ਫਤਹਿਗੜ੍ਹ ਸਾਹਿਬ ਨਾਲ ਸਬੰਧਤ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਨੂੰ ਕੀਤਾ ਗਿਆ ਸੀ ਕਤਲ
ਨਿਊਯਾਰਕ : ਅਮਰੀਕਾ ਰਹਿੰਦੇ ਭਾਰਤੀ ਮੂਲ ਦੇ ਪੰਜਾਬੀ ਗੁਰਪ੍ਰੀਤ ਸਿੰਘ ਖ਼ਿਲਾਫ਼ ਆਪਣੀ ਪਤਨੀ, ਸੱਸ-ਸਹੁਰੇ ਤੇ ਉਨ੍ਹਾਂ ਦੀ ਇਕ ਰਿਸ਼ਤੇਦਾਰ ਮਹਿਲਾ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਗੁਰਪ੍ਰੀਤ ਵੱਲੋਂ ਗੋਲੀਆਂ ਮਾਰ ਕੇ ਕੀਤੇ ਇਨ੍ਹਾਂ ਕਤਲਾਂ ਨੇ ਅਮਰੀਕੀ ਸੂਬੇ ਓਹੀਓ ਵਿੱਚ ਰਹਿੰਦੇ ਪੰਜਾਬੀਆਂ ਵਿਚ ਸਿੱਖ ਵਿਰੋਧੀ ਹਿੰਸਾ ਦਾ ਖ਼ੌਫ ਪੈਦਾ ਕਰ ਦਿੱਤਾ ਸੀ। ਇਹ ਪਰਿਵਾਰ ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਸੀ। ਵੈਸਟ ਚੈਸਟਰ ਪੁਲਿਸ ਦੇ ਮੁਖੀ ਜੋਇਲ ਹਰਜ਼ੋਗ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਕਤਲ ਦੇ ਚਾਰ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਸਰਕਾਰੀ ਵਕੀਲ ਵੱਲੋਂ ਮੁਲਜ਼ਮ ਲਈ ਮੌਤ ਦੀ ਸਜ਼ਾ ਮੰਗੀ ਜਾਵੇਗੀ। ਗੁਰਪ੍ਰੀਤ ਸਿੰਘ ਦੀ ਪਤਨੀ ਸ਼ਲਿੰਦਰ ਕੌਰ (39), ਉਹਦੀ ਸੱਸ ਪਰਮਜੀਤ ਕੌਰ(62), ਸਹੁਰਾ ਹਕੀਕਤ ਸਿੰਘ ਪਨਾਗ (59) ਤੇ ਸ਼ਲਿੰਦਰ ਦੀ ਰਿਸ਼ਤੇਦਾਰ ਮਹਿਲਾ ਅਮਰਜੀਤ ਕੌਰ (58) 28 ਅਪਰੈਲ ਨੂੰ ਸਿੰਘ ਦੀ ਵੈਸਟ ਚੈਸਟਰ ਸਥਿਤ ਰਿਹਾਇਸ਼ ਤੇ ਮ੍ਰਿਤਕ ਮਿਲੇ ਸਨ। ਸਿੰਘ ਦੀ 11 ਤੇ 9 ਸਾਲਾ ਦੋ ਧੀਆਂ ਤੇ ਪੰਜ ਸਾਲਾਂ ਦਾ ਮੁੰਡਾ ਇਸ ਮੌਕੇ ਘਰ ਵਿੱਚ ਮੌਜੂਦ ਨਹੀਂ ਸਨ। ਗੁਰਪ੍ਰੀਤ ਸਿੰਘ ਨੇ ਖੁਦ ਫੋਨ ਕਰਕੇ ਪੁਲਿਸ ਨੂੰ ਸੱਦਿਆ। ਉਦੋਂ ਉਸ ਨੇ ਦਾਅਵਾ ਕੀਤਾ ਸੀ ਕਿ ਘਰ ਪੁੱਜਣ ਤੇ ਉਸ ਨੂੰ ਪਤਨੀ ਤੇ ਹੋਰ ਮੈਂਬਰ ਮ੍ਰਿਤਕ ਹਾਲਤ ਵਿੱਚ ਮਿਲੇ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਇਸ ਘਟਨਾ ਦੇ ਨਫ਼ਰਤੀ ਹਮਲਾ ਹੋਣ ਤੋਂ ਇਨਕਾਰ ਕੀਤਾ ਸੀ। ਗੁਰਪ੍ਰੀਤ ਟਰੱਕ ਡਰਾਈਵਰ ਸੀ ਤੇ ਅਕਸਰ ਘਰ ਤੋਂ ਬਾਹਰ ਰਹਿੰਦਾ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਗੁਰਪ੍ਰੀਤ ਸਿੰਘ ਕਥਿਤ ਤੌਰ ‘ਤੇ ਨਸ਼ੇ ਦਾ ਆਦੀ ਸੀ ਅਤੇ ਉਸ ਦੇ ਕਿਸੇ ਹੋਰ ਮਹਿਲਾ ਨਾਲ ਕਥਿਤ ਨਜ਼ਾਇਜ਼ ਸਬੰਧ ਵੀ ਸਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …