Breaking News
Home / ਦੁਨੀਆ / 68 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਕੌਰੀਡੋਰ ਰਾਹੀਂ ਮਿਲੇ ਭਰਾ-ਭੈਣ

68 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਕੌਰੀਡੋਰ ਰਾਹੀਂ ਮਿਲੇ ਭਰਾ-ਭੈਣ

68 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਕੌਰੀਡੋਰ ਰਾਹੀਂ ਮਿਲੇ ਭਰਾ-ਭੈਣ
ਬਟਵਾਰੇ ਸਮੇਂ ਪਾਕਿਸਤਾਨ ਚਲਾ ਗਿਆ ਸੀ ਪਰਿਵਾਰ

ਅੰਮਿ੍ਰਤਸਰ/ਬਿਊਰੋ ਨਿਊਜ਼
ਭਾਰਤ-ਪਾਕਿਸਤਾਨ ’ਚ ਹੋਏ ਬਟਵਾਰੇ ਦੇ ਦਰਦ ਦੀ ਇਕ ਹੋਰ ਦਾਸਤਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਦੇਖਣ ਨੂੰ ਮਿਲੀ। ਪਾਕਿਸਤਾਨ ਦੇ ਸ਼ੇਖਪੁਰਾ ਵਿਚ ਰਹਿਣ ਵਾਲੀ ਕਰੀਬ 68 ਸਾਲਾਂ ਦੀ ਸਕੀਨਾ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਆਪਣੇ 80 ਸਾਲਾਂ ਦੇ ਭਰਾ ਗੁਰਮੇਲ ਸਿੰਘ ਨੂੰ ਗੁਰਦੁਆਰਾ ਸ੍ਰੀ ਕਰਤਰਪੁਰ ਸਾਹਿਬ ਵਿਚ ਮਿਲੀ ਹੈ। ਜਨਮ ਤੋਂ ਬਾਅਦ ਉਸ ਨੇ ਆਪਣੇ ਭਰਾ ਨੂੰ ਸਿਰਫ ਫੋਟੋ ਵਿਚ ਦੇਖਿਆ ਸੀ। ਪਹਿਲੀ ਵਾਰ ਸਾਹਮਣੇ ਦੇਖ ਦੋਵੇਂ ਇਕ ਦੂਜੇ ਦੇ ਹੰਝੂ ਪੂੰਝਦੇ ਰਹੇ। ਇਹ ਕਹਾਣੀ ਪਾਕਿਸਤਾਨ ਵਿਚ ਜਨਮੀ ਸਕੀਨਾ ਦੀ ਹੈ।  1947 ਵਿਚ ਬਟਵਾਰੇ ਦੇ ਸਮੇਂ ਸਕੀਨਾ ਦਾ ਪਰਿਵਾਰ ਲੁਧਿਆਣਾ ਦੇ ਜੱਸੋਵਾਲ ਵਿਚ ਰਹਿੰਦਾ ਸੀ। ਬਟਵਾਰੇ ਦੇ ਸਮੇਂ ਸਕੀਨਾ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ। ਪਿਤਾ ਦਾ ਨਾਮ ਵਲੀ ਮੋਹਮੱਤ ਅਤੇ ਦਾਦਾ ਦਾ ਨਾਮ ਜਾਮੂ ਸੀ। ਸਕੀਨਾ ਦੱਸਦੀ ਹੈ ਕਿ ਪਰਿਵਾਰ ਪਾਕਿਸਤਾਨ ਪਹੁੰਚ ਗਿਆ, ਪਰ ਉਸਦੀ ਮਾਂ ਭਾਰਤ ਵਿਚ ਹੀ ਰਹਿ ਗਈ। ਆਜ਼ਾਦੀ ਦੇ ਸਮੇਂ ਦੋਵੇਂ ਦੇਸ਼ਾਂ ਵਿਚ ਸਮਝੌਤਾ ਹੋਇਆ ਸੀ ਕਿ ਲਾਪਤਾ ਵਿਅਕਤੀਆਂ ਨੂੰ ਇਕ ਦੂਜੇ ਨੂੰ ਵਾਪਸ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਪਿਤਾ ਨੇ ਪਾਕਿਸਤਾਨ ਸਰਕਾਰ ਕੋਲੋਂ ਮੱਦਦ ਵੀ ਮੰਗੀ ਸੀ। ਸਕੀਨਾ ਨੇ ਦੱਸਿਆ ਕਿ ਉਸਦਾ ਜਨਮ 1955 ’ਚ ਪਾਕਿਸਤਾਨ ਵਿਚ ਹੋਇਆ ਸੀ। ਸਕੀਨਾ ਨੇ ਦੱਸਿਆ ਕਿ ਸ਼ੁਰੂਆਤ ਵਿਚ ਉਸਦੇ ਭਰਾ ਨੇ ਪਰਿਵਾਰ ਨੂੰ ਖਤ ਭੇਜਣੇ ਸ਼ੁਰੂ ਕੀਤੇ ਸਨ। ਹੌਲੀ-ਹੌਲੀ ਭਰਾ ਦੇ ਖਤ ਆਉਣੇ ਵੀ ਬੰਦ ਹੋ ਗਏ ਸਨ। ਹੋਸ਼ ਸੰਭਾਲੀ ਤਾਂ ਪਿਤਾ ਨੇ ਦੱਸਿਆ ਕਿ ਤੇਰਾ ਭਰਾ ਵੀ ਹੈ। ਉਸਦੀ ਫੋਟੋ ਵੀ ਦਿਖਾਈ। ਸ਼ਕੀਨਾ ਨੇ ਦੱਸਿਆ ਪਿਤਾ ਜੀ ਦੱਸਦੇ ਸਨ ਕਿ ਤੇਰਾ ਭਰਾ ਲੁਧਿਆਣਾ ਵਿਚ ਰਹਿੰਦਾ ਹੈ। ਜਦੋਂ ਸ੍ਰੀ ਕਰਤਾਰਪੁਰ ਸਾਹਿਬ ਵਿਚ ਗੁਰਮੇਲ ਸਿੰਘ ਆਪਣੀ ਭੈਣ ਨੂੰ ਪਹਿਲੀ ਵਾਰ ਮਿਲੇ ਤਾਂ ਦੋਵੇਂ ਗਲੇ ਮਿਲ ਕੇ ਬਹੁਤ ਰੋਏ। ਉਨ੍ਹਾਂ ਨੂੰ ਆਸ ਹੈ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਵੀਜ਼ਾ ਦੇ ਦੇਣ ਤਾਂ ਕਿ ਦੋਵੇਂ ਭਰਾ-ਭੈਣ ਇਕ ਦੂਜੇ ਨੂੰ ਮਿਲ ਸਕਣ।

Check Also

ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ

ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ …