
ਅਧਿਆਪਕਾਂ ਨੂੰ ਸਤਿਕਾਰਯੋਗ ਤੇ ਸੇਧ ਦੇਣ ਵਾਲੇ ਗੁਰੂ ਦੱਸਿਆ
ਚੰਡੀਗੜ੍ਹ/ਬਿਉੂਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਅੱਜ ਸਮੁੱਚੇ ਅਧਿਆਪਕ ਜਗਤ ਤੋਂ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਤਿਕਾਰਯੋਗ ਹਨ ਤੇ ਸਾਡੇ ਗੁਰੂ ਵੀ ਹਨ, ਜੋ ਸਾਨੂੰ ਸੇਧ ਦਿੰਦੇ ਹਨ। ਪਿਛਲੇ ਦਿਨੀ ਸਮਾਣਾ ਦੇ ‘ਸਕੂਲ ਆਫ ਐਮੀਨੈਂਸ’ ਵਿੱਚ ਉਦਘਾਟਨੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਜੌੜਾਮਾਜਰਾ ਨੇ ਅਧਿਆਪਕਾਂ ਖਿਲਾਫ ‘ਅਪਸ਼ਬਦ’ ਬੋਲ ਦਿੱਤੇ ਸਨ। ਦੱਸਿਆ ਗਿਆ ਕਿ ਜੌੜਾਮਾਜਰਾ ਸਕੂਲ ਵਿਚ ਕੀਤੇ ਪ੍ਰਬੰਧ ਦੇਖ ਕੇ ਭੜਕ ਗਏ ਸਨ। ਉਨ੍ਹਾਂ ਨੇ ਅਧਿਆਪਕਾਂ ਨਾਲ ਬਦਸਲੂਕੀ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਡੀਟੀਐੱਫ ਨੇ ਪਿਛਲੇ ਦਿਨੀਂ ਮੰਗ ਕੀਤੀ ਸੀ ਕਿ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵਿਧਾਇਕ ਜੌੜਾਮਾਜਰਾ ਬਿਨਾਂ ਸ਼ਰਤ ਮੁਆਫੀ ਮੰਗਣ। ਸੋ ਹੁਣ ਵਿਧਾਇਕ ਜੌੜਾਮਾਜਰਾ ਨੇ ਆਪਣੀ ਗਲਤੀ ਲਈ ਸਮੁੱਚੇ ਅਧਿਆਪਕ ਜਗਤ ਕੋਲੋਂ ਮਾਫੀ ਮੰਗ ਲਈ ਹੈ।