ਡਾ. ਪਰਮਜੀਤ ਸਿੰਘ ਖੁਰਾਣਾ ਤੇ ਡਾ. ਹਰਪ੍ਰੀਤ ਕੌਰ ਨੇ ਕੀਤਾ ਮੈਂਬਰਾਂ ਨੂੰ ਸੰਬੋਧਨ
ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਰੈਂਪਟਨ ਵਿਚ ਵਿਚਰ ਰਹੀ ਨਾਮਵਰ ਸੰਸਥਾ ‘ਪੀ.ਐੱਸ.ਬੀ. ਸੀਨੀਅਰਜ਼ ਕਲੱਬ’ ਵੱਲੋਂ ਲੰਘੇ ਸ਼ਨੀਵਾਰ 4 ਅਕਤੂਬਰ ਨੂੰ ਸਥਾਨਕ ‘ਗੋਰ ਮੀਡੋਜ਼ ਕਮਿਊਨਿਟੀ ਸੈਂਟਰ’ ਵਿਖੇ ਸੀਨੀਅਰਜ਼ ਨਾਲ ਸਬੰਧਿਤ ਅਤੀ-ਮਹੱਤਵਪੂਰਨ ਵਿਸ਼ੇ ‘ਡੇਮੈਨਸ਼ੀਆ ਰੋਗ ਦੇ ਕਾਰਨ, ਲੱਛਣ ਅਤੇ ਰੋਕਥਾਮ’ ਉੱਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਮੁੱਖ-ਬੁਲਾਰੇ ਡਾ. ਪਰਮਜੀਤ ਸਿੰਘ ਖੁਰਾਣਾ ਅਤੇ ਡਾ. ਹਰਪ੍ਰੀਤ ਕੌਰ ਸਨ। ਕਲੱਬ ਦੇ 110 ਮੈਂਬਰਾਂ ਦੀ ਭਰਵੀਂ ਹਾਜ਼ਰੀ ਨੇ ਸੈਮੀਨਾਰ ਵਿੱਚ ਇਸ ਬੀਮਾਰੀ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਾਪਤ ਕਰਕੇ ਇਸ ਦਾ ਭਰਪੂਰ ਲਾਹਾ ਲਿਆ।
ਕਲੱਬ ਦੇ ਮੈਂਬਰਾਂ ਵੱਲੋਂ ਸਵੇਰੇ ਲੱਗਭੱਗ 10.30 ਵਜੇ ਕਮਿਊਨਿਟੀ ਸੈਂਟਰ ਪਹੁੰਚਣ ‘ਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸੱਭ ਤੋਂ ਪਹਿਲਾਂ ਪੌਸ਼ਟਿਕ ਬਰੇਕਫ਼ਾਸਟ ਦਿੱਤਾ ਗਿਆ। ਉਪਰੰਤ, ਸੈਮੀਨਾਰ ਦਾ ਆਗਾਜ਼ ਕਰਦਿਆਂ ਕਲੱਬ ਦੇ ਚੇਅਰਮੈਨ ਗੁਰਚਰਨ ਸਿੰਘ ਖੱਖ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਨੂੰ ਨਿੱਘੀ ‘ਜੀ ਆਇਆਂ’ ਕਹੀ ਗਈ ਅਤੇ ਨਾਲ ਹੀ ਨਵੇਂ ਮੈਂਬਰਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ੍ਹਾਂ ਬਾਰੇ ਸੰਖੇਪ ਜਾਣ-ਪਛਾਣ ਕਰਵਾਈ ਗਈ। ਇਸ ਦੌਰਾਨ ਪਰਵਿੰਦਰ ਸਿੰਘ ਸਰਲ ਅਤੇ ਸੁਖਵਿੰਦਰ ਕੌਰ ਨੇ ਗੁਰਬਾਣੀ ਸ਼ਬਦ ਗਾਇਨ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ।
ਸੈਮੀਨਾਰ ਵਿੱਚ ਮੁੱਖ-ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਡਾ. ਪਰਮਜੀਤ ਸਿੰਘ ਖੁਰਾਣਾ ਨੇ ਸੀਨੀਅਰਜ਼ ਨੂੰ ਦਰਪੇਸ਼ ਡੇਮੈੱਨਸ਼ੀਆ ਰੋਗ ਦੇ ਕਾਰਨਾਂ, ਇਸ ਦੇ ਲੱਛਣਾਂ ਅਤੇ ਇਸ ਤੋਂ ਬਚਣ ਦੇ ਢੰਗਾਂ-ਤਰੀਕਿਆਂ ਦਾ ਵਿਸਥਾਰ ਪੂਰਵਕ ਵਰਨਣ ਕੀਤਾ। ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਸਰਤ, ਸਾਦਾ ਭੋਜਨ ਅਤੇ ਤਣਾਅ-ਮੁਕਤ ਜੀਵਨ ਇਸ ਰੋਗ ਤੋਂ ਬਚਣ ਦਾ ਸੱਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਕਿਹਾ ਕਿ ਪਰਹੇਜ਼ ਇਸ ਰੋਗ ਦੇ ਇਲਾਜ ਨਾਲੋਂ ਵੀ ਬਿਹਤਰ ਹੈ ਅਤੇ ਅਜਿਹੀ ‘ਜੀਵਨ-ਜਾਚ’ ਨਾਲ ਅਸੀਂ ਆਪਣੇ ਆਪ ਨੂੰ ਇਸ ਰੋਗ ਤੋਂ ਕਾਫ਼ੀ ਹੱਦ ਤੱਕ ਦੂਰ ਰੱਖ ਸਕਦੇ ਹਾਂ।
ਸਰੋਤਿਆਂ ਵੱਲੋਂ ਆਏ ਸੁਆਲਾਂ ਦੇ ਜੁਆਬ ਉਨ੍ਹਾਂ ਵੱਲੋਂ ਬੜੇ ਰੌਚਕ ਅੰਦਾਜ਼ ਵਿੱਚ ਦਿੱਤੇ ਗਏ ਅਤੇ ਨਾਲ ਹੀ ਉਨ੍ਹਾਂ ਦੇ ਬਹੁਤ ਸਾਰੇ ਸ਼ੰਕੇ ਨਵਿਰਤ ਕੀਤੇ ਗਏ।
ਜੀਵਨ ਵਿਚ ਸੰਗੀਤ ਦਾ ਮਹੱਤਵ ਬਿਆਨ ਕਰਦਿਆਂ ਹੋਇਆਂ ਉਨ੍ਹਾਂ ਦੇ ਨਾਲ ਪਹੁੰਚੇ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਸੰਗੀਤਕ-ਧੁਨਾਂ ਸਾਡੀ ਮਾਨਸਿਕ ਅਵਸਥਾ ਨੂੰ ਬਦਲਣ ਦੇ ਸਮਰੱਥ ਹਨ ਅਤੇ ਮਨੁੱਖ ਨੂੰ ਸੰਗੀਤ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਨਾਉਣ ਦੀ ਲੋੜ ਹੈ। ਇਸ ਦੇ ਨਾਲ ਸਾਡਾ ਮਨ ਸ਼ਾਂਤ ਰਹਿੰਦਾ ਹੈ ਅਤੇ ਦਿਮਾਗ਼ ਵਿੱਚ ਚੱਲ ਰਹੀਆਂ ਉਸਾਰੂ ਸੋਚਾਂ ਸਾਡੇ ਮਨਾਂ ਨੂੰ ਚੁਸਤ, ਦਰੁੱਸਤ ਤੇ ਤੰਦਰੁਸਤ ਰੱਖਦੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਇਸ ਮਾਨਸਿਕ ਰੋਗ ਲਈ ‘ਮੈਡੀਟੇਸ਼ਨ’ ਵੀ ਕਾਫ਼ੀ ਲਾਭਦਾਇਕ ਸਾਬਤ ਹੁੰਦੀ ਹੈ।
ਇਸ ਦੌਰਾਨ ਰੀਜਨਲ ਕੌਂਸਲਰ ਪਾਲ ਵਿਸੈਂਟ ਵੀ ਸਮਾਰੋਹ ਵਿੱਚ ਪਹੁੰਚੇ ਅਤੇ ਉਨ੍ਹਾਂ ਸੈਮੀਨਾਰ ਦੇ ਸ਼ਾਨਦਾਰ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਸੀਨੀਅਰਜ਼ ਲਈ ਬੜੇ ਉਪਯੋਗੀ ਹਨ। ਉਨ੍ਹਾਂ ਵੱਲੋਂ ਕਲੱਬ ਦੇ ਇਸ ਉਪਰਾਲੇ ਦੀ ਭਾਰੀ ਸਰਾਹਨਾ ਕੀਤੀ ਗਈ।
ਸੈਮੀਨਾਰ ਤੋਂ ਬਾਅਦ ‘ਟੋਰਾਂਟੋ ਮਿਊਜ਼ੀਕਲ ਗਰੁੱਪ’ ਵੱਲੋਂ ਰਾਜੀਵ ਸੂਦ ਦੀ ਅਗਵਾਈ ਵਿਚ ਗੀਤ-ਸੰਗੀਤ ਦਾ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਰਾਜੀਵ ਸੂਦ ਨੇ ਪੰਜਾਬੀ ਭੰਗੜੇ ਦੀ ਬੀਟ ਵਾਲੇ ਪੰਜਾਬੀ ਗੀਤ ਗਾ ਕੇ ਕਲੱਬ ਦੇ ਮੈਂਬਰਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਆਰਡਰ ਕੀਤਾ ਗਿਆ ਖਾਣਾ ਵੀ ਪਹੁੰਚ ਚੁੱਕਾ ਸੀ। ਪਹਿਲਾਂ ਔਰਤ ਮੈਂਬਰਾਂ ਤੇ ਫਿਰ ਮਰਦ ਮੈਂਬਰਾਂ ਨੇ ਮਿਲ ਕੇ ਲਜ਼ੀਜ਼ ਖਾਣੇ ਦਾ ਅਨੰਦ ਮਾਣਿਆ।
ਖਾਣੇ ਉਪਰੰਤ, ਦੂਸਰੇ ਸੈਸ਼ਨ ਵਿੱਚ ਜਤਿੰਦਰਪਾਲ ਕੌਰ ਤੇ ਜਸਵਿੰਦਰ ਕੌਰ ਵੱਲੋਂ ਮੈਂਬਰਾਂ ਨੂੰ ਤੰਬੋਲੇ ਦੀ ਗੇਮ ਖਿਡਾਈ ਗਈ। ਕਲੱਬ ਦੇ ਚੇਅਰਮੈਨ ਗੁਰਚਰਨ ਸਿੰਘ ਖੱਖ, ਪ੍ਰਧਾਨ ਹਰਚਰਨ ਸਿੰਘ, ਉਪ-ਪ੍ਰਧਾਨ ਗਿਆਨ ਪਾਲ, ਸਕੱਤਰ ਮਨਜੀਤ ਸਿੰਘ ਗਿੱਲ, ਖ਼ਜ਼ਾਨਚੀ ਰਾਮ ਸਿੰਘ, ਦਲਬੀਰ ਸਿੰਘ ਕਾਲੜਾ, ਰਘਬੀਰ ਸਿੰਘ ਮੱਕੜ, ਬਰਜਿੰਦਰ ਸਿੰਘ ਮਰਵਾਹਾ ਤੇ ਜੋਗਿੰਦਰ ਕੌਰ ਮਰਵਾਹਾ ਵੱਲੋਂ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ 14 ਦਸੰਬਰ ਦੀ ਅਗਲੇਰੀ ਮੀਟਿੰਗ ਵਿਚ ਮੁੜ ਮਿਲਣ ਦਾ ਵਾਅਦਾ ਕਰਕੇ ਮੈਂਬਰ ਸਾਹਿਬਾਨ ਆਪਣੇ ਘਰਾਂ ਨੂੰ ਰੁਖ਼ਸਤ ਹੋਏ।





