Breaking News
Home / ਰੈਗੂਲਰ ਕਾਲਮ / ਗੀਤਾ ਨੂੰ ਕੋਈ ਲੈਣ ਨਾ ਆਇਆ….

ਗੀਤਾ ਨੂੰ ਕੋਈ ਲੈਣ ਨਾ ਆਇਆ….

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਗੀਤਾ ਹੁਣ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਸਨੂੰ ਉਸਦੇ ਘਰ ਦੇ ਹਾਲੇ ਤੀਕ ਲੈਣ ਨਹੀਂ ਆਏ ਜਦ ਕਿ ਪਾਕਿਸਤਾਨੋਂ ਪਰਤੀ ਨੂੰ ਵੀ ਤਿੰਨ ਸਾਲ ਬੀਤਣ ਲੱਗੇ ਹਨ। ਆਈ-ਆਈ ਤੋਂ ਕਾਫੀ ਲੋਕਾਂ ਨੇ ਦਾਅਵੇ ਤੇ ਵਾਇਦੇ ਕੀਤੇ ਸਨ ਕਿ ਗੀਤਾ ਸਾਡੀ ਹੈ, ਗੀਤਾ ਸਾਡੀ ਹੈ। ਹੁਣ ਭਾਰਤ ਦੀ ਬਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਗੂੀਤਾ ਦੇ ਮਾਪੇ ਕਿੱਥੈ ਹਨ? ਕੋਈ ਨਹੀਂ ਬੋਲਿਆ। ਮੰਤਰੀ ਨੇ ਇੱਕ ਲੱਖ ਰੁਪੈ ਦਾ ਇਨਾਮ ਵੀ ਇਹਨੀ ਦਿਨੀਂ ਐਲਾਨ ਦਿੱਤਾ ਹੈ ਜੋ ਉਸਦੇ ਮਾਪਿਆਂ ਦੀ ਦੱਸ ਪਾਵੇ, ਤਦ ਵੀ ਕੋਈ ਨਹੀਂ ਬੋਲਿਆ। ਕਿੰਨੀ ਬਦਕਿਸਤਮ ਹੈ ਗੀਤਾ ਪਿਆਰੀ। ਕੀ ਲਿਖਿਆ ਹੈ ਉਸ ਬੇਚਾਰੀ ਦੀ ਕਿਸਮਤ ਵਿਚ?
ਇੱਕ ਦਹਾਕੇ ਤੋਂ ਵੀ ਵਧੇਰੇ ਦਾ ਵਕਤ ਪਾਕਿਸਤਾਨ ਵਿੱਚ ਕੱਟ ਕੇ ਜਿਵੇਂ-ਕਿਵੇਂ ਗੀਤਾ ਭਾਰਤ ਆਈ ਸੀ ਤਾਂ ਮੀਡੀਆ ਵਿੱਚ ਉਸਦਾ ਬਹੁਤ ਚਰਚਾ ਹੋਇਆ ਸੀ। ਫਿਰ ਸਭ ਚੁਪ-ਚਾਪ ਹੋ ਗਿਆ ਸਭ ਕੁਝ! ਗੀਤਾ ਕਿੱਥੇ ਹੈ ਤੇ ਕਿੱਦਾਂ ਹੈ? ਕਿਸੇ ਨੂੰ ਨਹੀਂ ਪਤਾ। ਜਦ ਉਹ ਭਾਰਤ ਆਈ ਸੀ ਤਾਂ ਉਸਦਾ ਨਿੱਘਾ ਸਵਾਗਤ ਹੋਇਆ ਸੀ। ਵਤਨ ਪਰਤਣ ‘ਤੇ ਮੁਲਕ ਦੀ ਬਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਸਨੂੰ ਸਭ ਤੋਂ ਪਹਿਲਾਂ ‘ਜੀ ਆਇਆਂ’ ਆਖਿਆ ਸੀ ਤੇ ਉਸਨੂੰ ਇੱਕ ਬੱਚੀ ਵਾਂਗ ਲਾਡ-ਸਤਿਕਾਰ ਨਾਲ ਦੁਲਾਰਿਆ। ਜਦ ਉਸਨੇ ਪੁੱਛਿਆ ਕਿ ਗੀਤਾ ਤੇਰਾ ਕੀ ਹਾਲ ਹੈ ਤਾਂ ਉਸ ਨੇ ਸਿਰਫ ਮੁਸਕਰਾ ਕੇ ਹੀ ‘ਹਾਂ’ ਵਿੱਚ ਸਿਰ ਹਿਲਾਇਆ, ਹੋਰ ਕੁਝ ਨਹੀਂ ਬੋਲੀ। ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੀਤਾ ਦੇ ਸਿਰ ਉਤੇ ਆਸ਼ੀਰਵਾਦੀ ਹੱਥ ਰੱਖਿਆ ਤੇ ਪੁੱਛਿਆ ਕਿ ਗੀਤਾ ਤੇਰਾ ਘਰ ਕਿੱਥੇ ਹੈ?
ਤਾਂ ਉਹ ਸਿਰਫ਼ ‘ਨਾਂਹ’ ਵਿੱਚ ਸਿਰ ਹਿਲਾ ਕੇ ਮੁਸਕਰਾ ਹੀ ਸਕੀ ਸੀ। ਉਹਨੂੰ ਦੇਸ਼ ਦੇ ਉਦੋ ਦੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਵੀ ਉਚੇਚਾ ਮਿਲੇ ਸਨ ਤੇ ਬੋਲੇ, ”ਗੀਤਾ, ਤੂੰ ਤਾਂ ਦੋਵੇਂ ਮੁਲਕਾਂ ਦੀ ਧੀ ਹੈਂ ਤੇ ਭਾਰਤ-ਪਾਕਿ ਏਕਤਾ ਦੀ ਪ੍ਰਤੀਕ ਹੈਂ ਬੇਟੀ।” ਦਿੱਲੀ ਤੇ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਵੀ ਉਹ ਗਈ ਸੀ। ਸ੍ਰੀ ਮੋਦੀ ਨੇ ਤਾਂ ਖੁੱਲ੍ਹਾ-ਦਿਲ ਵਿਖਾਇਆ, ਗੀਤਾ ਦੀ ਪਾਕਿਸਤਾਨ ਵਿੱਚ ਸੇਵਾ ਸੰਭਾਲ ਕਰਨ ਵਾਲੀ ਸਮਾਜਿਕ ਸੰਸਥਾ ਈਦੀ ਦੇ ਨਾਲ ਆਏ ਅਹੁਦੇਦਾਰਾਂ ਮਿਲਣ ਸਮੇਂ ਗੀਤਾ ਨੂੰ ਸਾਂਭਣ ਬਦਲੇ ਉਹਨਾਂ ਦਾ ਧੰਨਵਾਦ ਕਰਦਿਆਂ ਸ਼ੁਕਰਾਨੇ ਵਜੋਂ ਸੰਸਥਾ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਵੀ ਐਲਾਨੀ ਸੀ ਪਰ ਸੰਸਥਾ ਨੇ ਉਹ ਰਾਸ਼ੀ ਨਹੀਂ ਸਵੀਕਾਰੀ। ਰਾਸ਼ਟਰਪਤੀ ਭਵਨ ਵਿੱਚ ਹੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਚੇਅਰਮੈਨ ਗੀਤਾ ਨੂੰ ਮਿਲੇ ਤੇ ਕਮਿਸ਼ਨ ਵੱਲੋਂ ਗੀਤਾ ਦੇ ਮਾਂ-ਪਿਓ ਦੀ ਭਾਲ ਕਰਨ ਦਾ ਵਾਅਦਾ ਕੀਤਾ ਸੀ। ਉਸ ਵੇਲੇ ਗੀਤਾ ਉਤੇ ਇੱਕ ਨਹੀਂ, ਸਗੋਂ ਤਿੰਨ ਰਾਜਾਂ ਬਿਹਾਰ, ਉਤਰ ਪਰਦੇਸ਼ ਤੇ ਝਾਰਖੰਡ ਦੇ ਪਰਿਵਾਰ ਆਪੋ-ਆਪਣੀ ਦਾਅਵੇਦਾਰੀ ਜਿਤਾਈ ਜਾ ਰਹੇ ਸਨ। ਪਰ ਸਾਰੇ ਹੁਣ ਚੁੱਪ ਨੇ। ਕਿੱਧਰ ਗਏ ਇਹ ਲੋਕ?
ਗੀਤਾ ਨਾਲ ਸਬੰਧਤ ਤਸਵੀਰਾਂ, ਖਬਰਾਂ ਅਤੇ ਪਲ-ਪਲ ਦੀ ਜਾਣਕਾਰੀ ਨੂੰ ਭਾਰਤੀ ਮੀਡੀਆ ਨੇ ਪ੍ਰਮੁੱਖਤਾ ਨਾਲ ਉਭਾਰਿਆ ਸੀ। ਉਦੇ ਆਈ ਸਮੇਂ ਕਈ ਤਰਾਂ ਦੁੇ ਸੁਆਲ ਤੇ ਦਾਅਵੇ ਉਠ ਖਲੋਏ ਸਨ ਕਿ ਮਹਿਤੋ ਪਰਿਵਾਰ ਕਹੀ ਜਾਂਦਾ ਸੀ ਕਿ ਗੀਤਾ ਉਹਨਾਂ ਦੀ ਧੀ ਹੈ ਤੇ ਉਸਦਾ ਵਿਆਹ ਵੀ ਹੋਇਆ ਸੀ, ਉਸਦੇ ਇੱਕ ਬੱਚਾ ਵੀ ਹੈ। ਸੁਆਲ ਹੈ ਕਿ ਗੀਤਾ ਜਦ ਪਾਕਿਸਤਾਨ ਗਈ ਉਦੋਂ ਲਗਭਗ 12 ਸਾਲ ਦੀ ਸੀ ਤੇ ਵਿਆਹ ਕਿਵੇਂ ਹੋ ਗਿਆ? ਪਰ ਗੀਤਾ ਨੇ ਮਹਿਤੋ ਪਰਿਵਾਰ ਨੂੰ ਨਾ ਪਛਾਣ ਕੇ ਉਹਨਾਂ ਦੇ ਦਾਅਵੇ ਦੀ ਫੂਕ ਕੱਢ ਦਿੱਤੀ ਸੀ। ਗੀਤਾ ਕੋਲ ਉਸਦੇ ਪਰਿਵਾਰ ਦੀ ਇੱਕ ਤਸਵੀਰ ਵੀ ਸੀ। ਪਿੰਡ ਰਾਮ ਪੁਰ ਦੀ ਅਨਾਰਾ ਦੇਵੀ ਅਤੇ ਉਸਦੇ ਪਤੀ ਰਾਮ ਰਾਜ ਨੇ ਆਪਣੇ ਡੀ.ਐਨ. ਏ ਟੈਸਟ ਕਰਵਾਉਣ ਦੀ ਹਾਮੀ ਵੀ ਭਰ ਦਿੱਤੀ ਸੀ। ਉਹ ਵੀ ਹੁਣ ਚੁੱਪ ਹਨ।
ਖੈਰ! ਜੋ ਵੀ ਹੁੰਦਾ ਹੈ, ਕਦੋਂ ਹੁੰਦਾ ਹੈ, ਤੇ ਕਿਵੇਂ ਹੁੰਦਾ ਹੈ, ਇਸਹ ਸਭ ਕੁਝ ਸਮੇਂ ਤੇ ਸਹੀ ਸਬੂਤਾਂ ਉਤੇ ਅਧਾਰਿਤ ਹੈ। ਪਰ ਜਗਿਆਸੂ ਪਾਠਕਾਂ ਦਾ ਸੁਆਲ ਹੈ ਕਿ ਇਸ ਸਾਡੇ ਮੁਲਕ ਵਿੱਚ ਕਿੰਨੀਆਂ ਹੀ ਗੀਤਾ ਵਰਗੀਆਂ ਕੁੜੀਆਂ ਸੜਕਾਂ ਉਤੇ ਲਾਵਾਰਸ ਰੁਲਦੀਆਂ ਫਿਰਦੀਆਂ ਹਨ, ਕੀ ਉਹਨਾਂ ਬਾਰੇ ਕਿਸੇ ਨੂੰ ਪਤਾ ਹੈ, ਉਹ ਕੌਣ ਹਨ? ਕਿਸਦੀਆਂ ਜਾਈਆ ਤੇ ਕਿੱਥੋਂ ਆਈਆਂ ਹਨ? ਅਜਿਹੇ ਸਵਾਲ ਸੁਣ ਕੇ ਹਰ ਕੋਈ ਆਨਾ-ਕਾਨੀ ਕਰੇਗਾ ਤੇ ‘ਨਾਂਹ’ ਵਿੱਚ ਹੀ ਸਿਰ ਫੇਰੇਗਾ। ਗੀਤਾ ਬਾਰੇ ਜਿਉਂ ਹੀ ਸਮੁੱਚੀ ਸਮੱਗਰੀ ਮੀਡੀਆ ਵਿੱਚ ਆਣ ਲੱਗੀ ਤਾਂ ਮੇਰਾ ਮਨ ਝੰਜੋੜਿਆ ਗਿਆ ਕਿਉਂਂਿਕ ਮੈਂ ਅਜਿਹੀ ਹੀ ਇੱਕ ਗੀਤਾ ਸੰਨ 2003 ਵਿੱਚ ਮਿਲ ਤੇ ਦੇਖ ਚੁੱਕਾ ਸਾਂ।
ਹੁਣ ਉਹ ਵਿਚਾਰੀ ਪਤਾ ਨਹੀਂ ਕਿੱਥੇ ਹੋਵੇਗੀ? ਦਿੱਲੀ ਏਅਰਪੋਰਟ ਤੋਂ ਆਉਂਦੇ ਹੋਏ ਜਦ ਅਸੀਂ ਡੱਬਵਾਲੀ ਇੱਕ ਡਾਬੇ ਉਤੇ ਰੁਕੇ ਤਾਂ ਮੂੰਹ-ਹੱਥ ਧੋ ਕੇ ਮੰਜਿਆਂ ਉਤੇ ਬੈਠ ਗਏ। ਚਾਹ ਅਜੇ ਬਣ ਰਹੀ ਸੀ ਕਿ ਗਿਆਰਾਂ-ਬਾਰਾਂ ਸਾਲ ਦੀ ਉਸ ਬਾਲੜੀ, ਜਿਸਦੇ ਹੱਥ ਵਿੱਚ ਵੰਝਲੀ ਸੀ, ਉਸਦੇ ਨਾਲ ਇੱਕ ਛੇ ਕੁ ਸਾਲ ਦੀ ਬਾਲੜੀ ਦੋਵੇਂ ਸਾਡੇ ਕੋਲ ਆਣ ਖਲੋਈਆਂ। ਵੱਡੀ ਨੇ ਵੰਝਲੀ ਉਤੇ ਗਜ ਫੇਰਿਆ ਤੇ ਛੋਟੀ ਨੇ ਕਿਸੇ ਹੰਢੇ ਹੋਏ ਗਵੱਈਏ ਵਾਂਗ ਅਲਾਪ ਲਿਆ ਤੇ ਗਾਉਣਾ ਸ਼ੁਰੂ ਕੀਤਾ:
ਸਾਡੀ ਰੋ-ਰੋ ਥੱਕੀਆਂ ਅੱਖੀਆਂ ਨੀਂ
ਅਸੀਂ ਹਾਲੇ ਵੀ ਢੂੰਡ ਨਾ ਸੱਕੀਆਂ ਨੀਂ
ਨੀਂ ਮਾਏਂ ਸਾਡਾ ਦੇਸ ਨਾ ਕੋਈ
ਨੀਂ ਅੰਮੜੀਏ ਸਾਡਾ ਦੇਸ ਨਾ ਕੋਈ…
ਕੁੜੀ ਦੀ ਦਰਦੀਲੀ ਆਵਾਜ਼ ਨੇ ਮੇਰਾ ਦਿਲ ਧੂਹ ਲਿਆ ਤੇ ਪਲ ਵਿੱਚ ਮੇਰੀਆਂ ਅੱਖਾਂ ਨਮ ਹੋ ਗਈਆਂ। ਅੰਮ੍ਰਿਤ ਵੇਲਾ ਸੀ। ਖਾਮੋਸ਼ ਵਾਤਾਵਰਣ ਵਿੱਚ ਉਹ ਨਿੱਕੀ ਭੈਣ ਲਗਾਤਾਰ ਗਾਈ ਜਾ ਰਹੀ ਸੀ ਤੇ ਵੱਡੀ ਦੀ ਵੰਝਲੀ ਉਸਦੇ ਬੋਲਾਂ ਉਤੇ ਪੂਰੀ-ਪੂਰੀ ਉਤਰ ਰਹੀ ਸੀ। ਮੇਰੀ ਜਜ਼ਬਾਤੀ ਹੋਈ ਹਾਲਤ ਦੇਖ ਮੇਰੇ ਨਾਲ ਦਾ ਸਾਥੀ ਉਹਨਾਂ ਨੂੰ ਉੱਚੀ ਆਵਾਜ਼ ਵਿੱਚ ਘੂਰ ਕੇ ਬੋਲਿਆ, ”ਜਾਓ, ਭੱਜ ਜਾਓ ਏਥੋਂ।” ਦੋਵੇ ਜਣੀਆਂ ਅੱਗੇ-ਪਿੱਛੇ ਭੱਜ ਤੁਰੀਆਂ। ਮੇਰਾ ਮਨ ਹੋਰ ਦੁਖੀ ਹੋ ਗਿਆ ਤੇ ਮੈਂ ਹੱਥ ਮਾਰ-ਮਾਰ ਉਹਨਾਂ ਨੂੰ ਕੋਲ ਬੁਲਾਣ ਲੱਗਿਆ। ਉਹ ਆ ਨਹੀਂ ਸਨ ਰਹੀਆਂ ਤਾਂ ਚਾਹ ਫੜਾਉਣ ਆਇਆ ਮੁੰਡੂ ਉਹਨਾਂ ਨੂੰ ਆਵਾਜ਼ਾਂ ਮਾਰਨ ਲੱਗ ਪਿਆ, ”ਅਰੇ ਗੀਤਾ, ਆਓ ਇਧਰ ਆਓ, ਆਪ ਕੋ ਬਾਊ ਜੀ ਬੁਲਾ ਰਹੇ ਹੈਂ, ਅਰੇ ਗੀਤਾ ਉਧਰ ਕੋ ਕਿਯੂੰ ਭਾਗਤੀ ਹੋ, ਇਧਰ ਆਓ ਨਾ…।” ਮੁੰਡੂ ਦੇ ਆਵਾਜ਼ ਦੇਣ ‘ਤੇ ਦੋਵੇਂ ਭੈਣਾਂ ਸਾਡੇ ਕੋਲ ਫਿਰ ਆ ਗਈਆਂ।ਏਨੇ ਨੂੰ ਢਾਬੇ ਦਾ ਮਾਲਕ ਵੀ ਲਾਗੇ ਆ ਗਿਆ, ”ਅਰੇ ਗੀਤਾ, ਔਰ ਸੁਣਾਓ ਸਾਹਬ ਕੋ, ਆਪ ਕੋ ਡਾਲਰ ਦੇਂਗੇ ਸਾਹਬ।” ਢਾਬੇ ਦਾ ਮਾਲਕ ਸਮਝ ਗਿਆ ਸੀ ਕਿ ਇਹ ਬਦੇਸ਼ ਤੋਂ ਆਏ ਹਨ। ਮੇਰੇ ਹੱਥ ਮੱਲੋਮੱਲੀ ਜੇਬ ਵਿੱਚ ਗਏ ਤੇ ਅਮਰੀਕਾ ਦੇ ਦਸ ਡਾਲਰ ਦਾ ਨੋਟ ਬਾਹਰ ਆ ਗਿਆ। ਦੋਵਾਂ ਭੈਣਾਂ ਨੇ ਇਕੱਠਿਆਂ ਮੇਰੇ ਵੱਲ ਹੱਥ ਫੈਲਾਏ ਤੇ ਦਸ ਡਾਲਰ ਨੂੰ ਹੈਰਾਨੀ ਤੇ ਉਤਸੁਕਤਾ ਨਾਲ ਦੇਖਣ ਲੱਗੀਆਂ। ਇਹ ਦੇਖ ਮੈਂ ਹੋਰ ਵੀ ਭਾਵੁਕ ਹੋ ਗਿਆ। ਢਾਬੇ ਦਾ ਮਾਲਕ ਬੋਲਿਆ, ”ਡਾਲਰ ਤਾਂ ਮਿੰਟ ‘ਚ ਫੜ ਲਏ ਆ, ਹੋਰ ਸੁਣਾਓ ਸਾਹਬ ਨੂੰ ਗਾਣਾ…।” ਮੈਂ ਵਿੱਚੋਂ ਬੋਲ ਪਿਆ, ”ਨਹੀਂ ਨਹੀਂ, ਉਹੀ ਸੁਣਾਓ, ਮਾਏ ਨੀ ਸਾਡਾ ਦੇਸ ਨਾ ਕੋਈ।” ਉਹ ਹੋਰ ਵੀ ਖੁਭ ਕੇ ਗਾ ਰਹੀਆਂ ਸਨ। ਢਾਬੇ ਦੇ ਮਾਲਕ ਨੇ ਦੱਸਣਾ ਸ਼ੁਰੂ ਕੀਤਾ, ”ਭਾਜੀ, ਇਹ ਦੋਵੇਂ ਭੈਣਾਂ ਲਾਵਾਰਸ ਨੇ, ਆਹ ਵੱਡੀ ਤਾਂ ਬਚਪਨ ਦੀ ਗੂੰਗੀ ਆ ਤੇ ਬੋਲੀ ਵੀ ਆ, ਗੀਤਾ ਆ ਏਹਦਾ ਨਾਂ ਤੇ ਆਹ ਛੋਟੀ ਜਿਹੜੀ ਗਾਉਂਦੀ ਆ ਏਹ ਨੂਰੀ ਆ, ਇਹਨਾਂ ਦੀ ਮਾਂ ਤੀਜਾ ਬੱਚਾ ਜੰਮਦੀ ਮਰ ਗਈ ਤੇ ਪਿਓ ਕੰਜਰ ਨਿਕਲਿਆ ਨਸ਼ੱਈ, ਇਹਨਾਂ ਨੂੰ ਛੱਡ ਕੇ ਤੇ ਹੋਰ ਜਨਾਨੀ ਲੈ ਪਤਾ ਨਹੀਂ ਕਿੱਧਰ ਭੱਜ ਗਿਆ, ਹੁਣ ਏਹ ‘ਕੱਲੀਆਂ ਨੇ ਦੋਵੇਂ ਤੇ ਆਹ ਵੱਡੀ ਨਾਲ ਤਾਂ ਸਾਡੇ ਏਥੇ ਇੱਕ ਬਿਹਾਰੀ ਮੁੰਡਾ ਭਾਂਡੇ ਮਾਂਜਦਾ ਸੀ, ਉਹ ਖੇਹ ਖਾ ਗਿਆ ਤੇ ਸਾਲਾ ਭੱਜ ਗਿਆ, ਭਾਜੀ ਰੱਬ ਦੀ ਦਿੱਤੀ ਕਿੱਡੀ ਕਲਾ ਆ ਏਹਨਾਂ ਕੋਲ ਤੇ ਆਹ ਦਰ-ਦਰ ਰੁਲਦੀਆਂ ਫਿਰਦੀਆਂ ਨੇ…।” ਉਹ ਹਾਲੇ ਗੱਲ ਦੱਸ ਰਿਹਾ ਸੀ ਕਿ ਉਸਨੂੰ ਢਾਬੇ ਅੰਦਰੋਂ ਆਵਾਜ਼ ਵੱਜ ਗਈ।
ਇਸ ਹੋਈ-ਬੀਤੀ ਨੂੰ ਚਾਹੇ 12 ਸਾਲ ਦਾ ਅਰਸਾ ਬੀਤ ਗਿਆ ਹੈ ਪਰ ਵੰਝਲੀ ਵਾਲੀ ਗੀਤਾ ਦੀ ਯਾਦ ਪਾਕਿਸਤਾਨੋਂ ਪਰਤੀ ਗੀਤਾ ਨੇ ਇਕਦਮ ਤਾਜ਼ਾ ਕਰਵਾ ਦਿੱਤੀ ਹੈ। ਮੋਦੀ ਜੀ, ਭਾਰਤ ਵਿੱਚ ਵੀ ਅਣਗਿਣਤ ਗੀਤਾ ਗੂੰਗੀਆਂ-ਬਹਿਰੀਆਂ ਤੇ ਲਾਵਾਰਿਸ ਕੁੜੀਆਂ ਰੁਲਦੀਆਂ ਫਿਰਦੀਆਂ ਨੇ, ਕੀ ਕਦੇ ਉਹਨਾਂ ਬਾਬਤ ਵੀ ਸੋਚੋਗੇ? ਮੈਨੂੰ ਨਹੀਂ ਪਤਾ ਕਿ ਮੇਰੇ ਸਵਾਲ ਦਾ ਜਾਵਾਬ ਕੋਈ ਦੇਵੇਗਾ ਵੀ ਜਾਂ ਨਹੀ…?

 

Check Also

ਇੰਮੀਗ੍ਰਾਂਟਾਂ ਦੇ ਦੇਸ਼ ਕੈਨੇਡਾ ਵਿਚ

ਜਰਨੈਲ ਸਿੰਘ (ਕਿਸ਼ਤ 7) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਕੈਨੇਡਾ ਵਿਚ ਚਾਰ ਮੌਸਮ ਹਨ …