ਭਾਰਤੀ ਪਾਇਲਟਾਂ ਦੀ ਅਗਵਾਈ ਕਰ ਰਹੇ ਸਨ ਗਰੁੱਪ ਕੈਪਟਨ ਹਰਕੀਰਤ ਸਿੰਘ
ਅੰਬਾਲਾ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦੀ ਸ਼ਕਤੀ ਵਿਚ ਅੱਜ ਹੋਰ ਵਾਧਾ ਹੋ ਗਿਆ। ਫਰਾਂਸ ਤੋਂ ਉਡਾਣ ਭਰਨ ਮਗਰੋਂ ਪੰਜ ਰਾਫ਼ੇਲ ਲੜਾਕੂ ਜਹਾਜ਼ ਭਾਰਤ ਪਹੁੰਚ ਗਏ ਤੇ ਅੰਬਾਲਾ ਵਿਚ ਇਨ੍ਹਾਂ ਦੀ ਸਫਲ ਲੈਂਡਿੰਗ ਹੋ ਗਈ। ਰਾਫੇਲ ਜਹਾਜ਼ਾਂ ਨੂੰ ਫਰਾਂਸ ਤੋਂ ਭਾਰਤ ਲਿਆਉਣ ਵਾਲੇ ਭਾਰਤੀ ਪਾਇਲਟਾਂ ਦੀ ਟੀਮ ਦੀ ਅਗਵਾਈ ਗਰੁੱਪ ਕੈਪਟਨ ਹਰਕੀਰਤ ਸਿੰਘ ਕਰ ਰਹੇ ਸਨ। ਅੰਬਾਲਾ ਵਿਖੇ ਜਹਾਜ਼ਾਂ ਦੀ ਲੈਂਡਿੰਗ ਮੌਕੇ ਹਵਾਈ ਫੌਜ ਦੇ ਮੁਖੀ ਆਰ. ਕੇ. ਐੱਸ. ਭਦੌਰੀਆ ਵੀ ਹਾਜ਼ਰ ਸਨ। ਫਰਾਂਸ ਤੋਂ ਮਿਲਣ ਵਾਲੀ ਰਾਫ਼ੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਇਨ੍ਹਾਂ ਜਹਾਜ਼ਾਂ ਨੇ ਮੰਗਲਵਾਰ ਨੂੰ ਫਰਾਂਸ ਤੋਂ ਉਡਾਣ ਭਰੀ ਸੀ ਅਤੇ ਅੱਜ ਸਵਾ ਤਿੰਨ ਵਜੇ ਇਹ ਅੰਬਾਲਾ ਪਹੁੰਚੇ। ਧਿਆਨ ਰਹੇ ਕਿ 22 ਸਾਲ ਬਾਅਦ ਭਾਰਤ ਨੂੰ 5 ਨਵੇਂ ਲੜਾਕੂ ਜਹਾਜ਼ ਮਿਲੇ ਹਨ ਅਤੇ ਇਸ ਤੋਂ ਪਹਿਲਾਂ 1997 ਵਿਚ ਭਾਰਤ ਨੂੰ ਰੂਸ ਕੋਲੋਂ ਸੁਖੋਈ ਜਹਾਜ਼ ਮਿਲੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਫੇਲ ਦੀ ਲੈਂਡਿੰਗ ਦੇ ਤੁਰੰਤ ਬਾਅਦ ਟਵੀਟ ਕਰਦਿਆਂ ਲਿਖਿਆ ਕਿ ਭਾਰਤ ਦੀ ਜ਼ਮੀਨ ‘ਤੇ ਰਾਫੇਲ ਦਾ ਉਤਰਨਾ, ਸੈਨਾ ਦੇ ਇਤਿਹਾਸ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਵਿਚ ਰਾਫੇਲ ਆਉਣ ਨਾਲ ਚੀਨ ਅਤੇ ਪਾਕਿਸਤਾਨ ਦੀ ਪ੍ਰੇਸ਼ਾਨੀ ਵਧ ਗਈ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …