7.9 C
Toronto
Wednesday, October 29, 2025
spot_img
Homeਦੁਨੀਆਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਭੂਚਾਲ, 37 ਵਿਅਕਤੀਆਂ ਦੀ ਮੌਤ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਭੂਚਾਲ, 37 ਵਿਅਕਤੀਆਂ ਦੀ ਮੌਤ

ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਮੰਗਲਵਾਰ ਨੂੰ ਬਾਅਦ ਦੁਪਹਿਰ 5.8 ਤੀਬਰਤਾ ਦੇ ਆਏ ਭੂਚਾਲ ਕਾਰਨ 37 ਵਿਅਕਤੀਆਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ। ਉੱਤਰੀ ਭਾਰਤ ਅਤੇ ਉੱਤਰੀ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਯੂਐੱਸ ਜਿਓਲੋਜੀਕਲ ਸਰਵੇ ਅਨੁਸਾਰ ਇਸ ਭੂਚਾਲ ਦਾ ਕੇਂਦਰ ਬਿੰਦੂ ਮਕਬੂਜ਼ਾ ਕਸ਼ਮੀਰ ਸਥਿਤ ਨਿਊ ਮੀਰਪੁਰ ਨੇੜੇ ਸੀ। ਮੀਰਪੁਰ ਪੁਲਿਸ ਦੇ ਡੀਆਈਜੀ ਸਰਦਾਰ ਗੁਲਫ਼ਰਾਜ਼ ਖ਼ਾਨ ਨੇ ਮੀਡੀਆ ਨੂੰ ਦੱਸਿਆ ਕਿ ਮੀਰਪੁਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਭੂਚਾਲ ਕਾਰਨ 37 ਮੌਤਾਂ ਹੋ ਗਈਆਂ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ।
ਡਿਪਟੀ ਕਮਿਸ਼ਨਰ ਰਾਜਾ ਕੇਸਰ ਨੇ ਦੱਸਿਆ ਕਿ ਮੀਰਪੁਰ ਵਿੱਚ ਭੂਚਾਲ ਕਾਰਨ ਕਈ ਘਰ ਢਹਿ ਗਏ ਹਨ। ਪਾਕਿਸਤਾਨ ਦੇ ਮੌਸਮ ਵਿਭਾਗ ਅਨੁਸਾਰ ਭੂਚਾਲ ਦੀ ਤੀਬਰਤਾ 5.8 ਸੀ ਜਦਕਿ ਵਿਗਿਆਨ ਮੰਤਰੀ ਫਵਾਦ ਚੌਧਰੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 7.1 ਸੀ। ਖੇਤਰ ਵਿੱਚ ਸਥਿਤ ਮਸਜਿਦ ਦੇ ਕੁਝ ਹਿੱਸਾ ਵੀ ਡਿੱਗ ਗਏ ਹਨ। ਪੀਓਕੇ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਟੀਵੀ ਚੈਨਲਾਂ ‘ਤੇ ਭੂਚਾਲ ਕਾਰਨ ਮੀਰਪੁਰ ਦੀਆਂ ਸੜਕਾਂ ‘ਤੇ ਹਾਦਸਾਗ੍ਰਸਤ ਹੋਏ ਵਾਹਨ ਅਤੇ ਜ਼ਮੀਨ ਵਿੱਚ ਪਈਆਂ ਤਰੇੜਾਂ ਦਿਖਾਈਆਂ ਜਾ ਰਹੀਆਂ ਹਨ। ਫੌਜ ਦੇ ਮੀਡੀਆ ਵਿੰਗ ਦੇ ਟਵੀਟ ਅਨੁਸਾਰ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਪੀਓਕੇ ਵਿੱਚ ਭੂਚਾਲ ਪੀੜਤਾਂ ਨੂੰ ਬਚਾਉਣ ਲਈ ਸਿਵਲ ਪ੍ਰਸ਼ਾਸਨ ਨੂੰ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।

ਉੱਤਰੀ ਭਾਰਤ ਵਿੱਚ ਵੀ ਭੂਚਾਲ ਦੇ ਝਟਕੇ
ਨਵੀਂ ਦਿੱਲੀ : ਉੱਤਰੀ ਭਾਰਤ ਦੇ ਸਰੱਹਦੀ ਖੇਤਰਾਂ ਵਿੱਚ ਵੀ 6.3 ਤੀਬਰਤਾ ਦਾ ਭੂਚਾਲ ਆਇਆ। ਸੈਸਮੋਲੋਜੀ ਦੇ ਕੌਮੀ ਕੇਂਦਰ (ਐੱਨਸੀਐੱਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਭਾਰਤ ਦੇ ਜੰਮੂ ਕਸ਼ਮੀਰ ਖੇਤਰ ਵਿੱਚ ਬਾਅਦ ਦੁਪਹਿਰ ਕਰੀਬ 4:33 ਵਜੇ ਆਏ ਭੂਚਾਲ ਕਾਰਨ ਕਿਸੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਐੱਨਸੀਐੱਸ ਦੇ ਮੁਖੀ (ਅਪਰੇਸ਼ਨਜ਼) ਜੇੱਐੱਲ ਗੌਤਮ ਨੇ ਦੱਸਿਆ ਕਿ, ”ਭੂਚਾਲ ਦਾ ਕੇਂਦਰ ਬਿੰਦੂ ਭਾਰਤ-ਪਾਕਿਸਤਾਨ ਦੀ ਸਰਹੱਦ ਨੇੜੇ ਸੀ। ਭੂਚਾਲ ਦੇ ਝਟਕੇ ਮਹਿਸੂਸ ਕਰਦਿਆਂ ਹੀ ਉੱਤਰੀ ਭਾਰਤ ਦੇ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਲੋਕ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਵੱਲ ਦੌੜੇ।

RELATED ARTICLES
POPULAR POSTS