Breaking News
Home / ਨਜ਼ਰੀਆ / ਇਕ ਟੋਟਾ ਜਨਮ ਭੂਮੀ

ਇਕ ਟੋਟਾ ਜਨਮ ਭੂਮੀ

ਪੁਸਤਕ ਰਿਵਿਊ
ਰਿਵਿਊ ਕਰਤਾ
ਡਾ. ਡੀ ਪੀ ਸਿੰਘ 416-859-1856
ਇਕ ਟੋਟਾ ਜਨਮ ਭੂਮੀ (ਨਾਵਲ)
ਲੇਖਿਕਾ : ਹਰਜੀਤ ਕੌਰ ਵਿਰਕ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼,
ਸਮਾਣਾ, ਪੰਜਾਬ, ਇੰਡੀਆ।
ਪ੍ਰਕਾਸ਼ ਸਾਲ : 2020
ਕੀਮਤ : 250 ਰੁਪਏ
ਪੰਨੇ : 160
ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ, ਮਿਸੀਸਾਗਾ, ਓਂਟਾਰੀਓ, ਕੈਨੇਡਾ।
”ਇੱਕ ਟੋਟਾ ਜਨਮ ਭੂਮੀ” ਨਾਵਲ ਦੀ ਲੇਖਿਕਾ ਹਰਜੀਤ ਕੌਰ ਵਿਰਕ ਕਿੱਤੇ ਵਜੋਂ ਪੰਜਾਬੀ ਭਾਸ਼ਾ ਦੀ ਅਧਿਆਪਕਾ ਹੋਣ ਦੇ ਨਾਲ ਨਾਲ ਪੰਜਾਬੀ ਸਾਹਿਤ ਦੀ ਸੇਵਾ ਲਈ ਸਮਰਪਿਤ ਸਿਰੜ੍ਹੀ ਲੇਖਿਕਾ ਵੀ ਹੈ। ਸੰਨ 1968 ਵਿਚ ਜਨਮੀ ਬੀਬਾ ਹਰਜੀਤ ਨੂੰ, ਕਾਲਜ ਦੇ ਦਿਨਾਂ ਦੌਰਾਨ ਸਾਹਿਤਕ ਰਚਨਾਵਾਂ ਪੜ੍ਹਣ ਦੀ ਰੁਚੀ ਪੈਦਾ ਹੋ ਗਈ। ਸਮੇਂ ਦੇ ਬੀਤਣ ਨਾਲ ਉਸ ਨੇ ਬੀ. ਏ., ਬੀ. ਐੱਡ. ਅਤੇ ਐਮ. ਏ. (ਪੰਜਾਬੀ ਤੇ ਇਤਿਹਾਸ) ਦੀਆਂ ਡਿਗਰੀਆਂ ਲੈ ਪ੍ਰੌਫੈਸ਼ਨਲ ਜੀਵਨ ਸਰਕਾਰੀ ਸਕੂਲ ਅਧਿਆਪਕਾ ਵਜੋਂ ਸ਼ੁਰੂ ਕੀਤਾ। ਸੰਨ 2011 ਦੌਰਾਨ ਜੀਵਨ ਵਿਚ ਵਾਪਰੇ ਦੁਖਾਂਤ ਸਮੇਂ ਬੇਟੀ ਗਗਨਪ੍ਰੀਤ ਤੇ ਬੇਟਾ ਮਨਜੋਤ ਦੀ ਹੋਂਦ ਤੇ ਪਿਆਰ ਨੇ ਉਸ ਦੇ ਜੀਵਨ ਨੂੰ ਪ੍ਰੇਰਨਾ ਬਖ਼ਸ਼ੀ। ਤਦ ਹੀ ਉਸ ਦੇ ਮਨ ਵਿਚ ਸਾਹਿਤ-ਲੇਖਣੀ ਦੀ ਉਮੰਗ ਨੇ ਜਨਮ ਲਿਆ। ਜੋ ਉਸ ਦੀ ਪਹਿਲੀ ਸਾਹਿਤਕ ਕ੍ਰਿਤ ”ਲੁਕਿਆ ਦਰਦ” (ਕਾਵਿ ਸੰਗ੍ਰਹਿ, 2013) ਦਾ ਰੂਪ ਵਟਾ ਉਸ ਦੇ ਜੀਵਨ ਵਿਚ ਪ੍ਰਗਟ ਹੋਈ।
ਸਾਹਿਤਕ ਲਗਾਉ ਤੇ ਜੀਵਨ ਦੀ ਜਦੋ ਜਹਿਦ ਨੇ ਉਸ ਨੂੰ ਨਵੀਂ ਪਾਰਖੂ ਨਜ਼ਰ ਬਖ਼ਸ਼ੀ ਅਤੇ ਉਸ ਦੇ ਵਿਹੜੇ ਵਿਚ ”ਬੰਦ ਪਈ ਘੜੀ ਵਰਗੀ ਜ਼ਿੰਦਗੀ” (2016), ”ਉਂਨੀਦੀ ਅੱਖ ਦਾ ਸੁਪਨਾ” (2018) ਅਤੇ ”ਇਕ ਟੋਟਾ ਜਨਮ ਭੂਮੀ” (2020) ਵਰਗੇ ਨਾਵਲ ਰੂਪੀ ਫੁੱਲ ਉੱਗ ਪਏ। ਕੁਝ ਹੋਰ ਨਵਾਂ ਕਰਨ ਦੀ ਲਲਕ ਨੇ ਉਸ ਨੂੰ ਬਾਲ-ਸਾਹਿਤ ਵਲ ਰੁਚਿਤ ਕਰ ਦਿੱਤਾ, ਜੋ ਸੰਨ 2020 ਵਿਚ ਹੀ ”ਦੋ-ਫੁੱਲ” ਬਾਲ-ਕਹਾਣੀ ਸੰਗ੍ਰਹਿ ਦੇ ਰੂਪ ਵਿਚ ਪ੍ਰਗਟ ਹੋਇਆ। ਅਜੋਕੇ ਪੰਜਾਬੀ ਸਾਹਿਤ ਵਿੱਚ ਇਕ ਵੱਖਰੀ ਪਹਿਚਾਣ ਵਾਲੀ ਨਾਵਲਕਾਰ ਹੈ- ਹਰਜੀਤ ਕੌਰ ਵਿਰਕ, ਜਿਸ ਨੇ ਆਪਣਾ ਜੀਵਨ, ਆਪਣੇ ਲੇਖਣ ਕਾਰਜਾਂ ਰਾਹੀਂ, ਸਮਾਜਿਕ ਸਰੋਕਾਰਾਂ ਦਾ ਸਹੀ ਰੂਪ ਚਿੱਤਰਣ ਲਈ ਅਰਪਣ ਕੀਤਾ ਹੋਇਆ ਹੈ। ਪਿਛਲੇ ਦਿਨ੍ਹੀ ਉਹ ਆਪਣਾ ਨਵਾਂ ਨਾਵਲ ”ਇਕ ਟੋਟਾ ਜਨਮ ਭੂਮੀ” ਲੈ ਕੇ ਪੰਜਾਬੀ ਪਾਠਕਾਂ ਦੀ ਸੱਥ ਵਿਚ ਹਾਜ਼ਿਰ ਹੋਈ ਹੈ।
”ਇੱਕ ਟੋਟਾ ਜਨਮ ਭੂਮੀ” ਹਰਜੀਤ ਕੌਰ ਵਿਰਕ ਦਾ ਤੀਸਰਾ ਨਾਵਲ ਹੈ। ਜਿਸ ਵਿਚ ਕੁੱਲ 32 ਕਾਂਡ ਹਨ। ਇਹ ਨਾਵਲ ਪੰਜਾਬ ਤੋਂ ਵਿਦੇਸ਼ਾਂ ਵੱਲ ਦੇ ਪਰਵਾਸ, ਪਰਦੇਸ਼ਾਂ ਵਿਚ ਨਵਾਂ ਭਵਿੱਖ ਸਿਰਜਣ ਦੀ ਜਦੋ-ਜਹਿਦ ਵਿਚ ਸਿਰਤੋੜ ਯਤਨਾਂ ਵਿਚ ਜੁੱਟੇ ਨੌਜਆਨਾਂ, ਨਵੇਂ ਦਿੱਸਹੱਦਿਆਂ ਦੀ ਨਿਸ਼ਾਨਦੇਹੀ, ਪਰਵਾਸ ਤੋਂ ਵਤਨ ਵਾਪਸੀ ਦੀ ਧੁੰਦਲੀ ਆਸ, ਤਿੜਕ ਰਹੇ ਰਿਸ਼ਤਿਆਂ ਦਾ ਸੇਕ, ਅਤੇ ਜਨਮ-ਭੂਮੀ ਵਿਖੇ ਨਸ਼ਿਆਂ ਦੀ ਤਰਾਸਦੀ ਦਾ ਨੰਗਾ ਨਾਚ, ਹੋਮਲੈਂਡ ਦੀ ਤੜਪ ਤੇ ਤਲਾਸ਼ ਦਾ ਬੜੇ ਸਰਲ, ਸਪੱਸ਼ਟ ਤੇ ਰੋਚਕ ਢੰਗ ਨਾਲ ਵਰਨਣ ਕਰਦੀ ਹੈ। ਇਸ ਨਾਵਲ ਦਾ ਸਮਰਪਣ, ਉਸ ਨੇ ਵਿਦੇਸ਼ੀ ਧਰਤੀ ਉੱਤੇ ਪੰਜਾਬੀ ਪਹਿਚਾਣ ਬਣਾਈ ਰੱਖਣ ਵਾਲਿਆਂ ਤੇ ਪੰਜਾਬੀ ਚਿੱਤਰ-ਕਲਾ ਦੇ ਜਾਨਸ਼ੀਨਾਂ ਦੇ ਨਾਂ ਕੀਤਾ ਹੈ।
ਇਸ ਨਾਵਲ ਦੀ ਭੂਮਿਕਾ, ”ਇਕ ਟੋਟਾ ਜਨਮ ਭੂਮੀ ਲਿਖਣ ਲਈ ਹਰਜੀਤ ਕੌਰ ਵਿਰਕ ਹੋਣਾ ਪੈਂਦਾ ਹੈ” ਦੇ ਆਰੰਭ ਵਿਚ ਨਾਮਵਰ ਕਹਾਣੀਕਾਰ ਜਸਵੀਰ ਸਿੰਘ ਰਾਣਾ, ਨਾਵਲ ਦੇ ਨਾਂ ਦੀ ਸਾਰਥਕਤਾ ਦਾ ਖੁਲਾਸਾ ਕਰਦਾ ਹੈ। ਉਹ ਨਾਵਲ ਵਿਚ ਕਹੇ ਤੇ ਅਣਕਹੇ ਬਿਰਤਾਂਤਾਂ ਦਾ ਜ਼ਿਕਰ ਕਰਦਾ ਹੋਇਆ, ਨਾਵਲ ਦਾ ਸਾਰਅੰਸ਼ ਤਾਂ ਪੇਸ਼ ਕਰਦਾ ਹੀ ਹੈ ਪਰ ਇਸ ਦੇ ਨਾਲ ਨਾਲ, ਲੇਖਿਕਾ ਦੀ ਨਾਵਲ ਕਲਾ ਦਾ ਵਿਸਤਾਰਿਤ ਮੁਲਾਂਕਣ ਵੀ ਕਰ ਜਾਂਦਾ ਹੈ। ਜਸਵੀਰ ਰਾਣਾ ਇਸ ਨਾਵਲ ਦੇ ਪਠਨ ਦੇ ਹੱਕ ਵਿਚ ਭੁਗਤਦਾ ਹੋਇਆ ਕਹਿੰਦਾ ਹੈ ਕਿ, ”ਇਹ ਨਾਵਲ ਸਾਡੇ ਸਮਿਆਂ ਦੇ ਗੰਭੀਰ ਤੇ ਵੱਡੇ ਪ੍ਰਸ਼ਨਾਂ ਨੂੰ ਸੰਬੋਧਿਤ ਹੁੰਦਾ ਹੈ। ਇਸ ਲਈ ਇਸ ਦੀ ਪੜ੍ਹਤ ਜ਼ਰੂਰੀ ਹੈ।”
ਲੇਖਿਕਾ ਨੇ ਆਈਲੈਟਸ ਕਰ ਕੇ ਵਿਦੇਸ਼ ਪੜ੍ਹਣ ਜਾਣ ਵਾਲੇ ਮੁੰਡੇ-ਕੁੜੀਆਂ ਦਾ ਘਰ-ਪਰਿਵਾਰ ਛੱਡਣ ਦਾ ਸੰਤਾਪ, ਰਿਸ਼ਤਿਆਂ ਅਤੇ ਸਾਂਝਾਂ ਤੋਂ ਦੂਰੀ ਦੀ ਤ੍ਰਾਸਦੀ, ਬੇਗਾਨੀ ਧਰਤੀ ਤੇ ਬੇਗਾਨੇ ਲੋਕਾਂ ਦੇ ਰਹਿਮੋ-ਕਰਮ ਉੱਤੇ ਜੀਵਨ ਬਸੇਰਾ, ਪੜ੍ਹਾਈ ਤੇ ਕੰਮਾਂ-ਕਾਰਾਂ ਦਾ ਇਕੱਠਾ ਬੋਝ ਚੁੱਕਦੇ ਹੋਏ, ਅਤੇ ਮੰਜ਼ਿਲ ਤੋਂ ਭਟਕਾਉਂਦੇ ਰਾਹਾਂ ਦਾ ਤਲਿੱਸਮ ਝੱਲਦੀ ਹੋਈ ਇਸ ਨੋਜੁਆਨ ਪੀੜ੍ਹੀ ਦੇ ਦਰਦ ਦਾ ਬਿਆਨ ਇਸ ਨਾਵਲ ਵਿਚ ਬਾਖੂਬੀ ਕੀਤਾ ਹੈ। ਇਸੇ ਨਾਵਲ ਵਿਚ ਲੇਖਿਕਾ ਨੇ ਵਿਦੇਸ਼ਾਂ ਵਿਚ ਰੰਗ, ਨਸਲ, ਲਿੰਗ, ਧਰਮ ਅਤੇ ਜਾਤੀ ਦੇ ਆਧਾਰ ਉੱਤੇ ਵਾਪਰ ਰਿਹਾ ਵਿਤਕਰਾਵਾਦ ਤੇ ਰਾਜਨੀਤੀ, ਲਵ-ਜਹਾਦ ਦਾ ਵਰਤਾਰਾ, ਵਿਦੇਸ਼ ਵਿਚ ਵਸੀ ਪਰਵਾਸੀਆਂ ਦੀ ਪੁਰਾਣੀ ਪੀੜ੍ਹੀ ਦੁਆਰਾ ਨਵੇਂ ਆਏ ਪਰਵਾਸੀ ਵਿਦਿਆਰਥੀਆਂ ਨਾਲ ਦੁਰ-ਵਿਵਹਾਰ ਤੇ ਸ਼ੋਸਣ, ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਆਪਸੀ ਗੁਟਬੰਦੀ ਤੇ ਮਾਰ-ਧਾੜ, ਦੇਸ਼ ਤੇ ਵਿਦੇਸ਼ ਅੰਦਰ ਨੋਜੁਆਨਾਂ ਦਾ ਸਿੱਖੀ ਤੋਂ ਬੇਮੁੱਖ ਹੋਣਾ, ਡਰੱਗ/ਨਸ਼ਿਆ ਦਾ ਫੈਲ ਰਿਹਾ ਵਿਸ਼ਵ-ਵਿਆਪੀ ਤਾਣਾ-ਬਾਣਾ, ਖਾੜਕੂਵਾਦ ਦੇ ਵਿਭਿੰਨ ਪੱਖਾਂ ਤੇ ਹੋਮਲੈਂਡ ਦੀ ਮੰਗ ਕਰਦੀ 2020 ਰੈਫਰੈਂਡਮ ਦੀ ਮੁਹਿੰਮ ਆਦਿ ਅਨੇਕ ਵਿਸ਼ਿਆਂ ਦੀਆਂ ਪਰਤਾਂ ਫਰੋਲਦਿਆਂ, ਸਮਕਾਲੀ ਬਹੁ-ਪਰਤੀ ਸੰਕਟ ਦੀ ਗਲਪੀ ਪੇਸ਼ਕਾਰੀ ਕੀਤੀ ਹੈ। ਇਥੇ ਇਹ ਕਹਿਣਾ ਵੀ ਬਿਲਕੁਲ ਉਚਿਤ ਹੈ ਕਿ ਹਰਜੀਤ ਕੌਰ ਵਿਰਕ ਦੀ ਚਿੰਤਤ ਤੇ ਸਾਰਥਕ ਕਲਮ ਦੀ ਕੁੱਖੋਂ ਜਨਮੇ ਇਹ ਨਾਵਲ ਨੂੰ ਪੜ੍ਹਣ ਤੋਂ ਬਾਅਦ, ਤੁਸੀਂ ਸਹਿਜ ਨਹੀਂ ਰਹਿ ਸਕੋਗੇ, ਗਹਿਰੀ ਚਿੰਤਾ ਨਾਲ ਭਰ ਜਾਵੋਗੇ। ….ਤੇ ਹੋਰ ਵੀ ਦ੍ਰਿੜਤਾ ਨਾਲ ਜਨਮਭੂਮੀ ਪ੍ਰਤਿ ਸੁਹਿਰਦ ਲਗਾਉ ਦੇ ਨਾਲ ਨਾਲ ਸਮਾਜਿਕ ਅਤੇ ਸੱਭਿਆਚਾਰਕ ਮਸਲਿਆ ਦੇ ਸੰਤਾਪ ਤੋਂ ਮੁਕਤੀ ਲਈ ਤੱਤਪਰ ਹੋ ਇਨ੍ਹਾਂ ਦੇ ਹੱਲ ਲਈ ਜੁਟ ਜਾਓਗੇ।
ਨਾਵਲ ਦਾ ਆਗਾਜ਼ ਜਨਮਭੂਮੀ ਦੇ ਹਾਉਂਕੇ ਨਾਲ ਹੁੰਦਾ ਹੈ। ਜੋ ਆਪਣੇ ਚਿਰਾਂ ਦੇ ਵਿਛੜੇ ਪੁੱਤਰ ਦਿਲਦਾਰ ਸਿੰਘ (ਨਾਵਲ ਦਾ ਮੁੱਖ ਪਾਤਰ) ਦੀ ਆਤਮਾ ਨੂੰ ਵਤਨੀ ਫੇਰਾ ਪਾਣ ਲਈ ਇੰਝ ਪੁਕਾਰ ਰਹੀ ਹੈ, ”ਕਿੰਨ੍ਹੇ ਸਾਲਾਂ ਤੋਂ ਉਡੀਕ ਰਹੀ ਆਂ। ਤੇਰੇ ਬਿਨ੍ਹਾ ਮੇਰਾ ਜੀਅ ਨਹੀਂ ਲੱਗਦਾ। ਮੈਨੂੰ ਪਤਾ ਮੇਰੇ ਤੋਂ ਦੂਰ, ਤੂੰ ਵੀ ਉਦਾਸ ਰਹਿੰਨਾ। ਤੇਰੀ ਤੜਫ਼ ਵੀ ਬਹੁਤ ਅਜੀਬ ਆ……।” ਲੇਖਿਕਾਂ ਦੀ ਪਾਤਰ ਸਿਰਜਣਾ, ਬਹੁ-ਪਰਤੀ ਹੈ। ਉਦਾਹਰਣ ਲਈ ਦਿਲਦਾਰ ਸਿੰਘ ਦਾਰੀ ਦਾ ਵਿਦੇਸ਼ੀ ਧਰਤੀ ਉੱਤੇ ਸਫ਼ਲ ਤੇ ਨਾਮੀ ਕਾਰੋਬਾਰੀ ਹੋਣਾ, ਨਵੇਂ ਪਰਵਾਸੀਆਂ ਦੀ ਮਦਦ ਲਈ ਤਤਪਰ/ਯਤਨਸ਼ੀਲ ਹੋਣਾ, ਉਸ ਦੇ ਕਿਰਦਾਰ ਦਾ ਬਾਹਰੀ ਸ਼ਕਤੀਸ਼ਾਲੀ ਪੱਖ ਹੈ। ਇਸ ਪੱਖ ਦੀ ਉਸਾਰੀ, ਉਸ ਅੰਦਰਲੇ ਸਿਰੜੀ ਤੇ ਮਿਹਨਤਕਸ਼ ”ਪੰਜਾਬੀ ਮਨੁੱਖ” ਨੇ ਕੀਤੀ ਹੈ। ਪਰ ਧੁਰ ਅੰਦਰੋਂ ਉਹ ਇਕੱਲੀ, ਅਣਜਾਣ ਤੇ ਬੇਚੈਨ ਰੂਹ ਹੈ। ਜੋ ਹੋਰਨਾਂ ਦਾ ਦੁੱਖ ਦੇਖ ਬੇਚੈਨ ਹੋ ਜਾਂਦਾ ਹੈ। ਜੋ ਆਪਣੀ ਫੈਕਟਰੀ ਵਿਚ ਸਟੱਡੀ ਵੀਜ਼ੇ ‘ਤੇ ਆਏ ਮੁੰਡੇ-ਕੁੜੀਆਂ ਨੂੰ ਕੰਮ ਦੇ ਕੇ, ਅਪਣਤ ਵੰਡਦਾ ਹੋਇਆ ਸਵੈ ਲਈ ਅਪਣਤ ਦੀ ਭਾਲ ਵਿਚ ਹੈ।
ਨਾਵਲਕਾਰ ਹਰਜੀਤ ਕੌਰ ਵਿਰਕ ਦੇਸ਼ ਤੇ ਵਿਦੇਸ਼ ਵਿਚਲੇ ਸਮਾਜਾਂ ਵਿੱਚ ਮੌਜੂਦ ਮੁਨਾਫ਼ਾਖੋਰ/ਲੋਟੂ ਜਮਾਤ ਦੇ ਵਿਵਹਾਰ ਤੋਂ ਭਲੀ-ਭਾਂਤ ਜਾਣੂ ਹੈ। ਉਸਦੀ ਅੰਤਰੀਵੀ ਸੋਚ ‘ਚ ਮਾਨਵ-ਪੱਖੀ ਵਲਵਲੇ ਜਨਮ ਲੈ ਕੇ ਇਸ ਨਾਵਲ ਦੇ ਰੂਪ ‘ਚ ਪ੍ਰਗਟ ਹੋਏ ਹਨ। ਇਸੇ ਲਈ ਇਹ ਨਾਵਲ ਪਰਵਾਸ ਹੰਢਾਉਂਦੇ ਅੰਤਰ-ਰਾਸ਼ਟਰੀ ਵਿਦਿਆਰਥੀਆਂ, ਰੋਟੀ-ਰੋਜ਼ੀ ਦੀ ਤਲਾਸ਼ ਵਿਚ ਵਿਦੇਸ਼ਾਂ ਦੀ ਧਰਤੀ ਗਾਹੁੰਦੇ ਮਿਹਨਤਕਸ਼ਾਂ, ਜਨਮਭੂਮੀ ਤੋਂ ਦੂਰੀ ਦਾ ਸੰਤਾਪ ਭੁਗਤ ਰਹੇ ਪਰਵਾਸੀਆਂ, ਆਈ. ਈ. ਐੱਲ਼. ਟੀ. ਐੱਸ. ਦੀ ਦੌੜ ਵਿਚ ਫਸੇ ਨੋਜੁਆਨਾਂ, ਨਸ਼ਿਆਂ ਦੀ ਮਾਰ ਝੱਲ ਰਹੇ ਪਰਿਵਾਰਾਂ, ਦੂਸ਼ਿਤ ਵਾਤਾਵਰਣੀ ਤੇ ਸਮਾਜਿਕ ਹਾਲਾਤਾਂ ਦਾ ਜੂਝਦੇ ਮਨੁੱਖਾਂ ਦਾ ਜ਼ਿਕਰ ਕਰਦੀ ਹੈ। ਲੇਖਿਕਾ, ਜਨਮਭੂਮੀ ਨਾਲ ਆਪਣੇ ਪਿਆਰ ਦਾ ਇਜ਼ਹਾਰ ਬਜ਼ੁਰਗ ਪਾਤਰ ਦੇ ਬੋਲਾਂ ਰਾਹੀਂ ਇੰਝ ਪ੍ਰਗਟ ਕਰਦੀ ਹੈ: ”…. ਜੜ੍ਹਾਂ ਨਾਲੋਂ ਟੁੱਟਣਾ ਬਹੁਤ ਔਖਾ ਹੁੰਦਾ।” ਪਰਵਾਸ ਭੁਗਤ ਰਹੇ ਵਿਦਿਆਰਥੀਆਂ ਵਿਚੋਂ ਕੁਝ ਕੁ ਦੇ ਗਲਤ ਰਾਹਾਂ ਉੱਤੇ ਤੁਰ ਪੈਣ ਬਾਰੇ ਲੇਖਿਕਾ ਆਪਣੀ ਚਿੰਤਾ ਪਾਤਰ ਗੁਣਤਾਸ਼ ਦੀ ਸੋਚ-ਧਾਰਾ ਰਾਹੀਂ ਇੰਝ ਵਿਅਕਤ ਕਰਦੀ ਹੈ, ”ਕਈਆਂ ਨੂੰ ਰਾਹ ਮਿਲ ਜਾਂਦੇ ਨੇ ਕਈ ਮਿਲੇ ਰਾਹਾਂ ਤੋਂ ਭਟਕ ਜਾਂਦੇ ਹਨ। ਫਿਰ ਭੁੱਲੇ ਰਾਹਾਂ ਤੇ ਮੁੜਣ ਦੀ ਸਮਝ ਨਹੀਂ ਆਉਂਦੀ ਤੇ ਭਟਕੇ ਰਾਹ ਕੰਡਿਆਲੇ ਥੋਹਰ ਬਣ ਕੇ ਚੁਭਦੇ ਰਹਿੰਦੇ ਨੇ।” ਪੰਜਾਬ ਦੀ ਧਰਤੀ ਤੋਂ ਹੋ ਰਹੇ ਲਗਾਤਾਰ ਪਰਵਾਸ ਦਾ ਦਰਦ ਲੇਖਿਕਾ ਨੇ ਗੱਜਣ ਸਿੰਘ ਦੇ ਬੋਲਾਂ ਰਾਹੀਂ ਇੰਝ ਪ੍ਰਗਟ ਕੀਤਾ ਹੈ, ”ਪੰਜਾਬ ਦੀ ਜ਼ਰਖੇਜ਼ ਮਿੱਟੀ ਨੂੰ ਖੋਰਾ ਲੱਗ ਗਿਆ।” ਸਮਾਜ ਵਿਚ ਫੈਲੇ ਅੰਧ-ਵਿਸ਼ਵਾਸ, ਭੇਡਚਾਲ ਤੇ ਕੁਕਰਮਾਂ ਵਿਚ ਫਸੇ ਡੇਰਾਵਾਦ ਵਿਰੁੱਧ ਚੇਤਨਾ ਪੈਦਾ ਕਰਨ ਦੇ ਮੰਤਵ ਨਾਲ ਲੇਖਿਕਾ ਪ੍ਰਭਾਤ ਪੱਤਰਕਾਰ ਦੇ ਸ਼ਬਦਾਂ ਰਾਹੀਂ ਇੰਝ ਬਿਆਨ ਕਰਦੀ ਹੈ, ”ਬਹੁਤ ਅਣਦੇਖਿਆ ਕਰ ਲਿਆ। ਕਬੂਤਰ ਵਾਂਗ ਅੱਖਾਂ ਮੀਟ ਕੇ ਕੁਝ ਨਹੀਂ ਹੋਣਾ। ਲੜ ਕੇ ਮਰਨਾ ਹੀ ਜ਼ਿੰਦਗੀ ਦੀ ਸਹੀ ਕੀਮਤ ਹੈ। …..ਪਰ ਪਹਿਲੀ ਆਵਾਜ਼ ਕਿਸੇ ਨੂੰ ਤਾਂ ਉਠਾਉਣੀ ਪੈਣੀ।”
ਲੇਖਿਕਾ ਹਰਜੀਤ ਕੌਰ ਵਿਰਕ ਦੀ ਇਹ ਰਚਨਾ ਨਵੇਂ ਦਿਸਹੱਦਿਆਂ ਦੀ ਦੱਸ ਪਾਉਂਦੀ ਹੋਈ ਤਿੱਖੇ ਸ਼ਬਦਾਂ ਰਾਹੀਂ ਆਪਣੇ ਭਾਵਾਂ ਨੂੰ ਪ੍ਰਗਟ ਕਰਦੀ ਹੈ। ਇਹ ਨਾਵਲ ਸਮਾਜ ਵਿੱਚ ਲੁੱਟੇ ਜਾ ਰਹੇ ਵਰਗ (ਵਿਦਿਆਰਥੀ ਤੇ ਮਾਪੇ) ਦੀ ਪੈਰਵੀ ਕਰਦਾ ਹੋਇਆ, ਹਾਕਮ ਜਮਾਤ ਦੀ ਨਜ਼ਰ ਹੇਠ ਵਾਪਰ ਰਹੇ ਅਮਾਨਵੀ ਵਰਤਾਰਿਆਂ (ਵਿਕਤਰਾਵਾਦ ਤੇ ਡੱਰਗ/ਨਸ਼ਿਆਂ ਦਾ ਫੈਲਾਅ) ਦਾ ਸ਼ਾਬਦਿਕ ਵਿਸਫ਼ੋਟ ਕਰਦਾ ਹੈ। ਰਚਨਾਕਾਰ ਦੀ ਫਿਕਰਮੰਦੀ ਇਸ ਪੱਖੋਂ ਵੀ ਜ਼ਾਹਿਰ ਹੁੰਦੀ ਹੈ ਕਿ ਢਾਹੂ ਕੀਮਤਾਂ (ਪੱਖਪਾਤ, ਨਸਲਵਾਦ, ਡੇਰਾਵਾਦ ਤੇ ਹਿੰਸਾਵਾਦ) ਜਿਸ ਦਾ ਪ੍ਰਸਾਰ ਸਮਕਾਲੀ ਸਭਿਆਚਾਰ ਕਰ ਰਿਹਾ ਹੈ, ਉਹ ਮਾਨਵੀ ਕੀਮਤਾਂ ਨੂੰ ਢਾਹ ਲਗਾ ਰਹੀਆਂ ਹਨ। ਲੇਖਿਕਾ, ਪੂੰਜੀਵਾਦ ਦੇ ਪ੍ਰਛਾਵੇਂ ਹੇਠ ਪਲ ਰਹੇ ਅਮਾਨਵੀ ਅੰਸ਼ਾਂ (ਪਰਵਾਸ ਦੀ ਲਲਕ ਤੇ ਦੁਖਾਂਤ) ਦੀ ਤਲਾਸ਼ ਕਰਦੀ ਹੈ ਤੇ ਫੇਰ ਉਨ੍ਹਾਂ ਦੇ ਵਿਰੁੱਧ ਅਵਾਜ਼ ਬਣਦੀ ਹੈ। ਲੇਖਿਕਾ ਦਾ ਮੰਨਣਾ ਹੈ ਕਿ ਇਸ ਪੂੰਜੀਵਾਦੀ ਵਰਤਾਰੇ ਨੇ ਮਨੁੱਖ ਦਾ ਰਿਸ਼ਤਾ ਜਨਮਭੂਮੀ ਤੇ ਵਿਰਸੇ ਨਾਲੋਂ ਤੋੜ, ਪੈਸੇ ਅਤੇ ਵਸਤੂ ਪ੍ਰਾਪਤੀ ਦੀ ਦੌੜ ਨਾਲ ਜੋੜ ਦਿੱਤਾ ਹੈ। ਅਜਿਹੀ ਪ੍ਰਵਿਰਤੀ, ਉਸ ਨੂੰ ਪਰਿਵਾਰ ਤੇ ਸਮਾਜ ਨਾਲ ਜੋੜਨ ਦੀ ਬਜਾਏ ਭਾਈਚਾਰਕ ਤੇ ਸਮਾਜਿਕ ਸਰੋਕਾਰਾਂ ਨਾਲੋਂ ਅੱਡ ਕਰ ਰਹੀ ਹੈ। ਸਮਕਾਲੀ ਮਨੁੱਖ ਨਾਲ ਜੁੜੇ ਅਜਿਹੇ ਅਨੇਕ ਵਿਸ਼ੇ ਇਸ ਨਾਵਲ ਵਿੱਚ ਸਮੋਏ ਹੋਏ ਹਨ। ਇਸ ਨਾਵਲ ਦਾ ਇੱਕ ਸਰੋਕਾਰ ਲੋਕਾਂ ਦੇ ਪ੍ਰਸਪਰ ਮਿਲਵਰਤਣ ਤੇ ਸਾਂਝੀਵਾਲਤਾ ਦੀ ਬਾਤ ਪਾਉਂਦਾ ਹੋਇਆ, ਜਨਮਭੂਮੀ ਨਾਲ ਪਿਆਰ ਤੇ ਅਮਨ ਲਈ ਦੁਆ ਕਰਦਾ ਹੈ।ਹਰਜੀਤ ਕੌਰ ਵਿਰਕ ਦੀ ਲੇਖਣ ਸ਼ੈਲੀ ਮਨੋਵਚਨੀ, ਵਾਰਤਾਲਾਪੀ ਅੰਦਾਜ਼ ਵਾਲੀ, ਸਰਲ ਅਤੇ ਸਪਸ਼ਟਤਾਪੂਰਣ ਹੈ।
ਇੰਝ ਹੀ ਨਾਵਲ ਦੀ ਭੂਮਿਕਾ ਵਿਚ ਜਸਵੀਰ ਰਾਣਾ ਦਾ ਇਹ ਕਥਨ ”ਮਿੱਟੀ ‘ਤੇ ਜੰਮੀ ਬਰਫ਼ ……… ਜਿਥੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਗੁਆਚ ਗਈ? ਜਿਸ ਨੂੰ ”ਪੰਜਾਬ ਦੀ ਮੈਸਾਲਿਨਾ” ਕਿਹਾ ਜਾਂਦਾ ਸੀ।” (ਪੰਨਾ 12) ਇਥੇ ਵਰਨਣਯੋਗ ਹੈ ਕਿ ਮਹਾਰਾਣੀ ਜਿੰਦਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਅਨੇਕ (ਦਰਜਨ ਤੋਂ ਵੀ ਵਧੇਰੇ) ਮਹਾਰਾਣੀਆਂ ਤੇ ਰਾਣੀਆਂ ਵਿਚੋਂ ਇਕ ਸੀ ਤੇ ਜੋ ਮਹਾਰਾਜੇ ਨੇ ਜੀਵਨ ਦੇ ਆਖ਼ਰੀ ਦਹਾਕੇ ਵਿਚ ਵਿਆਹੀ ਸੀ। ਬੇਸ਼ਕ ਉਹ ਸੰਨ 1843-1846 ਤਕ ਸਿੱਖ ਰਾਜ ਦੀ ਸ਼ਕਤੀਸ਼ਾਲੀ ਤੇ ਪ੍ਰਭਾਵਕੁੰਨ ਔਰਤ ਰਹੀ। ਪਰ ਉਸ ਦੀ ਤੁਲਨਾ ਮਹਾਰਾਣੀ ਮੈਸਾਲਿਨਾ ਨਾਲ ਕਰਨਾ ਸਹੀ ਨਹੀਂ ਕਿਉਂਕਿ ਉਨ੍ਹਾਂ ਦੋਨ੍ਹਾਂ ਵਿਚ ਸਮਾਂਤਰ ਕਿਰਦਾਰਾਂ ਦੀ ਵੱਡੀ ਘਾਟ ਹੈ। ਮਹਾਰਾਣੀ ਜਿੰਦਾਂ ਨਾ ਤਾਂ ਕਦੇ ਆਪਣੇ ਪਤੀ (ਮਹਾਰਾਜਾ ਰਣਜੀਤ ਸਿੰਘ) ਨੂੰ ਮਾਰਣ ਦੇ ਕਿਸੇ ਛੰਡਯੰਤਰ ਦਾ ਹਿੱਸਾ ਰਹੀ ਤੇ ਨਾ ਹੀ ਅਜਿਹੇ ਕਿਸੇ ਛੰਡਯੰਤਰ ਦੇ ਫਲਸਰੂਪ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਵਿਰੋਧੀ ਬਰਤਾਨਵੀ ਅਧਿਕਾਰੀਆਂ ਨੇ ਉਸ ਦਾ ਚਰਿਤਰ ਹਨਨ/ਬਦਨਾਮ ਕਰਨ ਦੇ ਇਰਾਦੇ ਨਾਲ ਉਸ ਨੂੰ ”ਪੰਜਾਬ ਦੀ ਮੈਸਾਲਿਨਾ” ਕਿਹਾ। ਮਹਾਰਾਣੀ ਜਿੰਦਾਂ ਪੰਜਾਬ ਦੇ ਇਤਹਾਸ ਦੀ ਸਨਮਾਨਯੋਗ ਸਖ਼ਸ਼ੀਅਤ ਰਹੀ ਹੈ ਅਤੇ ਅੱਜ ਵੀ ਸਿੱਖ ਸਮੁਦਾਇ ਵਿਚ ਸਨਮਾਨਿਤ ਸਥਾਨ ਦੀ ਪਾਤਰ ਹੈ। ਲੇਖਕਾਂ ਨੂੰ ਇਤਹਾਸਿਕ ਸਖ਼ਸੀਅਤਾਂ ਦੀ ਤੁਲਨਾ/ਵਰਨਣ ਕਰਦੇ ਸਮੇਂ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਗਲਤ ਧਾਰਨਾਵਾਂ ਦਾ ਪ੍ਰਸਾਰ ਬੇਵਜਹ ਨਵੇਂ ਸਮਾਜਿਕ ਮਸਲਿਆਂ ਨੂੰ ਜਨਮ ਨਾ ਦੇਵੇ। ਉਪਰੋਕਤ ਤਰੁਟੀਆਂ ਤੋਂ ਇਲਾਵਾ ”ਇੱਕ ਟੋਟਾ ਜਨਮ ਭੂਮੀ” ਇਕ ਵਧੀਆ ਨਾਵਲ ਹੈ ਜੋ ਅਜੋਕੇ ਪੰਜਾਬੀ ਸਮਾਜ, ਸੱਭਿਆਚਾਰ ਅਤੇ ਪੰਜਾਬੀਆਂ ਵਿਚ ਪਰਵਾਸ ਦੀ ਰੁਚੀ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦਾ ਹੈ। ਪਰਵਾਸ ਦੌਰਾਨ ਸਮਕਾਲੀ ਸਮਾਜਿਕ ਹਾਲਾਤਾਂ ਅਤੇ ਮੁਸ਼ਕਲਾਂ ਦੇ ਅਨੇਕ ਪੱਖਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦਾ ਹੈ। ਜਨਮ-ਭੂਮੀ ਪੰਜਾਬ ਨਾਲ ਪਿਆਰ, ਮਾਨਵੀ ਕਦਰਾਂ-ਕੀਮਤਾਂ ਦਾ ਅਨੁਸਰਣ ਤੇ ਰਿਸ਼ਤਿਆਂ ਦੀ ਚਿਰਸਥਾਈ ਸਾਂਝ ਸਥਾਪਤੀ ਦੀ ਪ੍ਰੇਰਨਾ ਦੇ ਆਸ਼ੇ ਨਾਲ, ਲੇਖਿਕਾ ਨੇ ਹਾਲਤਾਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਦੇ ਹੋਏ, ਪਾਠਕਾਂ ਨੂੰ ਮਨੁੱਖੀ ਜੀਵਨ ਦੇ ਸਹੀ ਮਨੋਰਥ ਬਾਰੇ ਚੇਤੰਨ ਹੋਣ ਦੀ ਦੱਸ ਪਾਈ ਹੈ। ਪੰਜਾਬੀ ਪਾਠਕਾਂ ਨੂੰ ਇਹ ਨਾਵਲ ਪੜ੍ਹ ਕੇ, ਇਸ ਵਿਚ ਉਪਲਬਧ ਕਰਵਾਈ ਗਈ ਜਾਣਕਾਰੀ ਤੋਂ ਲਾਭ ਉਠਾਉਣਾ ਚਾਹੀਦਾ ਹੈ।
ਹਰਜੀਤ ਕੌਰ ਵਿਰਕ ਸਮਾਜਿਕ, ਸਭਿਆਚਾਰਕ ਅਤੇ ਮਨੋਵਿਗਿਆਨਕ ਮਸਲਿਆਂ ਦੇ ਸੰਚਾਰਕ/ ਨਾਵਲਕਾਰ ਵਜੋਂ ਅਨੁਸਰਣਯੋਗ ਮਾਡਲ ਹੈ। ਉਸ ਦਾ ਇਹ ਨਾਵਲ ਸਮਾਜਿਕ ਤੇ ਸੱਭਿਆਚਾਰਕ ਸਰੋਕਾਰਾਂ ਤੇ ਮਨੋਵਿਗਿਆਨ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਿਕਾ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੀ ਹੈ। ਚਹੁ-ਰੰਗੇ ਸਰਵਰਕ ਨਾਲ ਡੀਲਕਸ ਬਾਇਡਿੰਗ ਵਾਲੀ ਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ।
”ਇੱਕ ਟੋਟਾ ਜਨਮ ਭੂਮੀ” ਇਕ ਅਜਿਹਾ ਨਾਵਲ ਹੈ ਜੋ ਹਰ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦਾ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਪਾਠਕ ਸਮਕਾਲੀ ਸਮਾਜਿਕ, ਸੱਭਿਆਚਾਰਕ ਤੇ ਪਰਵਾਸ ਦੇ ਹਾਲਾਤਾਂ ਤੇ ਮਸਲਿਆਂ ਦਾ ਸਹੀ ਰੂਪ ਸਮਝ, ਉਨ੍ਹਾਂ ਦੇ ਉਚਿਤ ਹੱਲਾਂ ਬਾਰੇ ਸੁਚੇਤ ਹੋਣ ਦੇ ਨਾਲ ਨਾਲ ਯੋਗ ਅਮਲੀ ਕਾਰਜਾਂ ਨੂੰ ਆਪਣੇ ਜੀਵਨ ਚਲਣ ਦਾ ਅੰਗ ਬਣਾ ਕੇ, ਧਰਤੀ ਉੱਤੇ ਖੁਸ਼ਹਾਲ ਮਨੁੱਖੀ ਸਮਾਜ ਸਿਰਜਣ ਵਿਚ ਆਪਣਾ ਉਚਿਤ ਯੋਗਦਾਨ ਪਾ ਸਕਣ।
…………….
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ, ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ। ਈਮੇਲ: [email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …