Breaking News
Home / ਨਜ਼ਰੀਆ / ਪਰਗਟ ਫਿਰ ਪਰਗਟ

ਪਰਗਟ ਫਿਰ ਪਰਗਟ

ਪ੍ਰਿੰ. ਸਰਵਣ ਸਿੰਘ
ਪਿਛਲੇ ਸਾਲ ਪਰਗਟ ਸਿੰਘ ਨੂੰ ਮੁੱਖ ਸੰਸਦੀ ਸਕੱਤਰੀ ਦਾ ਚੋਗਾ ਪਾਇਆ ਗਿਆ ਸੀ ਜੋ ਉਸ ਨੇ ਨਹੀਂ ਸੀ ਚੁਗਿਆ। ਉਦੋਂ ਦੋਸਤਾਂ ਮਿੱਤਰਾਂ ਨੇ ਉਹਨੂੰ ਸੁਚੇਤ ਕਰਦਿਆਂ ਕਿਹਾ ਸੀ, ਪਰਗਟ, ਤੂੰ ਪਰਗਟ ਈ ਰਹੀਂ! ਅਤੇ ਪਰਗਟ, ਪਰਗਟ ਹੀ ਰਿਹਾ! ਹੁਣ ਪਰਗਟ ਫਿਰ ਪਰਗਟ ਹੋ ਗਿਐ। ਬਾਦਲ ਦਲ ਨੇ ਉਸ ਨੂੰ ਬਿਨਾਂ ਵਜ੍ਹਾ ਪਾਰਟੀ ‘ਚੋਂ ਕੱਢ ਦਿੱਤਾ ਸੀ। ਫਿਰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਵਾਲੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਪਰਗਟ ਤੇ ਬੈਂਸ ਭਰਾਵਾਂ ਨੇ ਪੰਜਾਬ ਮੋਰਚੇ ਦੀ ਨੀਂਹ ਰੱਖੀ ਪਰ ਉਸ ਉਤੇ ਕੋਈ ਉਸਾਰੀ ਨਾ ਹੋਈ। ਸਗੋਂ ਨੀਹਾਂ ਹੀ ਪੂਰ ਦਿੱਤੀਆਂ ਗਈਆਂ ਤੇ ਬੈਂਸ ਭਰਾਵਾਂ ਨੇ ਲੋਕ ਇਨਸਾਫ਼ ਪਾਰਟੀ ਬਣਾ ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲਿਆ।
ਨਵਜੋਤ ਸਿੱਧੂ ਤੇ ਪਰਗਟ ਕਾਫੀ ਦੇਰ ਦਲੀਲਾਂ ਵਿਚ ਪਏ ਰਹੇ ਪਈ ਆਪ ਤੇ ਕਾਂਗਰਸ ਦੀਆਂ ਟੀਮਾਂ ‘ਚੋਂ ਕੀਹਦੇ ਵੱਲੋਂ ਖੇਡੀਏ? ਟੀਮ ਦਾ ਕਪਤਾਨ/ਉਪ ਕਪਤਾਨ ਬਣਾਉਣ ਦੀ ਸੌਦੇਬਾਜ਼ੀ ਹੁੰਦੀ ਰਹੀ। ਜਿਵੇਂ ਅੱਜ ਕੱਲ੍ਹ ਲੀਗਾਂ ਲਈ ਕ੍ਰਿਕਟ ਤੇ ਹਾਕੀ ਦੇ ਖਿਡਾਰੀ ਖਰੀਦੇ ਜਾਂਦੇ ਹਨ ਉਵੇਂ ਨਵਜੋਤ ਤੇ ਪਰਗਟ ਵੀ ਕਾਂਗਰਸ ਦੀ ਟੀਮ ਵਿਚ ਪਾ ਲਏ ਗਏ। ਫਿਰ ਉਨ੍ਹਾਂ ਨੇ ਉਹੀ ਕੁਝ ਕਰ ਵਿਖਾਇਆ ਜਿਸ ਦੀ ਆਸ ਰੱਖੀ ਸੀ। ਨਵਜੋਤ ਦੇ ਛੱਕੇ ਤੇ ਪਰਗਟ ਦੇ ਪੈਨਲਟੀ ਕਾਰਨਰ ਨੇ ਕਾਂਗਰਸ ਦੀ ਟੀਮ ਨੂੰ ਤਕੜੀ ਜਿੱਤ ਦਿਵਾਈ। ਵੇਖਦੇ ਹਾਂ ਹੁਣ ਇਨਾਮ ਕੀ ਮਿਲਦੈ? ਪਰਗਟ ਨੇ ਹਾਕੀ ਦੇ 313 ਕੌਮਾਂਤਰੀ ਮੈਚ ਖੇਡੇ ਹਨ ਜਿਨ੍ਹਾਂ ‘ਚੋਂ 168 ਮੈਚਾਂ ਵਿਚ ਉਹ ਭਾਰਤੀ ਟੀਮਾਂ ਦਾ ਕਪਤਾਨ ਬਣਿਆ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਰਿਹਾ। ਉਹ ਅਰਜਨਾ ਅਵਾਰਡੀ ਅਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡੀ ਹੈ ਤੇ ਉਸ ਨੂੰ ਪਦਮ ਸ਼੍ਰੀ ਦਾ ਪੁਰਸਕਾਰ ਵੀ ਮਿਲਿਆ ਹੋਇਐ। ਉਹ ਪੰਜਾਬ ਦਾ ਸਪੋਰਟਸ ਡਾਇਰੈਕਟਰ ਵੀ ਰਿਹਾ ਅਤੇ ਲਗਾਤਾਰ ਹਾਕੀ ਦੀ ਖੇਡ ਨਾਲ ਜੁੜਿਆ ਆ ਰਿਹੈ। ਨਵਜੋਤ ਦੀਆਂ ਖੇਡ ਪ੍ਰਾਪਤੀਆਂ ਵੀ ਬਹੁਤ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2012 ਵਿਚ ਜਲੰਧਰ ਛਾਉਣੀ ਦੀ ਸੀਟ ਜਿੱਤਣ ਲਈ ਹੀ ਉਹਤੋਂ ਖੇਡਾਂ ਦੀ ਡਾਇਰੈਕਟਰੀ ਛੁਡਾਈ ਸੀ। ਉਦੋਂ ਉਹ ਈਮਾਨਦਾਰੀ ਨਾਲ ਖੇਡਾਂ ਦੀ ਸੇਵਾ ਕਰ ਰਿਹਾ ਸੀ ਪਰ ਉਸ ਨੂੰ ਸਿਆਸਤ ਵਿਚ ਆਉਣ ਲਈ ਮਜਬੂਰ ਕੀਤਾ ਗਿਆ। ਜਲੰਧਰ ਛਾਉਣੀ ਦੀ ਸੀਟ ਕਾਂਗਰਸ ਦੀ ਪੱਕੀ ਸੀਟ ਸਮਝੀ ਜਾਂਦੀ ਸੀ। ਉਦੋਂ ਪਰਗਟ ਵਰਗਾ ਹਰਮਨ ਪਿਆਰਾ ਖਿਡਾਰੀ ਹੀ ਇਹ ਸੀਟ ਅਕਾਲੀ ਦਲ ਨੂੰ ਜਿਤਾ ਸਕਦਾ ਸੀ। ਜਿਹੜੇ ਕਹਿੰਦੇ ਸਨ ਕਿ ਅਕਾਲੀ ਦਲ ਨੇ ਪਰਗਟ ਨੂੰ ਟਿਕਟ ਦੇ ਕੇ ਅਹਿਸਾਨ ਕੀਤਾ ਸੀ ਉਨ੍ਹਾਂ ਨੂੰ ਹੁਣ ਪਤਾ ਲੱਗ ਗਿਆ ਹੋਊ ਕਿ ਡਾਇਰੈਕਟਰੀ ਤਿਆਗ ਕੇ ਉਲਟਾ ਪਰਗਟ ਸਿੰਘ ਨੇ ਅਹਿਸਾਨ ਕੀਤਾ ਸੀ।
5 ਮਾਰਚ 1965 ਨੂੰ ਪਿੰਡ ਮਿੱਠਾਪੁਰ ਵਿਚ ਉਹਦਾ ਜਨਮ ਹੋਇਆ। 2005 ਵਿਚ ਉਹ ਪੁਲਿਸ ਕਪਤਾਨੀ ਛੱਡ ਕੇ ਪੰਜਾਬ ਦਾ ਖੇਡ ਡਾਇਰੈਕਟਰ ਬਣਿਆ। ਪੁਲਿਸ ਵਿਚ ਰਹਿੰਦਾ ਤਾਂ ਹੁਣ ਨੂੰ ਆਈ ਜੀ ਦੇ ਅਹੁਦੇ ਤਕ ਪੁੱਜਿਆ ਹੁੰਦਾ। 2010 ਵਿਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਹੋਇਆ ਤਾਂ ਮੈਨੂੰ ਉਸ ਨਾਲ ਵਿਚਰਨ ਦਾ ਮੌਕਾ ਮਿਲਿਆ। ਉਦੋਂ ਮੈਂ ਉਸ ਨੂੰ ਨੇੜਿਓਂ ਜਾਣਿਆਂ। ਉਹ ਡਿਸਿਪਲਿਨ ਦਾ ਪੱਕਾ ਸੀ। ਕਬੱਡੀ ਦਾ ਸੁਧਾਰ ਕਰਨ ਲਈ ਉਸ ਨੇ ਖਿਡਾਰੀਆਂ ਦੇ ਡੋਪ ਟੈੱਸਟ ਕਰਾਉਣ ਦੀ ਸਲਾਹੁਣਯੋਗ ਭੂਮਿਕਾ ਨਿਭਾਈ। ਸਾਡੀ ਕੁਮੈਂਟੇਟਰਾਂ ਦੀ ਟੀਮ ਵਿਚ ਭਗਵੰਤ ਮਾਨ ਵੀ ਸ਼ਾਮਲ ਸੀ। ਭਗਵੰਤ ਮਾਨ ਤੋਂ ਲੈ ਕੇ ਨਵਜੋਤ ਸਿੱਧੂ ਤਕ ਸਾਰੇ ਹੀ ਪਰਗਟ ਦੀ ਕਦਰ ਕਰਦੇ ਹਨ।
ਪਰਗਟ ਦੀ ਪਤਨੀ ਬੀਬੀ ਬਰਿੰਦਰਜੀਤ ਕੌਰ ਸਾਬਕਾ ਗਵਰਨਰ ਦਰਬਾਰਾ ਸਿੰਘ ਦੀ ਧੀ ਹੈ। ਕੈਸੀ ਵਿਡੰਬਣਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਐੱਮ. ਐਲ. ਏ. ਬਣੇ ਪਰਗਟ ਸਿੰਘ ਤੋਂ ਖੇਡਾਂ ਦਾ ਕੋਈ ਕੰਮ ਨਾ ਲਿਆ ਜਿਸ ਵਿਚ ਉਹ ਮਾਹਿਰ ਸੀ। ਖੇਡ ਪ੍ਰੇਮੀਆਂ ਨੂੰ ਆਸ ਸੀ ਕਿ ਉਸ ਨੂੰ ਪੰਜਾਬ ਵਿਚ ਖੇਡਾਂ ਦਾ ਪੱਧਰ ਉਪਰ ਚੁੱਕਣ ਲਈ ਕੋਈ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਜਾਵੇਗੀ ਜੋ ਬਿਲਕੁਲ ਨਹੀਂ ਦਿੱਤੀ ਗਈ। ਸਗੋਂ ਪਰਗਟ ਨੇ ਖੇਡ ਡਾਇਰੈਕਟਰ ਹੁੰਦਿਆਂ ਜਿੰਨੀ ਕੁ ਜਾਨ ਖੇਡ ਵਿਭਾਗ ‘ਚ ਪਾਈ ਸੀ ਉਹ ਵੀ ਕੱਢ ਲਈ ਗਈ। ਖੇਡ ਵਿਭਾਗ ਨੂੰ ਸਸਤੀ ਸਿਆਸੀ ਸ਼ੁਹਰਤ ਲਈ ਲੋਕ ਸੰਪਰਕ ਵਿਭਾਗ ਹੀ ਬਣਾ ਲਿਆ ਗਿਆ।
ਸਿਆਸਤ ਵਿਚ ਭਾਵੇਂ ਉਹਨੂੰ ਮਜਬੂਰੀ ਬਸ ਲਿਆਂਦਾ ਗਿਆ ਸੀ ਪਰ ਹੁਣ ਉਹ ਸਿਆਸਤ ਦਾ ਵੀ ਤਕੜਾ ਖਿਡਾਰੀ ਬਣ ਗਿਆ ਹੈ। ਜਲੰਧਰ ਛਾਉਣੀ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤਿਆ ਹੈ। ਅਕਾਲੀ ਦਲ ਵਾਲੇ ਨੌਜੁਆਨਾਂ ਨੂੰ ਨਸ਼ੇ ਛੁਡਾ ਕੇ ਵਧੀਆ ਖਿਡਾਰੀ ਬਣਾਉਣ ਦਾ ਉਹਤੋ ਕੋਈ ਕੰਮ ਨਹੀਂ ਲੈ ਸਕੇ। ਕੀ ਕਾਂਗਰਸ ਵਾਲੇ ਪਰਗਟ ਨੂੰ ਕੋਈ ਅਜਿਹੀ ਜ਼ਿੰਮੇਵਾਰੀ ਦੇਣਗੇ ਜਿਸ ਨਾਲ ਪੰਜਾਬ ਦੀ ਜੁਆਨੀ ਮੁੜ ਭਾਰਤ ਦੇ ਨਕਸ਼ੇ ਉਤੇ ਛਾ ਜਾਵੇ। ਹਾਲ ਦੀ ਘੜੀ ਤਾਂ ਹਰਿਆਣਾ ਹੀ ਖੇਡਾਂ ਵਿਚ ਪੰਜਾਬ ਨੂੰ ਅੱਗੇ ਨਹੀਂ ਲੰਘਣ ਦੇ ਰਿਹਾ। ਨਸ਼ਿਆਂ ਦੇ ਖ਼ਾਤਮੇ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਚੰਗੀ ਸਿੱਖਿਆ ਤੇ ਚੰਗੀਆਂ ਸਿਹਤ ਸਹੂਲਤਾਂ ਦੇ ਨਾਲ ਖੇਡਾਂ ਦੀ ਵੀ ਬੜੀ ਅਹਿਮੀਅਤ ਹੈ। ਕੀ ਕੈਪਟਨ ਸਰਕਾਰ ਪਰਗਟ ਨੂੰ ਖੇਡ ਮੰਤਰੀ ਬਣਾਏਗੀ ਜਾਂ ਅਕਾਲੀ ਦਲ ਵਾਂਗ ਹੀ ਟਰਕਾਏਗੀ? ਕਦੇ ਅਸੀਂ ਕਿਹਾ ਸੀ, ਪਰਗਟ, ਤੂੰ ਪਰਗਟ ਹੀ ਰਹੀਂ। ਫਿਰ ਕਿਹਾ, ਪਰਗਟ, ਤੂੰ ਪਰਗਟ ਹੀ ਰਿਹਾ! ਹੁਣ ਕਹਿੰਦੇ ਹਾਂ, ਪਰਗਟ ਫਿਰ ਪਰਗਟ। ਅਤੇ ਟੀਮ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਹਾਂ, ਪਰਗਟ ਨੂੰ ਹੋਰ ਪਰਗਟ ਕਰੋ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …