਤੀ ਨਾਰਕੋ ਟੈਸਟ ਕਰਵਾਉਣ ਦੀ ਚੁਣੌਤੀ ਨੂੰ ਕਬੂਲ ਕਰ ਲਿਆ ਹੈ। ਇਸ ਦੇ ਨਾਲ ਹੀ ਪਹਿਲਵਾਨਾਂ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਇਹ ਨਾਰਕੋ ਟੈਸਟ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨੈਸ਼ਨਲ ਟੀਵੀ ‘ਤੇ ਸਿੱਧੇ ਪ੍ਰਸਾਰਣ ਰਾਹੀਂ ਕਰਵਾਇਆ ਜਾਵੇ। ਬ੍ਰਿਜ ਭੂਸ਼ਣ ਸ਼ਰਨ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਐਲਾਨ ਕੀਤਾ ਸੀ ਕਿ ਉਹ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਨਾਰਕੋ ਟੈਸਟ ਜਾਂ ਪੌਲੀਗ੍ਰਾਫ ਟੈਸਟ ਕਰਵਾਉਣ ਲਈ ਤਿਆਰ ਹੈ। ਫੈਡਰੇਸ਼ਨ ਦੇ ਪ੍ਰਧਾਨ ਨੇ ਲਿਖਿਆ ਸੀ, ‘ਮੈਂ ਨਾਰਕੋ ਟੈਸਟ, ਪੌਲੀਗ੍ਰਾਫ ਟੈਸਟ ਜਾਂ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਤਿਆਰ ਹਾਂ, ਪਰ ਮੇਰੀ ਸ਼ਰਤ ਹੈ ਕਿ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਵੀ ਮੇਰੇ ਨਾਲ ਇਹ ਟੈਸਟ ਕਰਵਾਉਣ। ਜੇਕਰ ਇਹ ਦੋਵੇਂ ਪਹਿਲਵਾਨ ਮੇਰੇ ਨਾਲ ਇਹ ਟੈਸਟ ਕਰਵਾਉਣ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਐਲਾਨ ਕਰਨ।’
ਬ੍ਰਿਜ ਭੂਸ਼ਣ ਦੀ ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਨਾਲ ਜੰਤਰ-ਮੰਤਰ ‘ਤੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਬਜਰੰਗ ਪੂਨੀਆ ਨੇ ਕਿਹਾ, ‘ਅਸੀਂ ਨਾਰਕੋ ਟੈਸਟ ਕਰਵਾਉਣ ਲਈ ਤਿਆਰ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਬ੍ਰਿਜ ਭੂਸ਼ਣ ਇਹ ਟੈਸਟ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨੈਸ਼ਨਲ ਟੀਵੀ ‘ਤੇ ਸਿੱਧੇ ਪ੍ਰਸਾਰਣ ਰਾਹੀਂ ਕਰਵਾਏ।
ਅਸੀਂ ਵੇਖਣਾ ਚਾਹੁੰਦੇ ਹਾਂ ਕਿ ਬ੍ਰਿਜ ਭੂਸ਼ਣ ਤੋਂ ਕਿਹੜੇ ਸਵਾਲ ਪੁੱਛੇ ਜਾਂਦੇ ਹਨ। ਉਨ੍ਹਾਂ ਮੇਰੇ ਤੇ ਵਿਨੇਸ਼ ਦੇ ਨਾਰਕੋ ਟੈਸਟ ਦੀ ਮੰਗ ਕੀਤੀ ਹੈ ਤੇ ਸਾਡਾ ਕਹਿਣਾ ਹੈ ਕਿ ਸਿਰਫ਼ ਅਸੀਂ ਦੋ ਹੀ ਕਿਉਂ ਉਨ੍ਹਾਂ ਸਾਰੀਆਂ ਲੜਕੀਆਂ ਦੇ ਵੀ ਟੈਸਟ ਕਿਉਂ ਨਾ ਕਰਵਾ ਲਏ ਜਾਣ, ਜਿਨ੍ਹਾਂ ਵੱਲੋਂ ਬ੍ਰਿਜ ਭੂਸ਼ਣ ਸ਼ਰਨ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।
ਇਸ ਮੌਕੇ ਵਿਨੇਸ਼ ਨੇ ਕਿਹਾ, ‘ਸਾਰੇ ਦੇਸ਼ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਪਿਛਲੇ ਸਾਲਾਂ ਦੌਰਾਨ ਅਸੀਂ ਕਿੰਨਾ ਅਨਿਆਂ ਤੇ ਅਪਮਾਨ ਝੱਲਿਆ ਹੈ।’ ਉਨ੍ਹਾਂ ਰੋਸ ਜਤਾਉਂਦਿਆਂ ਕਿਹਾ, ‘ਮੀਡੀਆ ਦਾ ਇੱਕ ਵਰਗ ਉਹ ਵੀ ਹੈ, ਜੋ ਬ੍ਰਿਜ ਭੂਸ਼ਣ ਦੀ ਵਡਿਆਈ ਕਰ ਰਿਹਾ ਹੈ ਤੇ ਉਸ ਨੂੰ ਇਹ ਟੈਸਟ ਨਾ ਕਰਵਾਉਣ ਲਈ ਕਹਿ ਰਿਹਾ ਹੈ।’ ਵਿਨੇਸ਼ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਬ੍ਰਿਜ ਭੂਸ਼ਣ ਕੋਈ ਸੁਪਰ ਸਟਾਰ ਨਹੀਂ, ਸਗੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਾ ਮੁਲਜ਼ਮ ਹੈ, ਇਸ ਲਈ ਉਸ ਨਾਲ ਇਸ ਆਧਾਰ ‘ਤੇ ਹੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ।’ ਇਸ ਮੌਕੇ ਸਾਕਸ਼ੀ ਨੇ ਕਿਹਾ, ‘ਅਸੀਂ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਸਾਡਾ ਰੋਸ ਪ੍ਰਦਰਸ਼ਨ ਸ਼ਾਂਤੀਪੂਰਨ ਕਾਰਵਾਈ ਹੈ ਅਤੇ ਜੇਕਰ ਕੋਈ ਗ਼ਲਤ ਬਿਆਨਬਾਜ਼ੀ ਕਰਦਾ ਹੈ ਜਾਂ ਕਿਸੇ ਵੀ ਹੋਰ ਢੰਗ ਨਾਲ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਭੰਗ ਕਰਦਾ ਹੈ ਤਾਂ ਇਸ ਲਈ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ ਤੇ ਇਸ ਦੀ ਕੋਈ ਵੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ।’
Check Also
ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ
ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …