Breaking News
Home / ਨਜ਼ਰੀਆ / ਅਣਚਾਹੇ ਬਣਨੋ ਬਚਣਾ

ਅਣਚਾਹੇ ਬਣਨੋ ਬਚਣਾ

ਕਲਵੰਤ ਸਿੰਘ ਸਹੋਤਾ
ਬੰਦੇ ਦੇ ਸੁਭਾ ਮੁਤਾਬਕ ਇਹ ਕੋਸ਼ਿਸ਼ ਅਕਸਰ ਰਹਿੰਦੀ ਹੈ ਕਿ ਦੂਸਰਿਆਂ ਤੇ ਪ੍ਰਭਾਵਸ਼ਾਲੀ ਕਿਵੇਂ ਬਣਿਆਂ ਰਹਿ ਸਕੇ। ਆਪਣੀਂ ਹੋਂਦ ਦੀ ਬੁੱਕਤ ਹੀ ਤਾਂ ਪਈ ਲੱਗਦੀ ਹੈ, ਜੇ ਦੂਸਰਿਆਂ ਨੂੰ ਪ੍ਰਭਾਵਿਤ ਕਰਦੇ ਰਹੀਏ। ਪਰ ਕਈ ਵਾਰੀ ਪ੍ਰਭਾਵਿਤ ਕਰਦੇ ਕਰਦੇ ਪ੍ਰਭਾਵ ਗੁਆ ਲਈਦਾ ਹੈ। ਦੂਸਰਿਆਂ ਨੂੰ ਪ੍ਰਭਾਵਿਤ ਕਰਨ ਦਾ ਪ੍ਰਭਾਵ ਲੈ ਕੇ ਮਨ ਨੂੰ ਕੁਝ ਤਸੱਲੀ ਤੇ ਵਲੱਖਣਤਾ ਦਾ ਅਨੁਭਵ ਨਸ਼ਾ ਜਿਹਾ ਵੀ ਦਿੰਦਾ ਹੈ। ਇੰਜ ਤੁਹਾਨੂੰ ਅੰਦਰੂਨੀ ਬਲ ਜਿਹਾ ਮਿਲਿਆ ਮਹਿਸੂਸ ਹੁੰਦਾ ਹੈ। ਪ੍ਰਭਾਵ ਕੋਈ ਅਜਿਹੀ ਸ਼ੈਅ ਨਹੀਂ ਜਿਹੜੀ ਝੱਟ ਪੱਟ ਹੋਰਾਂ ਤੇ ਪਾਈ ਜਾ ਸਕੇ। ਹਰ ਇਨਸਾਨ ਦਾ ਕੋਈ ਨਾਂ ਕੋਈ ਵਿਲੱਖਣ ਗੁਣ ਹੁੰਦਾ ਹੈ। ਹਰ ਇੱਕ ਦਾ ਆਪੋ ਆਪਣਾਂ ਖਾਸਾ ਹੈ, ਤੇ ਇਹ ਖਾਸਾ ਖਾਸ ਪ੍ਰਭਾਵ ਤੇ ਮਹੱਤਤਾ ਰੱਖਦਾ ਹੈ। ਹੁਣ ਮਸਲਾ ਇਹ ਹੈ ਕਿ ਇਸ ਨੂੰ ਯੋਗ ਤਰੀਕੇ ਨਾਲ ਕਿਵੇਂ ਪ੍ਰਯੋਗ ਕੀਤਾ ਜਾਵੇ। ਇਥੇ ਹੀ ਅਸੀਂ ਮਾਰ ਖਾ ਜਾਂਦੇ ਹਾਂ।
ਲੂਣ, ਖੰਡ ਰੋਜ਼ਾਨਾਂ ਰਸੋਈ ‘ਚ਼ ਵਰਤੀਆਂ ਜਾਣ ਵਾਲੀਆਂ ਵਸਤੂਆਂ ਹਨ। ਜੇ ਲੂਣ, ਦਾਲ ‘ਚ਼ ਅਧਿਕ ਪਾ ਲਿਆ ਜਾਏ ਤਾਂ ਦਾਲ ਸਲੂਣੀ ਹੋ ਜਾਏਗੀ, ਜੇ ਖੰਡ ਤੇ ਲੂਣ ਦੋਵੇਂ ਰਲਾ ਕੇ ਦਾਲ ‘ਚ਼ ਪਾ ਲਈਏ ਤਾਂ ਦਾਲ ਹੋਰ ਵੀ ਬੇਸੁਆਦੀ ਹੋ ਜਾਏਗੀ। ਖੰਡ ਤੇ ਲੂਣ ਦਾ ਤਾਂ ਕੋਈ ਕਸੂਰ ਨਹੀਂ, ਸਗੋਂ ਇਸ ਦੀ ਵਰਤੋਂ, ਵਿਧੀ ਤੇ ਜਗ੍ਹਾ ਗਲਤ ਹੈ। ਜੇ ਖੰਡ ਖੀਰ ਜਾਂ ਚਾਹ ਚ਼ਲੋੜ ਮੁਤਾਬਿਕ ਤੇ ਲੂਣ ਦਾਲ ‘ਚ ਼ਸਹੀ ਮਿਕਦਾਰ ‘ਚ਼ ਵਰਤੀਏ ਤਾਂ ਦੋਵੇਂ ਚੀਜ਼ਾਂ ਹੀ ਸੁਆਦੀ ਬਣਨਗੀਆਂ। ਇਹੋ ਗੱਲ ਸਾਡੇ ਜ਼ਿੰਦਗੀ ਦੇ ਤਜ਼ਰਬਿਆਂ ਦੇ ਹੋਰਾਂ ਦੇ ਫਾਇਦੇ ਲਈ ਪ੍ਰਯੋਗ ਵਿਧੀ ਦੀ ਹੈ। ਕੋਈ ਲੋੜਵੰਦ ਹੀ ਤੁਹਾਡੇ ਤਜ਼ਰਬੇ ਦਾ ਸਹੀ ਫਾਇਦਾ ਲੈ ਸਕੇਗਾ; ਜੇ ਕਿਸੇ ਨੂੰ ਲੋੜ ਹੀ ਨਹੀਂ ਤੇ ਤੂਸੀਂ ਮੱਲੋਜ਼ੋਰੀ ਆਪਣੇ ਕੀਮਤੀ ਗੁਣ ਦਾ ਅਹਿਮ ਤਜ਼ਰਬਾ ਦੂਸਰਿਆਂ ‘ਤੇ ਠੋਸੀ ਜਾਓਗੇ, ਤਾਂ ਅਣਚਾਹੇ ਲੱਗਣ ਲੱਗੋਗੇ। ਇਥੇ ਇਹ ਗੱਲ ਸਮਝਣ ਯੋਗ ਹੈ ਕਿ ਤੁਹਾਡਾ ਗੁਣ ਵੀ ਵਿਲੱਖਣ ਹੈ ਤੇ ਤਜ਼ਰਬਾ ਵੀ ਕੀਮਤੀ, ਪਰ ਗੱਲ ਮੁਹਰੇ ਲੋੜ ਦੀ ਹੈ। ਜਿਵੇਂ ਦਾਲ ‘ઑਚ ਖੰਡ ਪਾਉਣ ਦੀ ਤਾਂ ਲੋੜ ਹੀ ਨਹੀਂ, ਜੇ ਮੱਲੋ ਮੱਲੀ ਉਸ ‘ઑਚ ਚਮਚ ਭਰ ਭਰ ਖੰਡ ਸੁੱਟੀ ਜਾਓਗੇ ਤਾਂ ਦਾਲ ਖ਼ਰਾਬ ਹੀ ਹੋਏਗੀ! ਇਸੇ ਤ੍ਹਰਾਂ ਜੇ ਜਿਸ ਸਭਾ ઑ’ਚ ਬੈਠੇ ਹੋ ਉਸ ਸਭਾ ਦੀ ਮਾਹੌਲ ਰੂਪੀ ਦਾਲ ઑ’ਚ ਆਪਣੇ ਵਿਚਾਰਾਂ ਦੀ ਧੁੱਸ ਰੂਪੀ ਖੰਡ ਦੀਆਂ ਚੁਟਕੀਆਂ ਮੱਲੋ ਮੱਲੀ ਸੁੱਟੀ ਜਾਓਗੇ ਤਾਂ ਉਸ ਸਭਾ ਦੇ ਮਹੌਲ ਰੂਪੀ ਦਾਲ ਨੂੰ ਖਾਹ ਮੁਖਾਹ ਹੀ ਬੇਸੁਆਦਾ ਕਰ ਦਿਓਗੇ।
ઑਸੱਦੀ ਨਾਂ ਬੁਲਾਈ ਮੈਂ ਲਾੜੇ ਦੀ ਤਾਈ ਵਾਲੀ ਕਹਾਵਤ ਸੁਣਦੇ ਰਹੇ ਹਾਂ। ਜੇ ਤੁਹਾਨੂੰ ਕਿਸੇ ਨੇ ਸੱਦਿਆ ਹੀ ਨਹੀਂ, ਤੁਹਾਨੂੰ ਬੁਲਾਇਆ ਹੀ ਨਹੀਂ, ਤੇ ਤੁਸੀਂ ਮੱਲੋਜ਼ੋਰੀ ਆਣ ਟਪਕੇ ਤੇ ਲੱਗੇ ਆਪਣੀਂ ਹੋਂਦ ਦੀ ਸਥਾਪਤੀ ਦਾ ਰਾਗ ਅਲਾਪਣ, ਉਹ ਵੀ ਉਸ ਜ੍ਹਗਾ ਜਿੱਥੇ ਤੁਹਾਡੀ ਹਾਜ਼ਰੀ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ। ਸੋ ਇਹ ਖਾਹਮੁਖਾਹ ਦਖਲ ਅੰਦਾਜ਼ੀ ਹੋਰਾਂ ਨੂੰ ਚਿੜਚਿੜਾ ਬਣਾ ਦਏਗੀ। ਤੁਸੀਂ ਆਪਣਾ ਚੰਗਾ ਪ੍ਰਭਾਵ ਪਾਉਣ ਆਏ, ਖਾਹਮੁਖਾਹ ਲੱਤ ਅੜਾ, ਅਣਚਾਹੇ ਬਣ ਕੇ ਰਹਿ ਜਾਓਗੇ। ਜਿਸ ਸਭਾ ‘ਚ਼ ਬੈਠੇ ਹੋ, ਉਥੇ ਕਿੰਨਾਂ ਚਿਰ ਬੈਠਣਾਂ ਹੈ? ਕਿਸ ਤਰ੍ਹਾਂ ਦੇ ਵੱਖੋ ਵੱਖਰੇ ਸੁਭਾਅ ਦੇ ਬੰਦੇ ਬੈਠੇ ਹਨ? ਤੇ ਕਿਹੋ ਜਿਹਾ ਵਿਸ਼ਾ ਛੇੜਿਆ ਜਾਏ, ਜਿਸ ਨਾਲ ਸਾਰਿਆਂ ‘ਚੋਂ ਕੋਈ ਭੀ ਅਕੇਵਾਂ ਨਾ ਮਹਿਸੂਸ ਕਰੇ, ਇਤ ਆਦਿ ਗੱਲਾਂ ਧਿਆਨ ਗੋਚਰੇ ਹਨ। ਥੋੜ੍ਹੇ ਸਮੇਂ ਨੂੰ ਵੱਧ ਉਪਯੋਗ ਕਰ ਕੇ, ਸਾਰੇ ਮਹੌਲ ਨੂੰ ਕਿਵੇਂ ਸੁਹਾਵਣਾਂ ਬਣਿਆ ਰੱਖਣਾ ਹੈ, ਇਹ ਗੱਲਾਂ ਮਹੱਤਤਾ ਰੱਖਦੀਆਂ ਹਨ, ਨਹੀਂ ਤੇ ਬੇਲੋੜੀ ਆਪਣੀ ਜ਼ਾਹਿਰ ਕੀਤੀ ਜਾਣਕਾਰੀ ਤੁਹਾਨੂੰ ਹਲਕੇ ਤੇ ਅਣਚਾਹੇ ਲੱਗਣ ਲਾ ਦਏਗੀ।
ਕਿਸੇ ਵੀ ਮਹਿਫਿਲ ਜਾਂ ਸਭਾ ‘ਚ਼ ਬੈਠੇ; ਆਪਣੇ ਰੁਤਵੇ, ਵਿਦਿਆ ਤੇ ਸਮਾਜਿਕ ਉਚਤਾ ਦਾ ਭੁੱਲ ਕੇ ਭੀ ਪ੍ਰਗਟਾਵਾ ਨਾ ਕਰੋ। ਸਗੋਂ ਇਸ ਨੂੰ ਆਪਣੇ ਵਤੀਰੇ ਦੇ ਸਲੀਕੇ ‘ਚੋਂ਼ ਹੀ ਟਿਮਟਿਮਾ ਕੇ ਦਿਸਣ ਦਿਓ। ਆਪਣੀ ਹਲਕੀ ਚਾਪਲੂਸੀ ਕਰਨ ਵਾਲਿਆਂ ਤੋਂ ਭੀ ਖਬਰਦਾਰ ਰਹੋ, ਉਹ ਸ਼ਾਇਦ ਕਰ ਤਾਂ ਤੁਹਾਡੀ ਸ਼ੋਭਾ ਹੀ ਰਹੇ ਹੋਣ ਪਰ ਤੁਹਾਨੂੰ ਹਲਕਾ ਲੱਗਣ ਲਾ ਦੇਣਗੇ। ਆਪਣੀਆਂ ਪਰਾਪਤੀਆਂ ਦੀ ਨੁਮਾਇਸ਼ ਕਰਨ ਦਾ ਯਤਨ ਨਾ ਕਰੋ, ਪਹਿਲਾਂ ਦੇਖੋ ਕਿ ਇਉਂ ਕਰਨ ਨਾਲ, ਨਾਲ ਬੈਠਿਆਂ ਚ਼ ਹੀਣ ਭਾਵਨਾ ਤਾਂ ਨਹੀਂ ਆਏਗੀ? ਪਰਾਪਤੀ ਦੀ ਗੱਲ ਜੇ ਕਿਤੇ ਕਰਨੀ ਪੈ ਵੀ ਜਾਏ ਤਾਂ ਇਸ ਤਰੀਕੇ ਨਾਲ ਕੀਤੀ ਜਾਏ ਤਾਂ ਕਿ ਉਹ ਸਿਰਫ ਹੱਦ ਤੱਕ ਹੀ ਮਹਿਦੂਦ ਰਹੇ, ਨਹੀਂ ਤਾਂ ਤੁਸੀਂ ਚੰਗੇ ਭਲੇ ਅਣਚਾਹੇ ਬਣ ਜਾਓਗੇ। ਕਿਸੇ ਦੇ ਜ਼ਾਤੀ ਮਸਲੇ ਵਾਰੇ ਵਿਚਾਰ ਨਾ ਛੇੜੋ, ਇਸ ‘ਚ਼ ਖੁੱਭਣ ਵਾਲਿਆਂ ਤੋਂ ਦੂਰੀ ਬਣਾ ਕੇ ਰੱਖੋ। ਕੋਈ ਕਿਸੇ ਦੀ ਨਿਰਾਦਰੀ ਕਰਨ ਤੇ ਤੁਲਿਆ ਹੋਵੇ ਤਾਂ ਉਸ ‘ਚ਼ ਮਸ਼ਖਰੀ ਹਾਸਾ ਭੁੱਲ ਕੇ ਵੀ ਨਾ ਹੱਸ, ਉਸ ਨੂੰ ਹਲਕਾ ਬਣਾਉਣ ‘ਚ਼ ਭਾਗੀਦਾਰ ਨਾ ਬਣੋਂ।
ਵਿਚਾਰਾਂ ਦੇ ਪ੍ਰਗਟਾਵੇ ਦਾ ਇਕ ਸੁਮੇਲ ਹੋਣਾ ਚਾਹੀਦਾ। ਅੱਜ ਕੱਲ੍ਹ ਨਵੀ ਤੋਂ ਨਵੀਂ ਬੇਅੰਤ ਜਾਣਕਾਰੀ ਉਪਲੱਭਦ ਕਰਨ ਦੇ ਬੇਅੰਤ ਵਸੀਲੇ ਹਨ। ਕੋਈ ਤਾਜ਼ਾ ਹਾਸਲ ਕੀਤੀ ਜਾਣਕਾਰੀ ਵਾਰੇ, ਬੇਲੋੜਾ ਤੇ ਅਕੇਵੇਂ ਵਾਲੀ ਚਰਚਾ ਨਾ ਛੇੜ ਬੈਠੋ। ਨਵੀਂ ਹਾਸਲ ਕੀਤੀ ਜਾਂ ਪੁਰਾਣੀ ਜਾਣਕਾਰੀ ਹੋਣ ਦਾ ਪ੍ਰਗਟਾਵਾ ਕਰਨਾ ਵੀ ਦੂਸਰਿਆਂ ਦੇ ਲਈ ਬੇਸੁਆਦੀ ਹੋ ਸਕਦਾ ਹੈ। ਹਰ ਇਕ ਵਿਸ਼ੇ ਵਾਰੇ ਹੋਣ ਵਾਲੀ ਗੱਲ ਵਾਰੇ ਹਰ ਵਾਰੀ ਉਸ ਦੇ ਪਿਛੋਕੜ ‘ਚ਼ ਲੋੜੋਂ ਵੱਧ ਖੁੱਭ, ਦੂਸਰਿਆਂ ਦਾ ਸੁਆਦ ਕਿਰਕਿਰਾ ਨਾ ਕਰੋ। ਵਿਚਾਰ ਜਿਹੜੇ ਤੁਹਾਡੇ ਲਈ ਚੰਗੇ ਹਨ, ਜ਼ਰੂਰੀ ਨਹੀਂ ਕਿ ਹੋਰਾਂ ਨੂੰ ਭੀ ਚੰਗੇ ਲੱਗਣ। ਫਾਲਤੂ, ਬੇਲੋੜੇ ਬਹਿਸ ਮੁਬਾਸੇ ਤੋਂ ਗੁਰੇਜ਼ ਕਰਦੇ ਹੋਏ ਲੋੜ ਤੋਂ ਵੱਧ ਨਾ ਬੋਲੋ। ਹੋਰਾਂ ਨੂੰ ਧਿਆਨ ਤੇ ਬਰਾਬਰਤਾ ਦੇ ਸਨਮਾਨ ਨਾਲ ਸੁਣੋਂ। ਜੇ ਹਰ ਗੱਲ ‘ਚ਼ ਸਹਿਮਤੀ ਨਾਂ ਭੀ ਬਣਦੀ ਦਿਸੇ, ਤਾਂ ਕੂਟਨੀਤਕਤਾ ਨਾਲ ਵਿਚਾਰਾਂ ਦੇ ਉਲਝਾ ਤੋਂ ਬਾਹਰ ਨਿਕਲਣ ਦਾ ਉਪਰਾਲਾ ਵਿੱਢੋ।
ਜੋ ਕੁਝ ਤੁਸੀਂ ਹੋ, ਉਹ ਸਾਹਮਣੇ ਦਿਸ ਰਹੇ ਹੋ; ਆਪਣੇ ਆਪ ਨੂੰ ਵਧਾ ਚੜ੍ਹਾ ਕੇ ਦੱਸਣਾ ਕਮਜ਼ੋਰੀ ਤੇ ਹੀਣ ਭਾਵਨਾ ਦੀ ਨਿਸ਼ਾਨੀ ਹੈ। ਜੋ ਕੁਝ ਤੁਸੀਂ ਹੋ ਉਸ ਤੇ ਫ਼ਖਰ ਮਹਿਸੂਸ ਕਰਦੇ ਹੋਏ, ਅਗਾਊ ਹੋਰ ਆਪਾ ਸੋਧਣ ਤੇ ਸੁਧਾਰ ਲਈ ਯਤਨਸ਼ੀਲ ਰਹੋ। ਜਿੰਦਗੀ ਔਖਿਆਈਆਂ ਤੇ ਸੌਖਿਆਈਆਂ ਦਾ ਰਲਵਾਂ ਸੁਮੇਲ ਹੈ। ਦੋਹਾਂ ਪ੍ਰਸਥਿਤੀਆਂ ਵਿਚ ਬਰਾਬਰ ਰਹਿਣ ਦਾ ਯਤਨ ਕਰੋ।ਇਸ ਨਾਲ ਸ਼ਖਸੀਅਤ ਵਿਚ ਨਿਖਾਰ ਆਏਗਾ। ਹਮੇਸ਼ਾਂ ਮਨ ਨੂੰ ਚੜ੍ਹਦੀ ਕਲਾ ਤੇ ਉਸਾਰੂ ਵਿਰਤੀ ਵਲ ਰੱਖਣ ਨਾਲ, ਨਿਰਾਸ਼ਤਾ ਦੂਰੀ ਰੱਖਦੀ ਹੈ। ਵਿਤ ਮੁਤਾਬਿਕ ਹਮੇਸ਼ਾਂ ਦੂਸਰਿਆਂ ਦੀ ਮੱਦਦ ਲਈ ਮਨ ਨੂੰ ਤਿਆਰ ਰੱਖੋ: ਇਸ ਨਾਲ ਤੁਹਾਨੂੰ ਅੰਦਰੂਨੀ ਬਲ ਮਿਲੇਗਾ। ਧਿਆਨ ਚ਼ ਰੱਖੋ ਕਿ ਸਾਰੀ ਦੁਨੀਆਂ ਦਾ ਦੁੱਖ ਤਾਂ ਤੁਸੀਂ ਨਵਿਰਤ ਨਹੀਂ ਕਰ ਸਕਦੇ, ਤੇ ਨਾਂ ਹੀ ਮਨ ‘ਚ਼ ਇਸ ਤਰ੍ਹਾਂ ਦਾ ਕੋਈ ਟੀਚਾ ਮਿੱਥੋ। ਆਪਣੇ ਵਿਤ ਮੁਤਾਬਿਕ ਹੀ ਯੋਗਦਾਨ ਪਾਉਣਾ ਆਪਣਾ ਨਿਸ਼ਾਨਾ ਰੱਖੋ। ਵਾਅਦਾ ਉਤਨਾ ਕਰੋ, ਜਿਤਨਾ ਨਿਭਾ ਸਕੋ, ਸਮੇਂ ਦੀ ਕਦਰ ਕਰੋ ਤੇ ਪਾਬੰਦ ਰਹੋ। ਬੇਲੋੜੀ ਸ਼ਿਕਾਇਤ ਨਾਂ ਕਰੋ, ਸਹਿਣਸ਼ੀਲ ਹੋਣ ਦੀ ਜਾਂਚ ਸਿੱਖੋ। ਅਜਿਹੇ ਗੁਣਾਂ ਦੀਆਂ ਧਾਰਨਾਵਾਂ ਤੁਹਾਨੂੰ ਅਣਚਾਹੇ ਬਣਨ ਤੋਂ ਬਚਾਉਣਗੀਆਂ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …