ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਹੋਈ ਬਹਾਲ
137 ਦਿਨਾਂ ਬਾਅਦ ਰਾਹੁਲ ਪਹੁੰਚੇ ਸੰਸਦ ਭਵਨ
ਨਵੀਂ ਦਿੱਲੀ/ਬਿਊਰੋ ਨਿਊਜ਼
137 ਦਿਨ ਬਾਅਦ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋ ਗਈ ਹੈ। ਲੋਕ ਸਭਾ ਸਕੱਤਰੇਤ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਅੱਜ ਸੋਮਵਾਰ ਨੂੰ ਸੰਸਦ ਭਵਨ ਪਹੁੰਚੇ ਅਤੇ ਰਾਹੁਲ ਦਾ ‘ਇੰਡੀਆ’ ਗਠਜੋੜ ਦੇ ਸੰਸਦ ਮੈਂਬਰਾਂ ਨੇ ਸਵਾਗਤ ਕੀਤਾ। ਸੰਸਦ ਭਵਨ ਦੇ ਬਾਹਰ ਕਾਂਗਰਸ ਆਗੂ ਮਠਿਆਈਆਂ ਵੰਡਦੇ ਵੀ ਨਜ਼ਰ ਆਏ। ਧਿਆਨ ਰਹੇ ਕਿ ਮੋਦੀ ਸਰਨੇਮ ਮਾਨਹਾਨੀ ਮਾਮਲੇ ਵਿਚ ਰਾਹੁਲ ਗਾਂਧੀ ਨੂੰ 23 ਮਾਰਚ ਨੂੰ ਹੇਠਲੀ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸਦੇ 24 ਘੰਟਿਆਂ ਵਿਚ ਹੀ 24 ਮਾਰਚ ਨੂੰ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਚਲੀ ਗਈ ਸੀ। ਇਸ ਤੋਂ ਬਾਅਦ ਗੁਜਰਾਤ ਹਾਈਕੋਰਟ ਨੇ ਵੀ ਸਜ਼ਾ ਬਰਕਰਾਰ ਰੱਖੀ ਸੀ। ਰਾਹੁਲ ਗਾਂਧੀ ਨੇ ਇਸਦੇ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ ਲਗਾਈ ਸੀ। ਧਿਆਨ ਰਹੇ ਕਿ 134 ਦਿਨ ਬਾਅਦ ਲੰਘੀ 4 ਅਗਸਤ ਨੂੰ ਅਦਾਲਤ ਨੇ ਇਸ ਕੇਸ ਵਿਚ ਰਾਹੁਲ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਸੀ। ਦੱਸਣਯੋਗ ਹੈ ਕਿ ਕਰਨਾਟਕ ਦੇ ਕੋਲਾਰ ਵਿਚ ਇਕ ਚੋਣ ਰੈਲੀ ਵਿਚ ਮੋਦੀ ਸਰਨੇਮ ਦੇ ਸਬੰਧ ਵਿਚ ਕੀਤੀ ਗਈ ਵਿਵਾਦਿਤ ਟਿੱਪਣੀ ਨੂੰ ਲੈ ਕੇ ਭਾਜਪਾ ਦੇ ਸਾਬਕਾ ਮੰਤਰੀ ਪੁਰਣੇਸ਼ ਮੋਦੀ ਨੇ 13 ਅਪ੍ਰੈਲ 2019 ਨੂੰ ਰਾਹੁਲ ਖਿਲਾਫ ਅਪਰਾਧਕ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਰਾਹੁਲ ਨੇ ਚੋਣ ਰੈਲੀ ਦੌਰਾਨ ਟਿੱਪਣੀ ਕੀਤੀ ਸੀ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਵੇਂ ਹੋ ਸਕਦਾ ਹੈ।