Breaking News
Home / ਦੁਨੀਆ / ਕੈਰਾਬਰੈਮ ਦੇ ਪਹਿਲੇ ਪੰਜਾਬ ਪੈਵੀਲੀਅਨ ਨੂੰ ਮਿਲੀ ਜ਼ਬਰਦਸਤ ਕਾਮਯਾਬੀ

ਕੈਰਾਬਰੈਮ ਦੇ ਪਹਿਲੇ ਪੰਜਾਬ ਪੈਵੀਲੀਅਨ ਨੂੰ ਮਿਲੀ ਜ਼ਬਰਦਸਤ ਕਾਮਯਾਬੀ

ਤਿੰਨ ਦਿਨਾਂ ਦੌਰਾਨ 7000 ਤੋਂ ਵੱਧ ਲੋਕਾਂ ਨੇ ਪੈਵੀਲੀਅਨ ਦਾ ਦੌਰਾ ਕੀਤਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਮਲਟੀਕਲਚਰਲ ਫੈਸਟੀਵਲ ਕੈਰਾਬਰੈਮ ਵੱਲੋਂ ਇਸ ਵਾਰ ਪਹਿਲੀ ਵਾਰ ਪੇਸ਼ ਕੀਤੇ ਗਏ ਪੰਜਾਬ ਪੈਵੀਲੀਅਨ ਨੂੰ ਮਿਲੇ ਜਬਰਦਸਤ ਹੁੰਗਾਰੇ ਤੋਂ ਫੈਸਟੀਵਲ ਦੇ ਪ੍ਰਬੰਧਕ ਖੁਸ਼ ਹਨ। ਮੀਡੀਆ ਵਿੱਚ ਪੰਜਾਬ ਪੈਵੀਲੀਅਨ ਨੂੰ ਲੈ ਕੇ ਉੱਠੇ ਵਿਵਾਦ ਦੇ ਬਾਵਜੂਦ ਇਹ ਪੈਵੀਲੀਅਨ ਹਰ ਵਰਗ ਦੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਪੈਵੀਲੀਅਨ ਦੌਰਾਨ ਪੇਸ਼ ਕੀਤੀਆਂ ਜਾਣ ਵਾਲੀਆਂ ਕਲਾਤਮਕ ਪੇਸ਼ਕਾਰੀਆਂ ਅਤੇ ਦਰਸ਼ਕਾਂ ਦੇ ਰੂਪ ਵਿੱਚ ਹਰ ਵਰਗ ਦੇ ਪੰਜਾਬੀ ਇਸ ਵਿੱਚ ਸ਼ਾਮਲ ਹੋਏ। ਪੈਵੀਲੀਅਨ ਦੌਰਾਨ ਸਿੱਖ, ਹਿੰਦੂ ਜਾਂ ਮੁਸਲਮਾਨ ਪਿਛੋਕੜ ਵਾਲੇ ਪੰਜਾਬੀਆਂ ਦੀ ਹਾਜ਼ਰੀ ਪ੍ਰਤੱਖ ਦੇਖੀ ਜਾ ਸਕਦੀ ਸੀ।
ਪੰਜਾਬ ਪੈਵੀਲੀਅਨ ਦੇ ਜਨਰਲ ਸਕੱਤਰ ਅਹਿਸਾਨ ਖੰਡਾਕਾਰ, ਜਿਹੜੇ ਕਿ ਖੁਦ ਇੱਕ ਗੈਰ-ਪੰਜਾਬੀ ਕੈਨੇਡੀਅਨ ਹਨ, ਦਾ ਕਹਿਣਾ ਹੈ ਕਿ ਤਿੰਨ ਦਿਨਾਂ ਦੌਰਾਨ ਜਿਨ੍ਹਾਂ ਲੋਕਾਂ ਨੇ ਪੈਵੀਲੀਅਨ ਦਾ ਦੌਰਾ ਕੀਤਾ ਜਾਂ ਅੰਦਰ ਲੱਗੀਆਂ ਕੁਰਸੀਆਂ ‘ਤੇ ਬੈਠਕੇ ਸਟੇਜ ਦੇ ਚੱਲ ਰਹੀਆਂ ਨ੍ਰਿਤ ਅਤੇ ਸੰਗੀਤ ਦੀਆਂ ਪੇਸ਼ਕਾਰੀਆਂ ਦੇਖੀਆਂ, ਉਨ੍ਹਾਂ ਦੀ ਅਸੀਂ ਅਨੁਮਾਨਤ ਗਿਣਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਮੁਤਾਬਕ 7 ਹਜ਼ਾਰ ਤੋਂ ਵੱਧ ਲੋਕਾਂ ਨੇ ਪੈਵੀਲੀਅਨ ਵਿੱਚ ਆਪਣੀ ਹਾਜ਼ਰੀ ਭਰੀ। ਸਟੇਜ ਤੇ 12 ਤੋਂ ਵੱਧ ਟੀਮਾਂ ਨੇ ਗੀਤ-ਸੰਗੀਤ ਦੀਆਂ ਆਈਟਮਾਂ ਪੇਸ਼ ਕੀਤੀਆਂ ਅਤੇ 90 ਦੇ ਕਰੀਬ ਕਲਾਕਾਰਾਂ ਨੇ ਇਨ੍ਹਾਂ ਕਲਾ-ਪੇਸ਼ਕਾਰੀਆਂ ਵਿੱਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਪੈਵੀਲੀਅਨ ਦੇ ਅੰਦਰ ਫੂਡ, ਕੱਪੜੇ ਅਤੇ ਗਹਿਣੇ, ਕਲਾ-ਆਈਟਮਾਂ ਅਤੇ ਸਿਹਤ ਸੰਭਾਲ ਨਾਲ ਸਬੰਧਤ 32 ਸਟਾਲਾਂ ਲੱਗੀਆਂ ਹੋਈਆਂ ਸਨ। ਪੰਜਾਬ ਪੈਵੀਲੀਅਨ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਚੱਗਰ ਦਾ ਕਹਿਣਾ ਸੀ ਕਿ ਪੈਵੀਲੀਅਨ ਬਾਰੇ ਜੋ ਵਿਵਾਦ ਖੜ੍ਹਾ ਕਰਨ ਦੀ ਕੁੱਝ ਲੋਕਾਂ ਨੇ ਕੋਸ਼ਿਸ਼ ਕੀਤੀ, ਉਸ ઠਨੇ ਸ਼ੁਰੂ ਸ਼ੁਰੂ ਵਿੱਚ ਸਾਨੂੰ ਕਾਫੀ ਪ੍ਰੇਸ਼ਾਨ ਕੀਤਾ ਪਰ ਇਸ ਦੇ ਬਾਵਜੂਦ ਐਨੇ ਛੋਟੇ ਅਰਸੇ ਵਿੱਚ ਅਸੀਂ ਇਸ ਦਾ ਸਹੀ ਪ੍ਰਬੰਧ ਕਰਨ ਵਿੱਚ ਕਾਮਯਾਬ ਹੋ ਗਏ। ਇਹ ਸਾਰਾ ਕੁੱਝ ਕਮਿਊਨਿਟੀ ਦੁਆਰਾ ਮਿਲੇ ਸਹਿਯੋਗ ਸਦਕਾ ਹੀ ਸੰਭਵ ਹੋਇਆ। ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਲੋਕਾਂ ਨੇ ਇਹ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਅਸੀਂ ਪੰਜਾਬ ਪੈਵੀਲੀਅਨ ਲਗਾ ਕੇ ਪੰਜਾਬ ਨੂੰ ਭਾਰਤ ਤੋਂ ਵੱਖ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਗੱਲ ਸਰਾਸਰ ਗਲਤ ਅਤੇ ਬੇਬੁਨਿਆਦ ਹੈ। ਪੰਜਾਬ ਪੈਵੀਲੀਅਨ ਲਗਾਉਣ ਦਾ ਫੈਸਲਾ ਕੈਰਾਬਰੈਮ ਦੀ ਮੈਨੇਜਮੈਂਟ ਦਾ ਸੀ। ਉਨ੍ਹਾਂ ਸ਼ਾਇਦ ਇਹ ਫੈਸਲਾ ਇਸ ਕਰਕੇ ਲਿਆ ਕਿ ਪੰਜਾਬੀ ਕਮਿਊਨਟੀ ਬਰੈਂਪਟਨ ਵਿੱਚ ਬਹੁਤ ਵੱਡੀ ਕਮਿਊਨਿਟੀ ਹੈ ਅਤੇ ਇਸ ਦੇ ਕਲਚਰ ਨੂੰ ਜ਼ਿਆਦਾ ਵੱਡੇ ਪੱਧਰ ਤੇ ਦਿਖਾਉਣ ਲਈ ਵੱਖਰੇ ਪੈਵੀਲੀਅਨ ਦੀ ਲੋੜ ਹੈ। ਇਸ ਫੈਸਲੇ ਪਿੱਛੇ ਕੋਈ ਰਾਜਨੀਤੀ ਨਹੀਂ ਸੀ ਅਤੇ ਜਿਹੜੇ ਲੋਕ ਪੰਜਾਬ ਪੈਵੀਲੀਅਨ ਦੀ ਟੀਮ ਵਿੱਚ ਹਨ, ਉਨ੍ਹਾਂ ਦਾ ਕਿਸੇ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਸੀ। ਇਹ ਨਿਰੋਲ ਇੱਕ ਸਭਿਆਚਾਰਕ ਪੱਖ ਸੀ। ਜੇ ਕੱਲ੍ਹ ਨੂੰ ਗੁਜਰਾਤੀ ਜਾਂ ਕਿਸੇ ਹੋਰ ਕਲਚਰ ਨੂੰ ਦਿਖਾਉਣ ਲਈ ਇੱਕ ਵੱਖਰਾ ਪੈਵੀਲੀਅਨ ਲੱਗਦਾ ਹੈ ਤਾਂ ਸਾਨੂੰ ਖੁਸ਼ੀ ਹੋਵੇਗੀ। ਪ੍ਰਿਤਪਾਲ ਸਿੰਘ ਚੱਗਰ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਖੁਦ ਇੰਡੀਆ ਪੈਵੀਲੀਅਨ ਦਾ ਦੌਰਾ ਵੀ ਕੀਤਾ ਅਤੇ ਉਸ ਪੈਵੀਲੀਅਨ ਦਾ ਪ੍ਰਬੰਧ ਕਰਨ ਵਾਲੇ ਹੀ ਉਨ੍ਹਾਂ ਦੇ ਦੋਸਤ ਹੀ ਹਨ। ਪੰਜਾਬੀ ਕਲਚਰ ਭਾਰਤੀ ਕਲਚਰ ਦਾ ਇੱਕ ਹਿੱਸਾ ਹੈ ਅਤੇ ਇੱਕ ਕਲਚਰਲ ਫੈਸਟੀਵਲ ਨੂੰ ਰਾਜਨੀਤਕ ਰੰਗ ਦੇਣਾ ਗਲਤ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …