Breaking News
Home / ਨਜ਼ਰੀਆ / ਸਾਹਿਰ ਲੁਧਿਆਨਵੀ – ਕੁੱਸ਼ ਖ਼ਾਰ ਤੋ ਕੰਮ ਕਰ ਗਏ ਗੁਜ਼ਰੇ ਜਿਧਰ ਸੇ ਹਮ

ਸਾਹਿਰ ਲੁਧਿਆਨਵੀ – ਕੁੱਸ਼ ਖ਼ਾਰ ਤੋ ਕੰਮ ਕਰ ਗਏ ਗੁਜ਼ਰੇ ਜਿਧਰ ਸੇ ਹਮ

ਸਾਹਿਰ ਲੁਧਿਆਨਵੀ ਦੇ ਬਾਪ ਦਾ ਨਾਮ ਫ਼ਜ਼ਲ ਮੁਹੱਮਦ ਅਤੇ ਮਾਤਾ ਦਾ ਨਾਮ ਸਰਦਾਰ ਬੀਬੀ ਸੀ। ਫ਼ਜ਼ਲ ਮੁਹੱਮਦ ਇੱਕ ਅਮੀਰ ਜ਼ਿਮੀਦਾਰ ਸੀ ਅਤੇ ਅਨਪੜ੍ਹ ਸੀ। ਉਸਦਾ ਕਹਿਣਾ ਸੀ ਕਿ ਅਮੀਰਾਂ ਦੇ ਪੁੱਤਾਂ ਨੇ ਕਿਹੜਾ ਨੌਕਰੀ ਕਰਨੀ ਹੈ ਇਸ ਲਈ ਪੜ੍ਹਾਈ ਦੀ ਲੋੜ ਨਹੀਂ। ਫ਼ਜ਼ਲ ਮੁਹੱਮਦ ਨੇ ਦਸ ਸ਼ਾਦੀਆਂ ਕਰਵਾਈਆਂ ਪਰ ਸਰੀਰ ਵਿੱਚ ਕਿਸੇ ਤੱਤ ਦੀ ਘਾਟ ਹੋਣ ਕਰਕੇ ਬੱਚਾ ਪੈਦਾ ਨਾ ਕਰ ਸਕਿਆ। ਸਰਦਾਰ ਬੀਬੀ ਉਸਦੀ ਗਿਅਰਵੀਂ ਘਰ ਵਾਲੀ ਸੀ ਜਿਸਨੇ 8 ਮਾਰਚ 1921 ਨੂੰ ਇੱਕ ਲੜਕੇ ਨੂੰ ਜਨਮ ਦਿੱਤਾ। ਬੱਚੇ ਦਾ ਨਾਮ ਅਬਦੁਲ ਹੱਈ ਰੱਖਿਆ ਗਿਆ।
ਅਬਦੁਲ ਹੱਈ ਬਹੁਤ ਹੀ ਸੁੰਦਰ ਬੱਚਾ ਸੀ ਜਿਸਨੂੰ ਕਈ ਮਾਤਾਵਾਂ ਦਾ ਪਿਆਰ ਮਿਲਿਆ। ਛੋਟੀ ਉਮਰ ਵਿੱਚ ਉਸਨੂੰ ਮਾਤਾ (ਚੇਚਕ) ਨਿਕਲੀ ਜਿਸ ਕਰਕੇ ਉਸਦੇ ਮੂੰਹ ‘ਤੇ ਦਾਗ਼ ਪੈ ਗਏ।
ਸਾਹਿਰ ਦੇ ਜਨਮ ਸਥਾਨ ਬਾਰੇ ਕੁੱਝ ਖੁੱਲ੍ਹ ਕੇ ਲਿਖਿਆ ਨਹੀਂ ਜਾ ਸਕਦਾ। ਕੰਪਿਊਟਰ ਦੇ ਲੇਖ ਅਨੁਸਾਰ ਉਸਦਾ ਪਿੰਡ ਕਰੀਮਪੁਰਾ ਦੱਸਿਆ ਜਾਂਦਾ ਹੈ ਜਿਹੜਾ ਲੁਧਿਆਣਾ ਜਗਰਾਓਂ ਸੜਕ ਤੇ ਹਸਨਪੁਰ ਪਿੰਡ ਦੇ ਲਾਗੇ ਹੈ। ਇਹ ਮੁਸਲਮਾਨਾਂ ਦਾ ਪਿੰਡ ਸੀ ਜਿਸਦੀ ਆਬਾਦੀ ਸਿਰਫ ਵੀਹ ਘਰ ਸਨ। 1947 ਵਿੱਚ ਮੁਸਲਮਾਨ ਪਾਕਿਸਤਾਨ ਚਲੇ ਗਏ ਅਤੇ ਲੋਕਾਂ ਨੇ ਸਭ ਕੁੱਝ ਲੁੱਟ ਪੁੱਟ ਕੇ ਪਿੰਡ ਦਾ ਨਾਮੁਨਿਸ਼ਾਨ ਹੀ ਖਤਮ ਕਰ ਦਿੱਤਾ ਹੈ। ਪਰ ਪਟਵਾਰੀਆਂ ਦੇ ਨਕਸ਼ੇ ਅਤੇ ਕੰਪਿਊਟਰ ਸਕਰੀਨ ਤੇ ਇਹ ਨਾਮ ਪੜ੍ਹਿਆ ਜਾ ਸਕਦਾ ਹੈ। ਇੱਕ ਹੋਰ ਲਿਖਤ ਦੇ ਅਨੁਸਾਰ ਉਸਦਾ ਪਿੰਡ ਦਰੇਸੀ ਗਰਾਊਂਡ ਦੇ ਨੇੜੇ ਸੇਖੇਵਾਲ ਦੱਸਿਆ ਜਾਂਦਾ ਹੈ।
ਸਾਹਿਰ ਅਜੇ ਸੱਤ ਸਾਲ ਦਾ ਸੀ ਕਿ ਉਸਦਾ ਬਾਪ ਇੱਕ ਹੋਰ ਸ਼ਾਦੀ ਕਰਵਾਉਣਾ ਚਾਹੁੰਦਾ ਸੀ ਜਿਸ ਕਰਕੇ ਘਰ ਵਿੱਚ ਕਲੇਸ਼ ਪੈ ਗਿਆ ਅਤੇ ਨੌਬਤ ਤਲਾਕ ਤੱਕ ਪਹੁੰਚ ਗਈ। ਜੱਜ ਦੇ ਪੁੱਛਣ ‘ਤੇ ਸਾਹਿਰ ਨੇ ਅਪਣੀ ਮਾਂ ਨਾਲ ਰਹਿਣ ਦੀ ਇੱਛਾ ਪ੍ਰਗਟ ਕੀਤੀ ਅਤੇ ਉਸਦੇ ਬਾਪ ਦੀ ਜਾਇਦਾਦ ਦਾ ਹਿੱਸਾ ਵੀ ਨਾ ਮਿਲਿਆ। ਸਾਹਿਰ ਦੀ ਮਾਂ ਉਸ ਨੂੰ ਨਾਲ ਲੈ ਕੇ ਅਪਣੇ ਭਰਾ ਦੇ ਘਰ ਆ ਗਈ
ਜਿਹੜਾ ਰੇਲਵੇ ਦੀ ਮਾਮੂਲੀ ਨੌਕਰੀ ਕਰਦਾ ਸੀ। ਥੋੜ੍ਹੀ ਤਨਖਾਹ ਕਾਰਣ ਟੱਬਰ ਦਾ ਗੁਜਾਰਾ ਹੋਣਾ ਔਖਾ ਸੀ ਜਿਸ ਕਰਕੇ ਸਾਹਿਰ ਦੀ ਮਾਂ ਨੂੰ ਲੋਕਾਂ ਦੇ ਘਰਾਂ ਵਿੱਚ ਨੌਕਰੀ ਕਰਨੀ ਪਈ ਅਤੇ ਗ਼ਰੀਬੀ ਦੇ ਦਿਨ ਕੱਟਣੇ ਪਏ। ਕੁੱਝ ਲੋਕ ਤਾਂ ਇਹ ਭੀ ਕਹਿੰਦੇ ਨੇ ਕਿ ਉਸਦੀ ਮਾਂ ਨੇ ਧੰਦਾ ਵੀ ਕੀਤਾ ਪਰ ਇਹ ਗਲਤ ਬਾਤ ਹੈ।
ਸਾਹਿਰ ਨੇ ਹੁਣ ਪ੍ਰਾਇਮਰੀ ਸਕੂਲ ਪਾਸ ਕਰ ਲਿਆ ਸੀ ਅਤੇ ਅਪਣੀ ਮਾਂ ਦੇ ਨਾਲ ਉੱਚੇ ਪੁਲ ਲਾਗੇ ਰਹਿਣ ਲੱਗ ਪਿਆ। ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਸਕੂਲ ਲੁਧਿਆਣੇ ਦਾ ਸਭ ਤੋਂ ਪੁਰਾਣਾ ਹਾਈ ਸਕੂਲ ਹੈ ਅਤੇ ਅਜੇ ਭੀ ਚਲ ਰਿਹਾ ਹੈ। ਜਦ ਉਹ ਨੌਵੀਂ ਜਮਾਤ ਵਿੱਚ ਸੀ ਤਾਂ ਉਸਨੇ ਕਮਿਉਨਿਜ਼ਮ ਬਾਰੇ ਕਿਤਾਬਾਂ ਅਤੇ ਲੇਖ ਪੜ੍ਹਣੇ ਅਰੰਭ ਕੀਤੇ ਅਤੇ ਜਦ ਦਸਵੀਂ ਜਮਾਤ ਵਿੱਚ ਸੀ ਤਾਂ ਉਸਨੇ ਆਪਣੀ ਪਹਿਲ਼ੀ ਕਵਿਤਾ ਲਿੱਖੀ ਜਿਹੜੀ ਉਸਨੇ ਅਪਣੇ ਦੋਸਤ ਰਾਹੀਂ ਉਰਦੂ ਦੇ ਮਾਸਟਰ ਨੂੰ ਦਿਖਾਈ। ਮਾਸਟਰ ਨੇ ਉੇਸ ਨੂੰ ਸ਼ਾਬਾਸ਼ ਦੇ ਕੇ ਉਸਦਾ ਹੌਂਸਲਾ ਵਧਾਇਆ। 1937 ਵਿੱਚ ਦਸਵੀਂ ਪਾਸ ਕੀਤੀ ਅਤੇ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਦਾਖਲਾ ਲਿਆ। ਉਸਦੇ ਦਾਖਲੇ ਦਾ ਫਾਰਮ ਅਜੇ ਤੱਕ ਦਫਤਰ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਉਸਨੇ ਅਪਣੀ ਖੇਡ ਕ੍ਰਿਕਟ, ਸ਼ੌਕ ਫੋਟੋਗ੍ਰਾਫੀ ਅਤੇ ਇੱਛਾ ਵਕੀਲ ਬਨਣ ਦੀ ਲਿਖੀ।
ਹੁਣ ਤੱਕ ਲੋਕ ਉਸਨੂੰ ਅਬਦੁਲ ਹੀ ਕਹਿੰਦੇ ਸਨ। ਕਾਲਜ ਵਿੱਚ ਜਾਕੇ ਉਸਨੇ ਕਵਿਤਾਵਾਂ ਲਿਖਣੀਆਂ ਅਰੰਭ ਕੀਤੀਆਂ ਅਤੇ ਕਵੀ ਦਰਵਾਰਾਂ ਵਿੱਚ ਹਿੱਸਾ ਲੈਣਾ ਆਰੰਭ ਕੀਤਾ। ਹੁਣ ਉਹ ਕਵੀ ਬਣ ਗਿਆ ਸੀ ਅਤੇ ਆਪਣਾ ਤਖੱਲਸ ਲੱਭ ਰਿਹਾ ਸੀ। ਇੱਕ ਦਿਨ ਉਹ ਮੁਹੱਮਦ ਇਕਬਾਲ ਦੀ ਨਜ਼ਮ ਪੜ੍ਹ ਰਿਹਾ ਸੀ ਜਿਸ ਦੀਆਂ ਲਾਈਨਾਂ ਇਸ ਤਰ੍ਹਾਂ ਹਨ;-
ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲੇ ਸ਼ੀਰਾਜ਼ ਭੀ
ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬੇ ਏ ਏਜਾਜ਼ ਭੀ
ਇਹ ਪੜ੍ਹ ਕੇ ਉਸਨੇ ਅਪਣਾ ਤਖ਼ੱਲਸ ‘ਸਾਹਿਰ’ ਚੁਣਿਆ ਜਿਸਦੇ ਅਰਥ ਹਨ ਜਾਦੂਗਰ ਅਤੇ ਆਪਣੇ ਆਪ ਨੂੰ ਏ.ਐਚ. ਸਾਹਿਰ ਲਿਖਣ ਲੱਗਾ। ਕਾਲਿਜ ਦੇ ਪਹਿਲੇ ਸਾਲ ਉਹ ਸਟੂਡੈਂਟ ਯੂਨੀਅਨ ਦਾ ਮੈਂਬਰ ਬਣਿਆ ਅਤੇ ਦੋ ਹੜਤਾਲ਼ਾਂ ਵੀ ਕਰਵਾਈਆਂ। ਲੁਧਿਆਣੇ ਦੇ ਇੱਕ ਕਮਿਊਨਿਸਟ ਲੀਡਰ ਮਦਨ ਲਾਲ ਦੀਦੀ ਨਾਲ ਉਸਦੀ ਜਾਨ ਪਛਾਣ ਹੋਈ। 1939 ਵਿੱਚ ਉਸ ਦੀਆਂ ਕਵਿਤਾਵਾਂ ਮੇਰਟ ਦੇ ਇੱਕ ਅਖ਼ਬਾਰ ਕਿਰਤੀ ਲਹਿਰ ਵਿੱਚ ਏ.ਐਚ. ਸਾਹਿਰ ਦੇ ਨਾਮ ਹੇਠ ਛਪਣ ਲੱਗੀਆਂ। ਲੁਧਿਆਣੇ ਦਾ ਇੱਕ ਮੈਜਿਸਟਰੇਟ ਅਪਣੀ ਕਾਰ ਭੇਜਕੇ ਉਸਨੂੰ ਘਰ ਬੁਲਾਉਂਦਾ ਅਤੇ ਕਵਿਤਾਵਾਂ ਸੁਣਦਾ।
ਉਹਨਾਂ ਦਿਨਾਂ ਵਿੱਚ ਮਹਾਤਮਾ ਗਾਂਧੀ ਦੀ ਚਲਾਈ ਹੋਈ ਆਜ਼ਾਦੀ ਦੀ ਲਹਿਰ ਵੀ ਜ਼ੋਰ ਫੜ ਗਈ ਸੀ। ਮੁਨਸ਼ੀ ਪ੍ਰੇਮ ਚੰਦ, ਖਵਾਜਾ ਅਹਿਮਦ ਅੱਬਾਸ, ਕ੍ਰਿਸ਼ਨ ਚੰਦਰ ਅਤੇ ਕੈਫ਼ੀ ਆਜ਼ਮੀ ਵਰਗੇ ਲਿਖਾਰੀ ਗਾਂਧੀ ਜੀ ਦੇ ਹੱਕ ਵਿੱਚ ਲੇਖ ਲਿੱਖਣ ਲੱਗੇ। ਇਨ੍ਹਾਂ ਲਿਖਤਾਂ ਦਾ ਸਾਹਿਰ ਦੇ ਮਨ ‘ਤੇ ਡੂੰਘਾ ਅਸਰ ਹੋਇਆ ਅਤੇ ਉੇਹ ਵੀ ਇਨਕਲਾਬੀ ਕਵਿਤਾਵਾਂ ਲਿਖਣ ਲੱਗ ਪਿਆ।
ਸਾਹਿਰ ਦਾ ਰੰਗ ਗੋਰਾ, ਪਤਲਾ ਸਰੀਰ ਅਤੇ ਕੱਦ ਲੰਬਾ ਹੋਣ ਕਰਕੇ ਬਹੁਤ ਹੀ ਪਿਆਰਾ ਲਗਦਾ ਸੀ। ਮੁੰਡੇ ਕੁੜੀਆਂ ਸਭ ਉਸਨੂੰ ਪਿਆਰ ਕਰਦੇ ਸਨ। ਉਸਦੀ ਜ਼ਿੰਦਗੀ ਵਿੱਚ ਕਈ ਲੜਕੀਆਂ ਵੀ ਆਈਆਂ। ਇੱਕ ਲੜਕੀ ਨੂੰ ਉਸਨੇ ਛੱਤ ‘ਤੇ ਖੜ੍ਹੀ ਨੂੰ ਦੇਖਿਆ ਅਤੇ ਘਰ ਆਕੇ ਇਹ ਲਾਈਨਾਂ ਲਿਖੀਆਂ:-
ਸਾਮਨੇ ਏਕ ਮਕਾਨ ਕੀ ਛੱਤ ਪਰ ਮੁਨਤਜ਼ਰ ਕਿਸੀ ਕੀ ਏਕ ਲੜਕੀ ਹੈ
ਮੁਝਕੋ ਉਸ ਸੇ ਨਹੀਂ ਤਾਲੁਕ ਕੁੱਛ ਫਿਰ ਭੀ ਸੀਨੇ ਮੇਂ ਆਗ ਭੜਕਤੀ ਹੈ
ਬਦ ਕਿਸਮਤੀ ਨਾਲ ਉਹ ਲੜਕੀ ਰੱਬ ਨੂੰ ਪਿਆਰੀ ਹੋ ਗਈ। ਸਾਹਿਰ ਨੇ ਸ਼ਮਸ਼ਾਨਘਾਟ ਜਾ ਕੇ ਉੋਸਦੀ ਯਾਦ ਵਿੱਚ ਕਵਿਤਾ ਲਿਖੀ ਜਿਸਦਾ ਸਿਰਲੇਖ ਸੀ, ‘ਮਰਘਟ ਕੀ ਸਰ ਜ਼ਮੀਨ ਸੇ’ ਉਸ ਦੀਆਂ ਦੋ ਲਾਈਨਾਂ ਇਸ ਪ੍ਰਕਾਰ ਹਨ;-
ਕੇਸਰ ਮੇਂ ਧੁਲੀ ਹੂਈ ਬਾਹੇਂ ਭੀ ਜਲ ਗਈਂ
ਜੋ ਦੇਖਤੀਂ ਥੀਂ ਮੁਝਕੋ ਵੋਹ ਨਿਗਾਹੇਂ ਭੀ ਜਲ ਗਈਂ
ਇਹ ਕਵਿਤਾ ਉਸਨੇ ਅਪਣੀ ਪਹਿਲੀ ਕਿਤਾਬ ਤਲਖ਼ੀਆਂ ਵਿੱਚ ਲਿਖੀ।
ਕੁਝ ਰੈਸਟੋਰੈਂਟ ਅਜਿਹੇ ਸਨ ਜਿਥੋਂ ਦੇ ਪਕਵਾਨ ਉਸ ਨੂੰ ਬਹੁਤ ਪਸੰਦ ਸਨ। ਮਾਲਵਾ ਖਾਲਸਾ ਹਾਈ ਸਕੂਲ ਦੇ ਲਾਗੇ ਇੱਕ ਰੈਸਟੋਰੈਂਟ ਤੋਂ ਉਹ ਸਮੋਸੇ ਅਤੇ ਗੁਲਾਬ ਜਾਮਨ ਖਾਂਦਾ ਹੁੰਦਾ ਸੀ। ਚੌੜੇ ਬਾਜ਼ਾਰ ਦੀ ਕੁਲਫੀ ਅਤੇ ਲਲਕਾਰ ਰੈਸਟੋਰੈਂਟ ਦੀ ਚਾਹ ਉਸਨੂੰ ਪਸੰਦ ਸੀ। ਉਹ ਆਪਣੀ ਮਾਂ ਲਈ ਚਾਹ ਬਣਾਉਂਦਾ ਹੁੰਦਾ ਸੀ ਜਿਸ ਕਰਕੇ ਉਸ ਨੂੰ ਵੀ ਚਾਹ ਪੀਣ ਦੀ ਆਦਤ ਪੈ ਗਈ।
ਸਾਹਿਰ ਦੀ ਦੂਜੀ ਪ੍ਰੇਮਿਕਾ ਇੱਕ ਸਿੱਖ ਲੜਕੀ ਸੀ ਜੋ ਲੁੱਧਿਆਣੇ ਦੇ ਲਾਗੇ ਦੇ ਪਿੰਡ ਦੀ ਵਸਨੀਕ ਸੀ। ਉਸਦਾ ਅਤੇ ਉਸਦੇ ਪਿੰਡ ਦਾ ਨਾਮ ਲਿਖਣ ਲਈ ਮੇਰੀ ਕਲਮ ਮਜਬੂਰ ਹੈ। ਕਿਸੇ ਮਜਬੂਰੀ ਕਾਰਣ ਉਹ ਖੁੱਲ੍ਹਕੇ ਪਿਆਰ ਦੇ ਅਖਾੜੇ ਵਿੱਚ ਨ ਉਤਰ ਸਕੀ। ਅਖ਼ੀਰ ਸਾਹਿਰ ਨੂੰ ਮਜਬੂਰ ਹੋਕੇ ਲਿਖਣਾ ਹੀ ਪਿਆ;-
ਤੁਮੇਂ ਉਦਾਸ ਸਾ ਪਾਤਾ ਹੂੰ ਕਈ ਦਿਨ ਸੇ
ਨ ਜਾਨੇ ਕੌਨਸੇ ਸਦਮੇਂ ਉਠਾ ਰਹੀ ਹੋ ਤੁੰਮ
ਵੋਹ ਸ਼ੋਖ਼ੀਆਂ ਵੋਹ ਤੁਬੱਸਮ ਵੋਹ ਕਹਿਕੇ ਨ ਰਹੇ
ਹਰ ਇੱਕ ਚੀਜ਼ ਕੋ ਹਸਰਤ ਸੇ ਦੇਖ ਰਹੀ ਹੋ ਤੁੰਮ
ਯਹ ਗ਼ਮ ਬਹੁਤ ਹੈਂ ਮੇਰੀ ਜ਼ਿੰਦਗੀ ਮਿਟਾਣੇ ਕੋ
ਉਦਾਸ ਰਹਿਕੇ ਮੇਰੇ ਦਿਲ ਕੋ ਔਰ ਰੰਜ ਨ ਦੋ
ਇੱਕ ਵਾਰ ਛੁੱਟੀ ਵਾਲੇ ਦਿਨ ਉਹ ਚੋਰੀ ਕਾਲਿਜ ਵਿੱਚ ਉਸ ਲੜਕੀ ਨੂੰ ਮਿਲਣ ਆਇਆ ਅਤੇ ਪ੍ਰਿੰਸੀਪਲ ਨੇ ਦੇਖ ਲਿਆ। ਪ੍ਰਿੰਸੀਪਲ ਅੰਗਰੇਜ਼ ਸੀ ਜੋ ਸਾਹਿਰ ਦੀਆਂ ਸਰਕਾਰ ਵਿਰੋਧੀ ਕਵਿਤਾਵਾਂ ਅਤੇ ਲੇਖਾਂ ਤੋਂ ਤੰਗ ਸੀ ਅਤੇ ਸਾਹਿਰ ਖੁਦ ਹੀ ਕੜੱਕੀ ਵਿੱਚ ਫਸ ਗਿਅ।
ਅਗਲੇ ਦਿਨ ਹੀ ਪ੍ਰਿੰਸੀਪਲ ਨੇ ਸਾਹਿਰ ਅਤੇ ਉਸ ਲੜਕੀ ਨੂੰ ਕਾਲਿਜ ‘ਚੋਂ ਕੱਢ ਦਿੱਤਾ। ਲੜਕੀ ਦੇ ਬਾਪ ਨੇ ਸਾਹਿਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਐਨਾ ਕੁਛ ਹੁੰਦੇ ਹੋਏ ਵੀ ਸਾਹਿਰ ਨੇ ਉਸ ਲੜਕੀ ਨੂੰ ਉਸ ਦੇ ਪਿੰਡ ਜਾਕੇ ਮਿਲਨ ਦੀ ਆਸ਼ਾ ਪ੍ਰਗਟ ਕੀਤੀ। ਉਸਦੇ ਦੋਸਤਾਂ ਨੇ ਆਖਿਆ ਕਿ ਜਾਨ ਪਿਆਰੀ ਨਹੀਂ ਤਾਂ ਜਲਵਾ ਦੇਖ ਲੈ। ਉਹ ਲੜਕੀ ਦੇ ਪਿੰਡ ਗਿਆ ਅਤੇ ਮਿਲਣ ਵਿੱਚ ਸਫਲ ਰਿਹਾ। ਲੜਕੀ ਨੇ ਆਖਿਆ ਕਿ ਉਹ ਅਪਣੇ ਮਾਪਿਆਂ ਦੀ ਮਰਜ਼ੀ ਦੇ ਖਿਲਾਫ ਕੁੱਝ ਨਹੀਂ ਕਰ ਸਕਦੀ। ਸਾਹਿਰ ਨਿੰਮੋਝੂਣਾ ਹੋਕੇ ਵਾਪਿਸ ਤਾਂ ਪਰਤ ਆਇਆ ਪਰ ਇੱਕ ਕੰਧ ਤੇ ਅਪਣਾ ਪੈਗ਼ਾਮ ਲਿਖ ਆਇਆ ਜੋ ਇਸ ਪ੍ਰਕਾਰ ਸੀ;-
ਜਬ ਤੁਮ੍ਹੇ ਮੁਝਸੇ ਜ਼ਿਆਦਾ ਹੈ ਜ਼ਮਾਨੇ ਕਾ ਖਿਆਲ
ਫਿਰ ਮੇਰੀ ਯਾਦ ਮੇਂ ਅਸ਼ਕ ਬਹਾਤੀ ਕਿਉਂ ਹੋ
ਤੁਮ ਮੇਂ ਹਿੰਮਤ ਹੈ ਤੋ ਦੁਨੀਆ ਸੇ ਬਗ਼ਾਵਤ ਕਰ ਲੋ
ਵਰਨਾ ਮਾਂ ਬਾਪ ਯਹਾਂ ਚਾਹਤੇ ਹੈਂ ਸ਼ਾਦੀ ਕਰ ਲੋ
ਉਸ ਸਮੇਂ ਪੰਜਾਬ ਵਿੱਚ ਵਿੱਦਿਆ ਦੇ ਤਿੰਨ ਵੱਡੇ ਕੇਂਦਰ ਸਨ। ਉੇਹ ਸਨ ਲੁਧਿਆਣਾ, ਅੰਮ੍ਰਿਤਸਰ ਅਤੇ ਲਾਹੌਰ। ਲੁਧਿਆਣੇ ਤੋਂ ਸਾਹਿਰ ਦਾ ਪੱਤਾ ਕੱਟਿਆ ਗਿਆ ਸੀ ਅਖੀਰ ਉਸ ਨੇ ਲਾਹੌਰ ਜਾਣ ਦਾ ਫੈਸਲਾ ਕੀਤਾ। 1940 ਵਿੱਚ ਉਹ ਲਾਹੌਰ ਚਲਿਆ ਗਿਆ ਅਤੇ ਰੋਜ਼ੀ ਰੋਟੀ ਕਮਾਉਣ ਲਈ ਸਖਤ ਮਿਹਨਤ ਕਰਨੀ ਪਈ। ਕਵਿਤਾ ਲਿਖਣੀ ਅਰੰਭ ਕੀਤੀ ਅਤੇ ਇੱਕ ਅਖ਼ਬਾਰ ਦਾ ਐਡੀਟਰ ਭੀ ਬਣਿਆ। 1941 ਵਿੱਚ ਉਸਨੇ ਦਿਆਲ ਸਿੰਘ ਕਾਲਿਜ ਵਿੱਚ ਬੀ.ਏ. ਵਿੱਚ ਦਾਖ਼ਲਾ ਲੈ ਲਿਆ। ਕੰਮ ਕਾਜ ਅਤੇ ਲਾਪਰਵਾਹੀ ਕਾਰਣ ਕਾਲਿਜ ਦੀਆਂ ਹਾਜਰੀਆਂੁ ਪੂਰੀਆਂ ਨ ਹੋਈਆਂ ਜਿਸ ਕਰਕੇ ਪਰੀਖਿਆ ਦੇਣ ਦੀ ਅਗਿਆ ਨ ਮਿਲੀ ਅਤੇ ਉਸਦੀ ਪੜ੍ਹਾਈ ਦਾ ਅੰਤ ਹੋ ਗਿਆ। ਉਹ ਉਦਾਸ ਰਹਿਣ ਲੱਗਾ ਅਤੇ ਉਸਨੂੰ ਸਿਗਰਟ ਪੀਣ ਦੀ ਆਦਤ ਪੈ ਗਈ।
1942 ਵਿੱਚ ਸਾਹਿਰ ਪਹਿਲੀ ਵਾਰ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ। ਅੰਮ੍ਰਿਤਾ ਪ੍ਰੀਤਮ ਦਾ ਨਾਮ ਅੰਮ੍ਰਿਤ ਕੌਰ ਸੀ। ਜਦ ਪ੍ਰੀਤਮ ਸਿੰਘ ਨਾਲ ਉਸਦਾ ਵਿਆਹ ਹੋਇਆ ਤਾਂ ਉਸਨੇ ਅਪਣਾ ਨਾਮ ਅੰੱਿੰਮਤਾ ਪ੍ਰੀਤਮ ਰੱਖ ਲਿਆ। ਉਸਨੂੰ ਬਚਪਨ ਤੋਂ ਹੀ ਪੰਜਾਬੀ ਕਵਿਤਾ ਲਿਖਣ ਦਾ ਸ਼ੌਕ ਸੀ। ਇੱਕ ਪੰਜਾਬੀ ਕਵਿੱਤਰੀ ਅਤੇ ਦੂਸਰਾ ਉਰਦੂ ਦਾ ਸ਼ਾਇਰ ਦੋਸਤ ਬਣ ਗਏ। ਉਹ ਇੱਕ ਦੂਜੇ ਨੂੰ ਮਿਲਦੇ ਅਤੇ ਅਪਣੀਆਂ ਕਵਿਤਾਵਾਂ ਸਾਂਝੀਆਂ ਕਰਦੇ।ਦੋਨਾਂ ਦਾ ਪਿਆਰ ਕਵਿਤਾਵਾਂ ਤਕ ਹੀ ਸੀਮਤ ਰਿਹਾ। ਸਾਹਿਰ ਭਾਫ ਦੇ ਇੰਜਣ ਵਾਂਗ ਸਿਗਰਟਾਂ ਦਾ ਧੂੰਆਂ ਛੱਡਦਾ ਰਹਿੰਦਾ ਅਤੇ ਟੋਟੇ ਕਮਰੇ ਵਿੱਚ ਹੀ ਛੱਡ ਜਾਂਦਾ। ਅੰਮ੍ਰਿਤਾ ਪ੍ਰੀਤਮ ਉਹ ਟੋਟੇ ਚੁੱਕ ਕੇ ਆਪਣੇ ਬੁੱਲ੍ਹਾਂ ਨੂੰ ਲਾਉਂਦੀ ਜਿਸ ਕਾਰਣ ਉਸ ਨੂੰ ਵੀ ਸਿਗਰਟ ਪੀਣ ਦੀ ਆਦਤ ਪੈ ਗਈ। ਇਸ ਮੇਲ ਜੋਲ ਬਾਰੇ ਸਾਹਿਰ ਨੇ ਇੱਕ ਕਵਿਤਾ ਲਿੱਖੀ ਜਿਸਦਾ ਨਾਮ ਸੀ ‘ਇੱਕ ਤਸਵੀਰੇ ਰੰਗ’। ਉਸਦੇ ਬੋਲ ਸਨ:-
ਮੈਂ ਨੇ ਜਿਸ ਵਕਤ ਤੁਝੇ ਪਹਿਲੇ ਪਹਿਲ ਦੇਖਾ ਥਾ
ਤੂ ਜਵਾਨੀ ਕਾ ਕੋਈ ਖੁਆਬ ਨਜ਼ਰ ਆਈ ਥੀ
ਇਸਦਾ ਇਸ਼ਾਰਾ ਸਾਹਿਰ ਨੇ 1958 ਵਿੱਚ ਸੋਨੇ ਕੀ ਚਿੜਿਆ ਫਿਲਮ ਦੇ ਇੱਕ ਗੀਤ ਵਿੱਚ ਕੀਤਾ ਸੀ।
ਸਾਹਿਰ ਦੀ ਪਹਿਲੀ ਕਿਤਾਬ ਦਾ ਖਰੜਾ 1942 ਵਿੱਚ ਤਿਆਰ ਹੋ ਗਿਆ ਸੀ ਪਰ ਕੋਈ ਵੀ ਵਿਅਕਤੀ ਉਸ ਨੂੰ ਛਪਵਾਉੇਣ ਦੀ ਹਿੰਮਤ ਨਹੀਂ ਸੀ ਕਰਦਾ ਕਿਉਂਕਿ ਸਾਹਰ ਇੱਕ ਵਿਦਿਆਰਥੀ ਕਵੀ ਸੀ। ਉਸਨੇ ਅੰੱਿੰਮਤਾ ਪ੍ਰੀਤਮ ਨੂੰ ਵੀ ਬੇਨਤੀ ਕੀਤੀ ਕਿ ਕਿਤਾਬ ਦਾ ਮੁਖਬੰਦ ਲਿਖ ਦੇਵੇ, ਪਰ ਉਸ ਨੇ ਵੀ ਨਾਂਹ ਕਰ ਦਿੱਤੀ। ਇਸਦਾ ਕਾਰਣ ਉਸਨੇ ਸਾਹਿਰ ਦੀ ਮੌਤ ਪਿੱਛੋਂ ਅਪਣੀ ਕਿਤਾਬ ‘ਕੋਰੇ ਕਾਗਜ਼ ਕੀ ਦਾਸਤਾਨ’ ਵਿੱਚ ਲਿਖਿਆ ਹੈ।
1943 ਵਿੱਚ ਸਾਹਿਰ ਪਹਿਲੀ ਵਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਮਿਲਿਆ ਅਤੇ ਅਪਣੀ ਕਿਤਾਬ ਦਾ ਜ਼ਿਕਰ ਕੀਤਾ। ਗੁਰਬਖਸ਼ ਸਿੰਘ ਨੇ ਉਸਦੀ ਕਿਤਾਬ ਛਪਵਾ ਦਿੱਤੀ ਅਤੇ ਹੁਣ ਤਕ ਉਸਦੇ 30 ਐਡੀਸ਼ਨ ਛਪ ਚੁਕੇ ਹਨ। ਸਾਹਿਰ ਨੇ ਤਾਜ ਮਹੱਲ ਤੇ ਕਵਿਤਾ ਲਿਖੀ ਜੋ ਉਸਨੇ 1943 ਵਿੱਚ ਅੰਮ੍ਰਿਤਸਰ ਦੇ ਮੇਓ ਕਾਲਿਜ ਦੇ ਕਵੀ ਸੰਮੇਲਨ ਵਿੱਚ ਪੜ੍ਹੀ। ਕਵਿਤਾ ਦੀਆਂ ਆਖ਼ਰੀ ਲਾਈਨਾਂ ਇਸ ਪ੍ਰਕਾਰ ਹਨ:-
ਇੱਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ
ਹਮ ਗ਼ਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ
ਇਹ ਲਫਜ਼ ਸੁਣਦੇ ਹੀ ਬੜੇ ਜ਼ੋਰ ਨਾਲ ਤਾੜੀਆਂ ਅਤੇ ਸੀਟੀਆਂ ਵੱਜੀਆਂ ਅਤੇ ਕੁੱਝ ਲੋਕਾਂ ਨੇ ਇਤਰਾਜ਼ ਵੀ ਕੀਤਾ ਪਰ ਸਾਹਿਰ ਨੌਜਵਾਨਾਂ ਦਾ ਕਵੀ ਬਣ ਗਿਆ। ਵੀਹ ਸਾਲ ਮਗਰੋਂ 1963 ਵਿੱਚ ਜਦ ਤਾਜ ਮਹੱਲ ਫਿਲਮ ਬਣੀ ਤਾਂ ਸਾਹਿਰ ਨੇ ਉਸ ਫਿਲਮ ਦੇ ਗਾਣੇ ਲਿੱਖੇ ਤਾਂ ਇਹੀ ਲਾਈਨਾਂ ਇੱਕ ਗਾਣੇ ਵਿੱਚ ਦਰਜ ਕੀਤੀਆਂ। 1946 ਵਿੱਚ ਸਾਹਿਰ ਪਹਿਲੀ ਵਾਰ ਬੰਬਈ ਆਇਆ। ਉਸ ਸਮੇਂ ਹਿੰਦੁਸਤਾਨ ਕਲਾ ਮੰਦਰ ਨਾਮ ਦਾ ਇੱਕ ਨਵਾਂ ਸਟੂਡੀਓ ਹੋਂਦ ਵਿੱਚ ਆਇਆ। ਉਨ੍ਹਾਂ ਨੇ ਸਾਹਿਰ ਨੂੰ ਇੱਕ ਫਿਲਮ ਦਾ ਮਜ਼ਮੂਨ ਉਰਦੂ ਵਿੱਚ ਲਿੱਖਣ ਲਈ ਆਖਿਆ।ਬੰਬਈ ਵਿੱਚ ਸਾਹਿਰ ਨੂੰ ਇਹ ਪਹਿਲਾ ਕੰਮ ਮਿਲਿਆ ਸੀ। ਲਲਿਤ ਚੰਦਰ ਮਹਿਤਾ ਇੱਕ ਫਿਲਮ ਦਾ ਨਿਦੇਸ਼ਕ ਸੀ ਜਿਸਦਾ ਨਾਮ ਸੀ ”ਆਜ਼ਾਦੀ ਕੀ ਰਾਹ ਪਰ”। ਸਾਹਿਰ ਨੇ ਉਸ ਫਿਲਮ ਲਈ ਇੱਕ ਗਾਣਾ ਲਿਖਿਆ ਜਿਸਦੇ ਬੋਲ ਸਨ (ਬਦਲ ਰਹੀ ਹੈ ਜ਼ਿੰਦਗੀ)। ਨਿਰਦੇਸ਼ਕ ਨੂੰ ਇਹ ਗਾਣਾ ਚੰਗਾ ਲੱਗਾ ਅਤੇ ਉਸਨੇ ਸਾਹਿਰ ਨੂੰ ਤਿੰਨ ਗਾਣੇ ਹੋਰ ਲਿਖਣ ਲਈ ਆਖਿਆ। ਨਿਰਦੇਸ਼ਕ ਨੇ ਇੱਕ ਗਾਣੇ ਦੇ 500 ਰੁਪੈ ਦੇ ਹਿਸਾਬ ਨਾਲ ਪੈਸੇ ਦਿੱਤੇ। ਜ਼ਿੰਦਗੀ ਵਿੱਚ ਪਹਿਲੀ ਵਾਰ ਸਾਹਿਰ ਨੂੰ ਐਨੀ ਮੋਟੀ ਰਕਮ ਮਿਲੀ ਸੀ।
1947 ਵਿੱਚ ਦੇਸ਼ ਦੀ ਵੰਡ ਹੋ ਗਈ। ਸਾਹਿਰ ਦੀ ਰਿਹਾਇਸ਼ ਬੰਬਈ ਸੀ ਅਤੇ ਮਾਂ ਲੁਧਿਆਣੇ ਸੀ। ਉਸ ਨੂੰ ਖ਼ਬਰ ਮਿਲੀ ਕਿ ਉਸਦੇ ਦੋਸਤ ਉਸਦੀ ਮਾਂ ਨੂੰ ਰਿਫਿਊਜੀ ਕੈਂਪ ਵਿੱਚ ਛੱਡ ਆਏ ਹਨ। ਸਾਹਿਰ ਬੰਬਈ ਤੋਂ ਦਿੱਲੀ ਆ ਗਿਆ ਅਤੇ ਇੱਕ ਹਫਤਾ ਦਿੱਲੀ ਰਹਿਕੇ ਲਾਹੌਰ ਚਲਿਆ ਗਿਆ। ਉਸਨੇ ਅਪਣੀ ਮਾਂ ਨੂੰ ਲੱਭਿਆ ਅਤੇ ਉਸਨੂੰ ਇੱਕ ਛੋਟਾ ਜਿਹਾ ਮਕਾਨ ਅਲਾਟ ਹੋ ਗਿਆ। ਉਸਦੀ ਮਾਂ ਨੂੰ ਗਹਿਣੇ ਭੀ ਵੇਚਣੇ ਪੈ ਗਏ। ਉਹ ਕੁਝ ਦਿਨਾਂ ਲਈ ਦਿੱਲੀ ਆਇਆ ਅਤੇ ਬਲਵੰਤ ਗਾਰਗੀ ਨੂੰ ਮਿਲਕੇ ਫੇਰ ਲਾਹੌਰ ਚਲਿਆ ਗਿਆ। ਉਸਨੂੰ ਇਹ ਪਤਾ ਲੱਗ ਗਿਆ ਕਿ ਅੰਮ੍ਰਿਤਾ ਪ੍ਰੀਤਮ ਦੇਹਰਾਦੂਨ ਰਹਿੰਦੀ ਹੈ।
ਲਾਹੌਰ ਰਹਿੰਦਿਆਂ ਉਸਨੇ ਸਵੇਰਾ ਮੈਗਜ਼ੀਨ ਵਿੱਚ ਪਾਕਿਸਤਾਨ ਸਰਕਾਰ ਦੇ ਵਿਰੁੱਧ ਲਿਖਣਾ ਅਰੰਭ ਕੀਤਾ। ਉਸਦੇ ਇੱਕ ਦੋਸਤ ਨੇ ਦੱਸਿਆ ਕਿ ਸਰਕਾਰ ਨੇ ਉਸਦੇ ਵਰੰਟ ਜਾਰੀ ਕਰ ਦਿੱਤੇ ਹਨ। ਉਹ ਭੇਸ ਬਦਲਕੇ ਦਿੱਲੀ ਪਹੁੰਚ ਗਿਆ ਅਤੇ ਕੁਝ ਚਿਰ ਪ੍ਰੀਤਲੜੀ ਦਾ ਐਡੀਟਰ ਵੀ ਰਿਹਾ। ਉਸਦੀ ਮਾਂ ਵੀ ਦਿੱਲੀ ਪਹੁੰਚ ਗਈ ਅਤੇ ਉਹ ਅਪਣੀ ਮਾਂ ਨੂੰ ਨਾਲ ਲੈ ਕੇ ਹੈਦਰਾਬਾਦ ਹੁੰਦਾ ਹੋਇਆ ਫੇਰ ਬੰਬਈ ਪਹੁੰਚ ਗਿਆ।
1951 ਵਿੱਚ ਸੰਗੀਤਕਾਰ ਮੋਹਨ ਸਹਿਗਲ ਨੇ ਸਾਹਿਰ ਨੂੰ ਦੱਸਿਆ ਕਿ ਸੱਚਨ ਦੇਵ ਬਰਮਨ ਨੌਜਵਾਨ ਫਿਲਮ ਲਈ ਸੰਗੀਤ ਦੇ ਰਿਹਾ ਹੈ ਅਤੇ ਉਸਨੂੰ ਕੁਝ ਗਾਣੇ ਚਾਹੀਦੇ ਹਨ। ਸਾਹਿਰ ਨੇ ਜੋ ਗਾਣਾ ਲਿਖਿਆ ਉਹ ਇਸ ਪ੍ਰਕਾਰ ਸੀ, ‘ਠੰਡੀ ਹਵਾਏਂ ਲਹਿਰਾਕੇ ਆਏਂ ਰੁੱਤ ਹੈ ਜਵਾਂ ਤੁਮ ਕੋ ਯਹਾਂ ਕੈਸੇ ਬੁਲਾਏਂ’। ਇਸ ਤੋਂ ਮਗਰੋਂ ਸਜ਼ਾ ਫਿਲਮ ਲਈ ਇੱਕ ਗਾਣਾ ਲਿਖਿਆ, ਤੁਮ ਨ ਜਾਨੇ ਕਿਸ ਜਹਾਂ ਮੇ ਖੋ ਗਏ ਹਮ ਭਰੀ ਦੁਨੀਆ ਮੇਂ ਤਨਹਾਂ ਹੋ ਗਏ।
ਬੰਬਈ ਆਕੇ ਸਾਹਿਰ ਦੀ ਸਹਿਤ ਠੀਕ ਨਹੀਂ ਸੀ ਰਹਿੰਦੀ। ਡਾਕਟਰ ਨੇ ਦੱਸਿਆ ਕਿ ਤੈਨੂੰ ਕੁਝ ਨਹੀਂ ਹੋਇਆ ਸਿਰਫ ਬਲੱਡ ਪਰੈਸ਼ਰ ਘਟਿਆ ਹੋਇਆ ਹੈ, ਰਾਤ ਦੀ ਰੋਟੀ ਤੋਂ ਪਹਿਲਾਂ ਇੱਕ ਪੈਗ ਵਿਸਕੀ ਪੀ ਲਿਆ ਕਰ। ਅੰਗਰੇਜ਼ੀ ਦਵਾਈ ਪੀਣ ਨਾਲ ਉਹ ਠੀਕ ਹੋ ਗਿਆ। ਨਵਕੇਤਨ ਪ੍ਰੋਡਕਸ਼ਨ ਨੇ ਬਾਜ਼ੀ ਫਿਲਮ ਬਨਾਉਣੀ ਸੀ ਜਿਸਦਾ ਸੰਗੀਤ ਵੀ ਸੱਚਨ ਦੇਵ ਬਰਮਨ ਨੇ ਦੇਣਾ ਸੀ। ਫਿਲਮ ਦਾ ਹੀਰੋ ਦੇਵ ਆਨੰਦ ਸੀ ਅਤੇ ਨਿਰਦੇਸ਼ਕ ਗੁਰੂ ਦੱਤ। ਸਾਹਿਰ ਨੇ ਇਸ ਫਿਲਮ ਦੇ ਗਾਣੇ ਲਿੱਖੇ। ਹੁਣ ਤੱਕ ਸਾਹਿਰ ਅਪਣੇ ਆਪ ਨੂੰ ਏ.ਐਚ. ਸਾਹਿਰ ਲਿਖਦਾ ਸੀ। ਬਾਜ਼ੀ ਫਿਲਮ ਦੇ ਪਰਦੇ ‘ਤੇ ਪਹਿਲੀ ਵਾਰ ਸਾਹਿਰ ਲੁਧਿਆਨਵੀ ਦਾ ਨਾਮ ਆਇਆ ਅਤੇ ਉਹ ਫਿਲਮੀ ਦੁਨੀਆ ਦੀ ਪਹਿਲੀ ਕਤਾਰ ਵਿੱਚ ਖੜ੍ਹਾ ਹੋ ਗਿਆ। 1957 ਵਿੱਚ ਗੁਰੂ ਦੱਤ ਨੇ ਪਿਆਸਾ ਫਿਲਮ ਬਣਾਈ ਇਸ ਫਿਲਮ ਵਿੱਚ ਇੱਕ ਵਾਰ ਫਿਰ ਸਾਹਿਰ ਅਤੇ ਬਰਮਨ ਇਕੱਠੇ ਹੋਏ ਅਤੇ ਇਸ ਫਿਲਮ ਦਾ ਗਾਣਾ ਅੱਜ ਵੀ ਮਸ਼ਹੂਰ ਹੈ, ਜਾਨੇ ਵੋਹ ਕੈਸੇ ਲੋਗ ਥੇ ਜਿਨ੍ਹਕੋ ਪਿਆਰ ਸੇ ਪਿਆਰ ਮਿਲਾ
ਹਮ ਨੇ ਤੋ ਜਬ ਕਲੀਆਂ ਮਾਂਗੀ ਕਾਂਟੋਂ ਕਾ ਹਾਰ ਮਿਲਾ
ਪਿਆਸਾ ਫਿਲਮ ਵਿੱਚ ਹੀ ਗੁਰੂ ਦੱਤ ਨੇ ਰੈਡ ਲਾਈਟ ਏਰੀਆ ਵਿੱਚ ਨੌਜਵਾਨ ਲੜਕੀਆਂ ਨੂੰ ਧੰਦਾ ਕਰਦੀਆਂ ਦਿਖਾਅਿਾ ਅਤੇ ਸਾਹਿਰ ਨੇ ਜੋ ਗਾਣਾ ਲਿਖਿਆ ਉਸਦੇ ਬੋਲ ਸਨ, ‘ਜਿਨ੍ਹੇਂ ਨਾਜ਼ ਹੈ ਹਿੰਦ ਪਰ ਵੋਹ ਕਹਾਂ ਹੈਂ? ਇਨ੍ਹਾਂ ਲਫਜ਼ਾਂ ਨੇ ਨਹਿਰੂ ਸਰਕਾਰ ਨੂੰ ਝਟਕਾ ਦਿੱਤਾ ਸੀ। 1960 ਵਿੱਚ ‘ਬਰਸਾਤ ਕੀ ਰਾਤ’ ਦੀ ਕੱਵਾਲੀ ‘ਨ ਤੋ ਕਾਰਵਾਂ ਕੀ ਤਲਾਸ਼ ਹੈ’ ਲਿਖ ਕੇ ਸਾਹਿਰ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। 17 ਮਿੰਟ ਦੀ ਕੱਵਾਲੀ ਰਿਕਾਰਡ ਕਰਨ ਲਈ ਤਕਰੀਬਨ 29 ਘੰਟੇ ਲੱਗੇ। ਇਸ ਕੱਵਾਲੀ ਵਿੱਚ ਸੁਧਾ ਮਲਹੋਤਰਾ ਨੂੰ ਵੀ ਗਾਉਣ ਦਾ ਮੌਕਾ ਮਿਲਿਆ। ਘਰ ਜਾਂਦਿਆਂ ਹੀ ਸੁਧਾ ਨੇ ਐਲਾਨ ਕਰ ਦਿੱਤਾ ਕਿ ਉਹ ਸਾਹਿਰ ਨਾਲ ਹੀ ਸ਼ਾਦੀ ਕਰਵਾਏਗੀ। ਪਰ ਉਸਦੇ ਘਰ ਵਾਲਿਆਂ ਨੇ ਇਨਕਾਰ ਕਰ ਦਿੱਤਾ ਕਿ ਸਾਹਿਰ ਮੁਸਲਮਾਨ ਹੈ। ਸੁਧਾ ਨੇ ਹੋਰ ਕਿਸੇ ਨਾਲ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਗਾਉਣਾ ਵੀ ਛੱਡ ਦਿੱਤਾ। 1963 ਵਿੱਚ ਸੁਨੀਲ ਦੱਤ ਨੇ ‘ਮੁਝੇ ਜੀਨੇ ਦੋ’ ਫਿਲਮ ਬਣਾਈ ਜਿਸਦੀ ਕਹਾਣੀ ਚੰਬਲ ਘਾਟੀ ਦੇ ਡਾਕੂਆਂ ਬਾਰੇ ਸੀ। ਇੱਕ ਦਿਨ ਸਾਹਿਰ ਆਪਣੀ ਮਾਂ ਦੇ ਨਾਲ ਮੱਧ ਪ੍ਰਦੇਸ਼ ਵਿੱਚੋਂ ਦੀ ਲੰਘ ਰਿਹਾ ਸੀ ਕਿ ਅਚਾਨਿਕ ਕੁੱਝ ਹਥਿਅਰਬੰਦ ਲੋਕਾਂ ਨੇ ਉਸਦੀ ਕਾਰ ਰੋਕ ਲਈ। ਇੱਕ ਬਜ਼ੁਰਗ ਨੇ ਅੱਗੇ ਹੋਕੇ ਪੁੱਛਿਆ, ”ਮੁਝੇ ਜੀਨੇ ਦੋ ਫਿਲਮ ਦੇ ਗਾਣੇ ਤੂੰ ਲਿੱਖੇ ਹਨ”? ਸਾਹਿਰ ਨੇ ਹਾਂ ਵਿੱਚ ਜਵਾਬ ਦਿੱਤਾ। ਬਜ਼ੁਰਗ ਨੇ ਹੱਸ ਕੇ ਆਖਿਆ, ਮੈਂ ਡਾਕੂ ਮਾਨ ਸਿੰਘ ਦਾ ਚੇਲਾ ਹਾਂ। ਘਬਰਾ ਨਾ। ਮੈਨੂੰ ਤੇਰੇ ਲਿੱਖੇ ਗਾਣੇ ਬਹੁਤ ਪਸੰਦ ਹਨ ਅਤੇ ਫਿਲਮ ਦੀ ਕਹਾਣੀ ਵੀ ਸਾਡੀ ਜ਼ਿੰਦਗੀ ‘ਤੇ ਹੀ ਹੈ। ਮੈਨੂੰ ਖ਼ਬਰ ਮਿਲ ਗਈ ਸੀ ਕਿ ਤੂੰ ਇੱਥੋਂ ਦੀਂ ਲੰਘ ਰਿਹਾ ਹੈਂ। ਮੈਂ ਖੁਦ ਤੈਨੂੰ ਲੈਣ ਆਇਆ ਹਾਂ। ਅੱਜ ਦੀ ਰਾਤ ਤੂੰ ਮੇਰਾ ਮਹਿਮਾਨ ਹੈਂ। ਡਾਕੂ ਉਸ ਨੂੰ ਅਪਣੇ ਕੈਂਪ ਵਿੱਚ ਲੈ ਗਿਆ ਅਤੇ ਖੂਬ ਮਹਿਮਾਨ ਨਿਵਾਜ਼ੀ ਕੀਤੀ।
ਸਾਹਿਰ ਸਾਰੇ ਧਰਮਾਂ ਦਾ ਸਤਕਾਰ ਕਰਦਾ ਸੀ। ਮੁਸਲਮਾਨ ਹੁੰਦੇ ਹੋਏ ਭੀ ਉਹ ਮੰਦਰ, ਗਿਰਜੇ ਅਤੇ ਗੁਰਦੁਆਰੇ ਜਾਂਦਾ ਸੀ। ਉਸਦੇ ਘਰ ਦੋਸਤਾਂ ਦਾ ਮੇਲਾ ਲੱਗਾ ਰਹਿੰਦਾ ਸੀ। ਹੁਣ ਉਹ ਸ਼ਰਾਬ ਪੀਣ ਭੀ ਲੱਗ ਗਿਆ ਸੀ। ਸ਼ਰਾਬ ਦਾ ਸਹਾਰਾ ਲੈਕੇ ਉਹ ਦੇਰ ਰਾਤ ਤਕ ਗਾਣੇ ਲਿਖਦਾ ਰਹਿੰਦਾ ਅਤੇ ਸਵੇਰੇ ਲੇਟ ਉਠਦਾ।
ਇੱਕ ਵਾਰ ਨਾਨਕ ਸਿੰਘ (ਨਾਵਲਿਸਟ) ਦੇ ਛੋਟੇ ਪੁੱਤਰ ਕੁਲਵੰਤ ਸਿੰਘ ਸੂਰੀ ਨੇ ਸਾਹਿਰ ਤੋਂ ਭਾਰਤ ਵਿੱਚ ਉਰਦੂ ਭਾਸ਼ਾ ਦੇ ਭਵਿੱਖ ਬਾਰੇ ਪੁੱਛਿਆ। ਸਾਹਿਰ ਨੇ ਤੀਜਾ ਪਟਿਆਲਾ ਪੈਗ ਅੰਦਰ ਸੁੱਟਿਆ ਅਤੇ ਜਵਾਬ ਦਿੱਤਾ:-
ਜਿਨ ਸ਼ਹਿਰੋਂ ਮੇਂ ਗੂੰਜੀ ਥੀ ਗ਼ਾਲਿਬ ਕੀ ਨਵਾਂ ਬਰਸੋਂ
ਉਨ ਸ਼ਹਿਰੋਂ ਮੇਂ ਅੱਬ ਉਰਦੂ ਬੇ ਨਾਮ ਓ ਨਿਸ਼ਾਂ ਠਹਿਰੀ
ਐਲਾਨ ਹੂਆ ਜਿਸ ਦਿਨ ਆਜ਼ਾਦੀ ਏ ਕਾਮਲ ਕਾ
ਇਸ ਮੁਲਕ ਕੀ ਨਜ਼ਰੋਂ ਮੇਂ ਗ਼ੱਦਾਰ ਜ਼ਬਾਂ ਠਹਿਰੀ
ਸਾਹਿਰ ਹੁਣ ਅਮੀਰ ਇਨਸਾਨ ਸੀ। ਉਸਦਾ ਖਾਣਾ ਪੀਣਾ, ਪਹਿਨਣਾ, ਮਕਾਨ, ਕਾਰ, ਵਿਸਕੀ ਅਤੇ ਸਿਗਰਟ ਸਭ ਕੁਝ ਟੌਪ ਕਲਾਸ ਸੀ। ਉਸਦੀ ਜ਼ਿੰਦਗੀ ਵਿੱਚ ਇੱਕੋ ਕਮੀਂ ਸੀ ਕਿ ਸ਼ਾਦੀ ਨਹੀ ਸੀ ਹੋਈ। ਜ਼ਿਆਦਾ ਸ਼ਰਾਬ ਪੀਣ ਕਾਰਨ 1972 ਵਿੱਚ ਉਸ ਨੂੰ ਦਿਲ ਦਾ ਦੌਰਾ ਪਿਆ ਪਰ ਉਸਦੀ ਜਾਨ ਬਚ ਗਈ। ਕੁਝ ਸਾਲ ਮਗਰੋਂ ਇੱਕ ਹੋਰ ਹਲਕਾ ਦੌਰਾ ਪਿਆ ਫੇਰ ਵੀ ਬੱਚਤ ਹੋ ਗਈ। ਆਪਣੇ 34 ਸਾਲ ਦੇ ਫਿਲਮੀ ਜੀਵਨ ਵਿੱਚ ਉਸਨੇ 100 ਫਿਲਮਾਂ ਲਈ ਤਕਰੀਬਨ 680 ਗਾਣੇ ਲਿਖੇ। ਉਸ ਨੂੰ ਕਈ ਪੁਰਸਕਾਰ ਵੀ ਮਿਲੇ ਜਿਨ੍ਹਾਂ ਵਿੱਚ ਦੋ ਵਾਰ ਫਿਲਮ ਫੇਅਰ ਐਵਾਰਡ, ਗੌਰਮਿੰਟ ਕਾਲਜ ਲੁੱਧਿਆਣਾ ਵੱਲੋਂ ਗੋਲਡ ਮੈਡਲ, ਸੋਵੀਅਤ ਲੈਂਡ ਨਹਿਰੂ ਐਵਾਰਡ, ਆਲ ਹਿੰਦ ਉਰਦੂ ਅਕੈਡਮੀ ਦਿੱਲੀ ਐਵਾਰਡ, ਮਹਾਰਾਸ਼ਟਰਾ ਸਟੇਟ ਲਿਟਲਰੀ ਐਵਾਰਡ, ਪੰਜਾਬ ਗੌਰਮਿੰਟ ਸਟੇਟ ਐਵਾਰਡ। 1971 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ।
1976 ਵਿੱਚ ਕਭੀ ਕਭੀ ਫਿਲਮ ਲਈ ਸਾਹਿਰ ਨੇ ਗਾਣੇ ਲਿਖੇ ਜਿਸਦੇ ਰਿਕਾਰਡਾਂ ਦੀ ਰਿਕਾਰਡ ਤੋੜ ਵਿਕਰੀ ਹੋਈ। ਐਚ.ਐਮ.ਵੀ. ਰਿਕਾਰਡਿੰਗ ਕੰਪਨੀ ਨੇ ਸਾਹਿਰ ਨੂੰ ਸੋਨੇ ਦਾ ਰਿਕਾਰਡ ਇਨਾਮ ਦਿੱਤਾ। 1978 ਵਿੱਚ ਉਸਦੀ ਮਾਂ ਸੁਰਗਵਾਸ ਹੋ ਗਈ। ਸਾਹਿਰ ਨੇ ਕੁਝ ਕਿਤਾਬਾਂ ਵੀ ਲਿਖੀਆਂ ਇਸ ਪ੍ਰਕਾਰ ਹਨ। 1. ਤਲਖ਼ੀਆਂ (1944) 2.ਪਰਛਾਈਆਂ (1955) 3.ਮੇਰੇ ਗੀਤ ਤੁਮਹਾਰੇ ਹੈਂ (1970). 4.ਆਓ ਕਿ ਕੋਈ ਖਵਾਬ ਭੁਨ੍ਹੇ (1972). 5. ਗੀਤ ਗਾਤਾ ਜਾਏ ਬੰਜਾਰਾ (1978).
ਅਖ਼ੀਰ 24 ਅਕਤੂਬਰ 1980 ਦਾ ਮਨਹੂਸ ਦਿਨ ਚੜ੍ਹਿਆ। ਸ਼ਾਮ ਦੇ ਸਮੇਂ ਸਾਹਿਰ ਅਪਣੇ ਦੋਸਤਾਂ ਨਾਲ ਤਾਸ਼ ਖੇਡ ਰਿਹਾ ਸੀ ਕਿ ਉਸਨੂੰ ਜ਼ਬਰਦਸਤ ਦਿਲ ਦਾ ਦੌਰਾ ਪਿਆ ਅਤੇ ਉਹ ਸਦਾ ਦੀ ਨੀਂਦ ਸੌਂ ਗਿਆ। ਕਭੀ ਕਭੀ ਫਿਲਮ ਵਿੱਚ ਉਹ ਅਪਣਾ ਆਖ਼ਰੀ ਪੈਗ਼ਾਮ ਦੇ ਗਿਆ ਜੋ ਇਸ ਤਰਾਂ ਹੈ:-
ਕੱਲ੍ਹ ਔਰ ਆਇੰਗੇ ਨਗ਼ਮੋਂ ਕੀ ਖਿਲਤੀ ਕਲੀਆਂ ਚੁਨਨੇ ਵਾਲੇ
ਮੂਝ ਸੇ ਬਿਹਤਰ ਕਹਿਣੇ ਵਾਲੇ ਤੁਮ ਸੇ ਬਹਿਤਰ ਸੁਨਣੇ ਵਾਲੇ
ਕੱਲ੍ਹ ਕੋਈ ਮੁਝਕੋ ਯਾਦ ਕਰੇ ਕਿਉਂ ਕੋਈ ਮੁਝਕੋ ਯਾਦ ਕਰੇ
ਮਸਰੂਫ ਜ਼ਮਾਨਾ ਮੇਰੇ ਲਿਏ ਕਿਉਂ ਵਕਤ ਅਪਣਾ ਬਰਬਾਦ ਕਰੇ
ਉਸਦਾ ਆਖ਼ਰੀ ਗਾਣਾ 1982 ਵਿੱਚ ਲਕਸ਼ਮੀ ਫਿਲਮ ਵਿੱਚ ਵੱਜਿਆ। ਸਾਹਿਰ ਨੇ ਇੱਕ ਹੋਰ ਥਾਂ ਲਿਖਿਆ ਹੈ:-
ਮਾਨਾ ਕਿ ਇਸ ਜ਼ਮੀਨ ਕੋ ਗੁਲਜ਼ਾਰ ਨ ਕਰ ਸਕੇ
ਕੁੱਸ਼ ਖ਼ਾਰ ਤੋ ਕੰਮ ਕਰ ਗਏ ਗੁਜ਼ਰੇ ਜਿਧਰ ਸੇ ਹਮ
ਨੋਟ:-ਇਹ ਲੇਖ ਲਿਖਣ ਲਈ ਪ੍ਰੋਫੈਸਰ ਅਨੂਪ ਸਿੰਘ ਸੰਧੂ ਤੋਂ ਆਗਿਆ ਲੈ ਕੇ ਉਨ੍ਹਾਂ ਦੀ ਕਿਤਾਬ ਦਾ ਆਸਰਾ ਲਿਆ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …