Breaking News
Home / ਨਜ਼ਰੀਆ / ਦੂਰਦਰਸ਼ਨ ਆ ਵੜਿਆ ਵਿਹੜੇ, ਦੂਰ ਬੈਠੇ ਵੀ ਆ ਗਏ ਨੇੜੇ

ਦੂਰਦਰਸ਼ਨ ਆ ਵੜਿਆ ਵਿਹੜੇ, ਦੂਰ ਬੈਠੇ ਵੀ ਆ ਗਏ ਨੇੜੇ

ਪਰਸ਼ੋਤਮ ਲਾਲ ਸਰੋਏ
ਫੋਨ : 92175-44348
ਜੀ ਹਾਂ, ਦੋਸਤੋ! ਅੱਜ ਮੀਡੀਆ ਦਾ ਜ਼ਮਾਨਾ ਹੈ। ਆਧੁਨਿਕਤਾ ਦੀ ਫੇਰੀ ਨੇ ਜਿੱਥੇ ਮਨੁੱਖੀ ਜੀਵਨ ਵਿੱਚ ਖ਼ੁਸ਼ੀਆਂ-ਖੇੜੇ ਬਣਾਉਂਣ ਦੀ ਗਵਾਹੀ ਭਰਨ ਦਾ ਕੰਮ ਕੀਤਾ ਹੈ ਉੱਥੇ ਨਾਲ ਹੀ ਇਸ ਨੇ ਮਨੁੱਖੀ ਜੀਵਨ ਵਿੱਚ ਕਈ ਤਰ੍ਹਾਂ ਦੇ ਗ਼ਮੀਆਂ-ਬਖੇੜੇ ਵੀ ਭਰੇ ਹਨ। ਮਨੁੱਖੀ ਜੀਵਨ ਵਿੱਚ ਟੈਨਸ਼ਨਾਂ ਦਾ ਜ਼ੋਰ ਰਿਹਾ ਹੈ। ਹਰ ਇੱਕ ਮਨੁੱਖ ਹੱਸਣ ਦਾ ਕੋਈ ਨਾ ਕੋਈ ਬਹਾਨਾ ਭਾਲਦਾ ਹੋਇਆ ਨਜ਼ਰੀ ਪੈਂਦਾ ਹੈ। ਆਪ ਹੱਸਣਾ ਤੇ ਦੂਜੇ ਨੂੰ ਹਸਾਉਂਣਾ ਜੀਵਨ ਦੇ ਮਾਇਨੇ ਬਦਲ ਕੇ ਰੱਖ ਦਿੰਦਾ ਹੈ।
ਮੀਡੀਆ ਦਾ ਕੰਮ ਪ੍ਰਚਾਰ ਕਰਨਾ ਹੁੰਦਾ ਹੈ। ਖ਼ੁਸ਼ੀਆਂ ਤੇ ਗ਼ਮੀਆਂ ਸਾਂਝਾ ਕਰਨ ਦਾ ਕੰਮ ਵੀ ਮੀਡੀਆ ਦੇ ਹਿੱਸੇ ਆਇਆ ਹੈ। ਹੁਣ ਜਦ ਮੀਡੀਆ ਦੀ ਗੱਲ ਚੱਲਦੀ ਹੈ ਤਾਂ ਰਸਾਲਿਆ, ਅਖ਼ਬਾਰਾਂ, ਮੈਗ਼ਜ਼ੀਨਾਂ ਆਦਿ ਦੇ ਨਾਲ-ਨਾਲ ਰੇਡੀਓ ਅਤੇ ਟੈਲੀਵੀਜ਼ਨ ਦਾ ਵੀ ਨਾਂ ਆਉਂਦਾ ਹੈ। 15 ਸਤੰਬਰ 1959 ਨੂੰ ਭਾਰਤ ਸਰਕਾਰ ਦੇ ਅਦਾਰੇ ‘ਪ੍ਰਸਾਰ ਭਾਰਤੀ’ ਵੱਲੋਂ ਦੇਸ਼ ਦਾ ਪਹਿਲਾ ਲੋਕ ਸੇਵਾ ਪ੍ਰਸਾਰਣ ਟੈਲੀਵੀਜ਼ਨ ਸਥਾਪਿਤ ਕੀਤਾ ਗਿਆ ਸੀ। ਹੁਣ ਤੱਕ ਯਾਨੀਕਿ 15 ਸਤੰਬਰ, 2017 ਤੱਕ ਇਹਦੀ ਉਮਰ 58 ਸਾਲ ਦੀ ਹੋ ਚੁੱਕੀ ਹੈ ਅਤੇ ਹੁਣ ਇਹ ਅਦਾਰਾ ਪ੍ਰਸਾਰਣ ਦੇ ਖੇਤਰ ਵਿੱਚ ਇੱਕ ਬਹੁਤ ਹੀ ਵੱਡਾ ਅਦਾਰਾ ਬਣ ਚੁੱਕਾ ਹੈ। ਇਸ ਦਾ ਖੇਤਰ ਅੱਜ ਬੜਾ ਵਿਸ਼ਾਲ ਰੂਪ ਧਾਰਨ ਕਰ ਚੁੱਕਾ ਹੈ ਕਿਉਂਕਿ ਸੀਮਿਤ ਪੇਸ਼ਕਾਰੀ ਅਤੇ ਸੀਮਿਤ ਦਾਇਰੇ ਤੋਂ ਸ਼ੁਰੂ ਹੋ ਕੇ ਅੱਜ ਦੂਰਦਰਸ਼ਨ ਨੇ ਸਾਰੀ ਦੁਨੀਆਂ ਨੂੰ ਆਪਣੇ ਦਾਇਰੇ ਅੰਦਰ ਘੇਰ ਕੇ ਲੈ ਆਂਦਾ ਹੈ ਜਿਹੜਾ ਕਿ ਇਸ ਦੀ ਇਕ ਬਹੁਤ ਵੱਡੀ ਪ੍ਰਾਪਤੀ ਹੈ।
ਡਿਜ਼ੀਟਲ ਪ੍ਰਸਾਰਣ ਦੇ ਨਾਲ ਹੀ ਇਸ ਨੇ ਆਨ-ਲਾਈਨ ਪ੍ਰਸਾਰਣ ਦੀ ਪ੍ਰਵਿਰਤੀ ਅਪਣਾ ਕੇ ਦੂਰ ਦੂਰ ਤੱਕ ਵਿਦੇਸ਼ਾਂ ਵਿੱਚ ਬੈਠੇ ਸਰੋਤਿਆਂ ਨੂੰ ਵੀ ਆਪਣੇ ਦਾਇਰੇ ਵਿੱਚ ਲੈ ਆਂਦਾ ਹੈ। ਦੂਜੇ ਸ਼ਬਦਾਂ ਵਿੱਚ ਇੰਝ ਕਿਹਾ ਜਾ ਸਕਦਾ ਹੈ ਕਿ ਇਸ ਨੇ ਲੋਕ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਜਿਸ ਕਰਕੇ ਲੋਕ ਹੁਣ ਦੂਰਦਰਸ਼ਨ ਤੋਂ ਦੂਰ ਨਹੀਂ ਬਲਕਿ ਬਿਲਕੁਲ ਕਰੀਬ ਹੋ ਕੇ ਬੈਠੇ ਦਿਖਾਈ ਦੇ ਰਹੇ ਹਨ।
ਬੇਸ਼ੱਕ ਟੈਲੀਵੀਜ਼ਨ ਦੇ ਖੇਤਰ ਵਿੱਚ ਹੋਰ ਵੀ ਕਈ ਚੈਨਲ ਪ੍ਰਵੇਸ਼ ਕਰ ਚੁੱਕੇ ਹਨ ਪਰ ਫਿਰ ਵੀ ਦੂਰਦਰਸ਼ਨ ਨੇ ਆਪਣੇ ਸਰੋਤਿਆਂ ਦਾ ਭਰੋਸਾ ਨਹੀਂ ਖੁੱਸਣ ਦਿੱਤਾ। ‘ਸਤਿਯਮ ਸਿਵਮ ਸੁੰਦਰਮ’ ਦੀ ਧਾਰਨਾ ਅਪਣਾ ਕੇ ਦੂਰਦਰਸ਼ਨ ਟੈਲੀਵੀਜ਼ਨ ਸਫ਼ਲਤਾ ਦੀ ਪੌੜੀਆਂ ਵੱਲ ਚੜ੍ਹਦਾ ਜਾ ਰਿਹਾ ਹੈ। ਅਦਾਰੇ ਦੁਆਰਾ ਖੇਤਰੀ ਭਾਸ਼ਾ ਵਿੱਚ ਸਥਾਪਿਤ ਕੀਤੇ ਚੈਨਲਾਂ ਵਿੱਚ ਦੂਰਦਰਸ਼ਨ ਪੰਜਾਬੀ ਜਾਂ ਡੀ. ਡੀ. ਪੰਜਾਬੀ ਦਾ ਆਪਣਾ ਵਿਲੱਖਣ ਸਥਾਨ ਹੈ। 24 ਘੰਟੇ ਪ੍ਰਸਾਰਣ ਹੋਣ ਵਾਲੇ ਇਸ ਡੀ. ਡੀ. ਪੰਜਾਬੀ ਚੈਨਲ ਦਾ ਜਨਮ 1998 ਵਿੱਚ ਹੋਇਆ। ਇਸ ਦੇ ਪ੍ਰੋਗਰਾਮਾਂ ਦਾ ਨਿਰਮਾਣ ਤੇ ਪ੍ਰਸਾਰਣ ਦੂਰਦਰਸ਼ਨ ਜਲੰਧਰ ਕੇਂਦਰ ਦੀ ਟੀਮ ਵੱਲੋਂ ਹੀ ਬੜੀ ਮਿਹਨਤ ਅਤੇ ਲਗਨ ਨਾਲ ਕੀਤਾ ਜਾ ਰਿਹਾ ਹੈ। ਇਹ ਚੈਨਲ ਕੇਵਲ ਆਪਣੇ ਦੇਸ਼ ਤੱਕ ਹੀ ਸੀਮਿਤ ਨਹੀਂ ਰਿਹਾ ਬਲਕਿ ਆਪਣੇ ਦੇਸ਼ ਦੇ ਨਾਲ ਹੀ ਗੁਆਂਢੀ ਏਸ਼ੀਆਈ ਮੁਲਕਾਂ ਅਤੇ ਖਾੜੀ ਦੇਸ਼ਾਂ ਤੱਕ ਵੀ ਆਪਣੀ ਪਹੁੰਚ ਕਰਕੇ ਆਪਣੇ ਝੰਡੇ ਗੱਡ ਦਿੱਤੇ ਹਨ। ਡੀ. ਡੀ. ਪੰਜਾਬੀ ਦਾ ਆਨ-ਲਾਈਨ ਪ੍ਰਸਾਰਣ ਹੋਣ ਕਰਕੇ ਦੇਸ਼ ਜਾਂ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਦਰਸ਼ਕ ਇਸ ਦੇ ਪ੍ਰਸਾਰਤ ਕੀਤੇ ਜਾਂਦੇ ਪ੍ਰੋਗਰਾਮਾਂ ਦਾ ਨਿੱਘ ਮਾਣ ਸਕਦੇ ਹਨ। ਡੀ. ਡੀ. ਪੰਜਾਬੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਸੁਹਾਵਣਾ ਅਤੇ ਸੰਤੁਸ਼ਟੀਜਨਕ ਸਫ਼ਰ ਤਹਿ ਕਰਨ ਦਾ ਇੱਕੋ ਇੱਕ ਕਾਰਨ ਇਸ ਦੀ ਸਮੁੱਚੀ ਟੀਮ, ਜਿਸ ਵਿੱਚ ਡਿਪਟੀ ਡਾਇਰੈਕਟਰ ਤੋਂ ਲੈ ਕੇ ਪ੍ਰੋਡਕਸ਼ਨ, ਇੰਜੀਨੀਅਰਿੰਗ ਵਿਭਾਗ ਅਤੇ ਹੋਰ ਸੈਂਕੜੇ ਮਿਹਨਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਅਣਥੱਕ ਮਿਹਨਤ ਦਾ ਨਤੀਜ਼ਾ ਹੈ। ਸਾਰੇ ਅਧਿਕਾਰੀਆਂ ਨੇ ਆਪਣੀ ਸੋਚ ਅਤੇ ਸਮਰੱਥਾ ਦੇ ਮੁਤਾਬਕ ਚੈਨਲ ਨੂੰ ਬਿਹਤਰੀ ਦੇ ਮੁਕਾਮ ਤੱਕ ਪਹੁੰਚਾਉਂਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਜਿਸਨੇ ਕਿ ਦਰਸ਼ਕਾਂ ਦੀ ਗਿਣਤੀ ਵਿੱਚ ਬੇ-ਹਿਸਾਬ ਵਾਧਾ ਕੀਤਾ ਹੈ।
ਅਕਸਰ ਦੇਖਿਆ ਗਿਆ ਹੈ ਕਿ ਜਦੋਂ ਕਦੇ ਚੈਨਲਾਂ ਦੀ ਰੂਪ-ਰੇਖਾ ਦੀ ਬਿਹਤਰੀ ਦੇ ਲਈ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਸ਼ੁਰੂਆਤੀ ਦੌਰ ਵਿੱਚ ਇਹ ਖਟਕਦੀਆਂ ਨਜ਼ਰੀਂ ਪੈਂਦੀਆਂ ਹਨ, ਪਰ ਜਦੋਂ ਇਹਦੇ ਪ੍ਰੋਗਰਾਮਾਂ ਵਿੱਚ ਨਿਖਾਰ ਆਉਂਦਾ ਦਿਖਾਈ ਦਿੰਦਾ ਹੈ ਤਾਂ ਇਸ ਨਾਲ ਚੈਨਲ ਨੂੰ ਹੋਰ ਚਾਰ ਚੰਨ ਲੱਗ ਜਾਂਦੇ ਹਨ। ਜਦ ਕਦੇ ਲੱਗਦਾ ਹੈ ਕਿ ਇਹ ਕੀਤੀ ਗਈ ਤਬਦੀਲੀ ਕਾਰਗਰ ਸਿੱਧ ਨਹੀਂ ਹੋ ਰਹੀ ਤਾਂ ਅਧਿਕਾਰੀ ਇਸ ‘ਤੇ ਮੁੜ ਵਿਚਾਰਾਂ ਕਰ ਕੇ ਪ੍ਰੋਗਰਾਮ ਨੂੰ ਬਿਹਤਰ ਬਣਾਉਂਣ ਦੇ ਉਪਰਾਲੇ ਕਰਦੇ ਹਨ। ਦਰਸ਼ਕਾਂ ਦੀ ਰਾਏ ਨੂੰ ਵੀ ਕਾਫ਼ੀ ਅਹਿਮਅਤ ਦਿੱਤੀ ਜਾਂਦੀ ਹੈ।
ਇਨ੍ਹੀਂ ਦਿਨੀ ਪ੍ਰਸਾਰਣ ਕੀਤੇ ਜਾ ਰਹੇ ਪ੍ਰੋਗਰਾਮਾਂ ਨੂੰ ਨਿਖਾਰ ਕੇ ਪ੍ਰਸਾਰਣ ਕਰਨ ਅਤੇ ਪ੍ਰੋਗਰਾਮ ਨੂੰ ਮਕਬੂਲ ਬਣਾਉਣ ਦੀ ਜ਼ਿੰਮੇਵਾਰੀ ਡੀ. ਡੀ. ਪੰਜਾਬੀ ਚੈਨਲ ਦੇ ਮੌਜੂਦਾ ਮੁਖੀ ਡਾ. ਇੰਦੂ ਵਰਮਾ ਜੀ ਬਾਖ਼ੂਬੀ ਨਿਭਾ ਰਹੇ ਹਨ। ਉਹ ਪ੍ਰੋਗਰਾਮਾਂ ਨੂੰ ਹੋਰ ਵੱਧ ਤੋਂ ਵੱਧ ਮਕਬੂਲ ਬਣਾਉਣ ਲਈ ਯਤਨਸ਼ੀਲ ਹਨ। ਡੀ. ਡੀ. ਪੰਜਾਬੀ ਦੇ ਬੇਹੱਦ ਮਕਬੂਲ ਪ੍ਰੋਗਰਾਮ ‘ਗੱਲਾ ਤੇ ਗੀਤ’ ਅਤੇ ‘ਖ਼ਾਸ ਖ਼ਬਰ ਇੱਕ ਨਜ਼ਰ’, ‘ਅੱਜ ਦਾ ਮਸਲਾ’ ਤੇ ਕਈ ਹੋਰ ਲਾਈਵ ਪ੍ਰੋਗਰਾਮਾਂ ਨੂੰ ਹੋਰ ਮਕਬੂਲ ਕਰਨ ਅਤੇ ਇਸਦੀ ਬਿਹਤਰੀ ਲਈ ਕੁਝ ਤਬਦੀਲੀਆਂ ਕੀਤੀਆਂ ਗਈਆਂ ਜਿਹੜੀਆਂ ਕਿ ਸਫ਼ਲ ਸਿੱਧ ਹੋਈਆਂ। ਉਨ੍ਹਾਂ ਵੱਲੋਂ ਪ੍ਰੋਗਰਾਮਾਂ ਵਿੱਚ ਰੰਗ ਭਰਨ ਲਈ ਪ੍ਰੋਗਰਾਮਾਂ ਦੇ ਪੇਸ਼ਕਰਤਾਵਾਂ ਵਿੱਚ ਕਈ ਨਵੇਂ ਚਿਹਰਿਆਂ ਨੂੰ ਦਰਸ਼ਕਾਂ ਦੇ ਸਾਹਮਣੇ ਰੂਬਰੂ ਕੀਤਾ ਜਾ ਰਿਹਾ ਹੈ ਤਾਂ ਕਿ ਇੱਕ ਤਾਂ ਨਵਿਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲ ਸਕੇ ਤੇ ਦੂਜਾ ਇਹ ਕਿ ਪ੍ਰੋਗਰਾਮ ਵਿੱਚ ਨਿਖ਼ਾਰ ਆ ਸਕੇ।
ਸ਼ੁੱਕਰਵਾਰ ਵਾਲੇ ਦਿਨ ‘ਗੱਲਾਂ ਤੇ ਗੀਤ’ ਦੀ ਪੇਸ਼ਕਾਰੀ ਦਰਸ਼ਕਾਂ ਨੂੰ ਆਪਣੇ ਹੋਰ ਨੇੜੇ ਖਿੱਚਦੀ ਹੋਈ ਨਜ਼ਰੀ ਪੈਂਦੀ ਹੈ। ਇਸ ਦੇ ਨਾਲ ਹੀ ਸਵੇਰ ਦੇ ‘ਸੱਜਰੀ ਸਵੇਰ’ ਪ੍ਰੋਗਰਾਮ ਪ੍ਰਸਾਰਣ ਸੈਗਮੈਂਟ ਦੇ ਖ਼ਬਰਾਂ ‘ਤੇ ਚਰਚਾ ਕਰਦੇ ਪ੍ਰੋਗਰਾਮ ‘ਖ਼ਾਸ ਖ਼ਬਰ-ਇੱਕ ਨਜ਼ਰ’ ਵਿੱਚ ਵੀ ਤਬਦੀਲੀਆਂ ਆਈਆਂ ਹਨ। ਨਵੇਂ ਚਿਹਰਿਆਂ ਵਿੱਚ ਮੀਡੀਆ ਨਾਲ ਜੁੜੀਆਂ ਸੂਝਵਾਨ ਸ਼ਖ਼ਸੀਅਤਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਪ੍ਰੋਗਰਾਮਾਂ ਵਿੱਚ ਫ਼ੋਨ ‘ਤੇ ਦਰਸ਼ਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੋ ਸਕੇ ਤਾਂ ਇਸ ‘ਤੇ ਅਮਲ ਵੀ ਕੀਤਾ ਜਾਂਦਾ ਹੈ ਜਿਸ ਨਾਲ ਚੈਨਲ ਅਤੇ ਦਰਸ਼ਕਾਂ ਵਿੱਚ ਨੇੜਤਾ ਵਧਦੀ ਹੈ ਤੇ ਚੈਨਲ ਬੁਲੰਦੀ ਦੀਆਂ ਸਿਖ਼ਰਾਂ ਵੱਲ ਨੂੰ ਕਦਮ ਪੁੱਟਣਾ ਸ਼ੁਰੂ ਕਰ ਦਿੰਦਾ ਹੈ। ਭਾਵੇਂ ਕਿ ਪ੍ਰੋਗਰਾਮਾਂ ਦੀ ਤਬਦੀਲੀ ਦੀ ਸ਼ੁਰੂ ਵਿੱਚ ਆਲੋਚਨਾ ਹੁੰਦੀ ਹੈ ਪਰ ਬਾਅਦ ਵਿੱਚ ਇਹੀ ਪ੍ਰਵਾਨ ਵੀ ਚੜ੍ਹਦੇ ਹਨ। ਇਸ ਵੇਲੇ ਇਸ ਪ੍ਰੋਗਰਾਮ ਨੂੰ ਨੌਜ਼ਵਾਨ ਪ੍ਰੋਡਿਊਸਰ ਸੁਰਿੰਦਰ ਸਿੰਘ ਬਾਲੀ ਦੇਖ ਰਹੇ ਹਨ। ਉਹ ਇਸ ਸੋਚ ਦੇ ਧਾਰਣੀ ਹਨ ਕਿ ਪ੍ਰੋਗਰਾਮ ਵਿੱਚ ਨਵੇਂ ਚਿਹਰੇ ਨਵਾਪਣ ਲਿਆਉਂਣ ਵਿੱਚ ਸਹਾਇਕ ਸਿੱਧ ਹੁੰਦੇ ਹਨ। ਫਿਰ ਜਿਹੜੇ ਨਵੇਂ ਪੇਸ਼ਕਰਤਾ ਆਪਣੀ ਕਾਬਲੀਅਤ ਨੂੰ ਦਿਖਾ ਦਿੰਦੇ ਹਨ ਉਨ੍ਹਾਂ ਨੂੰ ਅੱਗੇ ਵੀ ਮੌਕਾ ਮਿਲਦਾ ਹੈ। ਜਿਹੜੇ ਪ੍ਰੋਗਰਾਮ ਦੇ ਅਨੁਸਾਰ ਆਪਣੇ ਆਪ ਨੂੰ ਨਹੀਂ ਢਾਲ ਸਕਦੇ ਉਹ ਫਿਰ ਪ੍ਰਵਾਨ ਨਹੀਂ ਹੁੰਦੇ।
ਚੈਨਲ ਦੇ ਕੀਤੇ ਜਾ ਰਹੇ ਇਨ੍ਹਾਂ ਤਜ਼ਰਬਿਆਂ ਸਦਕਾ ਨਵਾਂ ਟੈਲੈਂਟ ਸਾਹਮਣੇ ਲਿਆਉਂਣਾ ਚੈਨਲ ਦੀ ਤਰੱਕੀ ਲਈ ਰਾਹ ਦਸੇਰਾ ਸਾਬਤ ਹੁੰਦਾ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ 1998 ਤੋਂ ਲੈ ਕੇ ਹੁਣ ਤੱਕ ਯਾਨੀਕਿ 2017 ਤੱਕ ਦਾ ਡੀ. ਡੀ. ਪੰਜਾਬੀ ਚੈਨਲ ਦਾ 19 ਸਾਲ ਦਾ ਇਹ ਸਫ਼ਰ ਬੜਾ ਸਫ਼ਲ ਸਿੱਧ ਹੋਇਆ ਹੈ। ਜਲੰਧਰ ਦੂਰਦਰਸ਼ਨ ਕੇਂਦਰ ਦੇ ਵਿਹੜੇ ਵਿੱਚ ਇਸ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਰੰਗਾ-ਰੰਗ ਪ੍ਰੋਗਰਾਮ ‘ਸੁਨਿਹਰੀ ਸਫ਼ਰ’ ਵੀ ਕੀਤਾ। ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਮੁਖੀ ਡਾ. ਇੰਦੂ ਵਰਮਾ ਨੇ ਇਹ ਦਾਅਵਾ ਵੀ ਕੀਤਾ ਕਿ ਹਰ ਪ੍ਰੋਗਰਾਮ ਹਰ ਵਰਗ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਪ੍ਰੋਗਰਾਮਾਂ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਚੈਨਲ ਦੁਆਰਾ ਪ੍ਰਸਾਰਤ ਕੀਤੇ ਜਾਂਦੇ ਸੱਭਿਆਚਾਰਕ, ਸੰਸਕ੍ਰਿਤ, ਰੀਤੀ-ਰਿਵਾਜ਼, ਪਹਿਰਾਵੇ ਅਤੇ ਇਤਿਹਾਸ ਨੂੰ ਦਰਸਾਉਂਦੇ ਪ੍ਰੋਗਰਾਮਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈ ਜਿਹੜੇ ਕਿ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਕਰਦੇ ਹਨ। ਲਾਈਵ ਪ੍ਰੋਗਰਾਮ ‘ਗੱਲਾਂ ਤੇ ਗੀਤ’ ਅਤੇ ‘ਖ਼ਾਸ ਖ਼ਬਰ ਇੱਕ ਨਜ਼ਰ’ ਦਰਸ਼ਕਾਂ ਦੇ ਕਾਫ਼ੀ ਪਸੰਦੀਦਾ ਪ੍ਰੋਗਰਾਮ ਹਨ।
ਸਮੇਂ-ਸਮੇਂ ਪ੍ਰੋਗਰਾਮਾਂ ਦੀ ਰੂਪ-ਰੇਖਾ ਵਿੱਚ ਤਬਦੀਲੀ ਕਈ ਵਾਰ ਬਹੁਤਿਆਂ ਨੂੰ ਚੁੱਭੀ ਵੀ ਹੈ ਤੇ ਆਲੋਚਨਾ ਤੋਂ ਵੀ ਚੈਨਲ ਨੇ ਕੁਝ ਨਾ ਕੁਝ ਸਿੱਖਿਆ ਗ੍ਰਹਿਣ ਕੀਤੀ ਹੈ। ਬਾਕੀ ਬੇਲੋੜੀ ਆਲੋਚਨਾ ਕਈ ਵਾਰੀ ਸੁਧਾਰਾਂ ਦੇ ਰਾਸਤੇ ਵਿੱਚ ਰੋੜਾ ਬਣ ਜਾਂਦੀ ਹੈ ਆਲੋਚਨਾ ਸਾਰਥਕ ਹੋਵੇ ਤਾਂ ਉਹ ਸਹੀ ਮੰਨੀ ਜਾਂਦੀ ਹੈ। ਨਿਸ਼ਾਨਾ ਧਾਰ ਕੇ ਕੀਤੀ ਆਲੋਚਨਾ ਨਾਕਾਰਤਮਕ ਰੂਪ ਧਾਰ ਲੈਂਦੀ ਹੈ ਜਿਹੜਾ ਕਿ ਠੀਕ ਝੁਕਾਅ ਨਹੀਂ ਹੈ। ਆਲੋਚਨਾ ਨੂੰ ਸਿਰ ਮੱਥੇ ਰੱਖ ਕੇ ਵੀ ਡੀ. ਡੀ. ਪੰਜਾਬੀ ਚੈਨਲ ਨੇ ਕੁਝ ਨਾ ਕੁਝ ਸਿੱਖਿਆ ਹੀ ਹੈ। ਇਹੀ ਇਸ ਚੈਨਲ ਦੀ ਮਕਬੂਲੀਅਤ ਦਾ ਵੀ ਕਾਰਨ ਹੈ। ਮੈਂ ਇਹੀ ਆਸ ਕਰਦਾ ਕਿ ਇਹ ਚੈਨਲ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰਦਾ ਹੋਇਆ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।
ਧੰਨਵਾਦ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …