ਗੁਰਦੁਆਰਾ ਬੰਗਲਾ ਸਾਹਿਬ ਦੀ ਬਾਹਰਲੀ ਸੜਕ ‘ਤੇ ਦਿੱਲੀ ਪੁਲਿਸ ਨੇ ਸਾਇਰਨ ਵਜਾ, ਲਾਇਟਾਂ ਜਗਾ, ਪਰਿਕਰਮਾ ਕਰਦਿਆਂ ਸਿੱਖ ਭਾਈਚਾਰੇ ਦੀਆਂ ਸੇਵਾਵਾਂ ਨੂੰ ਕੀਤਾ ਸਲਾਮ
ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਲ੍ਹਾਉਂਦਿਆਂ ਮੋਦੀ ਨੇ ਗੁਰੂਘਰਾਂ ਦੀ ਸੇਵਾ ਨੂੰ ਟਵੀਟ ਕਰਕੇ ਕੀਤਾ ਸਲਾਮ
ਦਿੱਲੀ ਪੁਲਿਸ ਦੀ ਇਸ ਅਨੋਖੀ ਕਾਰਜਸ਼ੈਲੀ ਨੂੰ ਜਿੱਥੇ ਦੁਨੀਆ ਭਰ ਵਿਚ ਵਾਹ-ਵਾਹੀ ਮਿਲ ਰਹੀ ਹੈ, ਉਥੇ ਇਸ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਸਮੁੱਚੇ ਗੁਰਘਰਾਂ ਦੀ ਸੇਵਾ ਨੂੰ ਨਮਨ ਕੀਤਾ। ਗੁਰਦੁਆਰਾ ਬੰਗਲਾ ਸਹਿਬ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਸਮੂਹ ਗੁਰੂਘਰ ਇਸ ਕਰੋਨਾ ਆਫਤ ਦੇ ਦੌਰਾਨ ਲਾਮਿਸਾਲ ਸੇਵਾ ਨਿਭਾਅ ਰਹੇ ਹਨ। ਜ਼ਿਕਰਯੋਗ ਹੈ ਕਿ ਚਾਹੇ ਸ਼੍ਰੋਮਣੀ ਕਮੇਟੀ ਹੋਵੇ, ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਪੰਜਾਬ ਦੇ ਗੁਰੂਘਰ ਹੋਣ, ਚਾਹੇ ਦੇਸ਼ ਦੇ ਵੱਖੋ-ਵੱਖ ਸੂਬਿਆਂ ਦੇ ਸਮੂਹ ਗੁਰੂਘਰ ਤੇ ਚਾਹੇ ਦੁਨੀਆ ਭਰ ਵਿਚ ਕਿਤੇ ਸਥਾਪਿਤ ਕੋਈ ਗੁਰੂਘਰ ਹੋਵੇ ਇਸ ਸਮੇਂ ਹਰ ਗੁਰੂਘਰ, ਹਰ ਭੁੱਖੇ ਢਿੱਡ ਨੂੰ ਰੋਟੀ ਦੇਣ ‘ਚ ਜੁਟਿਆ ਹੈ ਤੇ ਬੇਆਸਰਿਆਂ ਨੂੰ ਆਸਰਾ।
ਨਵੀਂ ਦਿੱਲੀ : ਕਰੋਨਾ ਮਹਾਂਮਾਰੀ ਦੌਰਾਨ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਦੇ ਮੱਦੇਨਜ਼ਰ ਦਿੱਲੀ ਪੁਲਿਸ ਵਲੋਂ ਉਚੇਚੇ ਤੌਰ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਭਾਈਚਾਰੇ ਦਾ ਵਿਲੱਖਣ ਤਰੀਕੇ ਨਾਲ ਧੰਨਵਾਦ ਕੀਤਾ ਗਿਆ। ਦਿੱਲੀ ਪੁਲਿਸ ਦੇ ਡੀ.ਸੀ.ਪੀ. (ਨਵੀਂ ਦਿੱਲੀ) ਆਈ.ਪੀ.ਐਸ. ਈਸ਼ ਸਿੰਗਲ ਦੀ ਅਗਵਾਈ ‘ਚ ਪੁਲਿਸ ਦੀਆਂ ਜਿਪਸੀਆਂ, ਕਾਰਾਂ ਤੇ ਮੋਟਰਸਾਈਕਲਾਂ ਰਾਹੀਂ ਪੁਲਿਸ ਵਲੋਂ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਇਸ ਦੌਰਾਨ ਪੁਲਿਸ ਦੀਆਂ ਗੱਡੀਆਂ ‘ਤੇ ਲੱਗੇ ਸਾਇਰਨ ਵੀ ਲਗਾਤਾਰ ਵੱਜਦੇ ਰਹੇ। ਇਸ ਪਰਿਕਰਮਾ ਦਾ ਮਕਸਦ, ਕੋਰੋਨਾ ਵਰਗੀ ਮੁਸੀਬਤ ਦੌਰਾਨ ਲੰਗਰ ਅਤੇ ਹੋਰਨਾਂ ਵਸੀਲਿਆਂ ਰਾਹੀਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੇ ਮੱਦੇਨਜ਼ਰ ਦਿੱਲੀ ਕਮੇਟੀ ਅਤੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਨਾ ਸੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀ.ਸੀ.ਪੀ. ਸਿੰਗਲਾ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਕਮੇਟੀ ਸਮੇਤ ਸਿੱਖ ਭਾਈਚਾਰੇ ਵਲੋਂ ਇਸ ਮੁਸ਼ਕਿਲ ਘੜੀ ‘ਚ ਮਨੁੱਖਤਾ ਦੀ ਸੇਵਾ ਨਿਭਾਈ ਜਾ ਰਹੀ ਹੈ ਉਹ ਕਾਫੀ ਸ਼ਲਾਘਾਯੋਗ ਹੈ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕਰਕੇ ਇਕ ਤਰੀਕੇ ਨਾਲ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕੈਲੀਫੋਰਨੀਆ ‘ਚ ਵੀ ਪੁਲਿਸ ਵਲੋਂ ਅਜਿਹੇ ਤਰੀਕੇ ਨਾਲ ਹੌਸਲਾ ਅਫਜਾਈ ਕੀਤੀ ਗਈ ਸੀ ਜਿਸ ਤੋਂ ਪ੍ਰੇਰਿਤ ਹੋ ਕੇ ਹੁਣ ਦਿੱਲੀ ਪੁਲਿਸ ਵਲੋਂ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦਿੱਲੀ ਕਮੇਟੀ ਅਹੁਦੇਦਾਰਾਂ ਨਾਲ ਲੰਗਰ ਹਾਲ ਜਾ ਕੇ ਕੁਝ ਦੇਰ ਲਈ ਸੇਵਾ ਵੀ ਕੀਤੀ। ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵਲੋਂ ਡੀ.ਸੀ.ਪੀ. ਈਸ਼ ਸਿੰਗਲ ਤੇ ਹੋਰਨਾਂ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਿਰਸਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਦੇ ਮੱਦੇਨਜ਼ਰ ਦਿੱਲੀ ਪੁਲਿਸ ਦੇ ਵੱਡੇ ਅਧਿਕਾਰੀਆਂ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਅਤੇ ਸਿੱਖ ਭਾਈਚਾਰੇ ਲਈ ਬਣੀ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਰੋਜ਼ਾਨਾ 1 ਲੱਖ ਤੋਂ ਵੱਧ ਲੋਕਾਂ ਲਈ ਲੰਗਰ ਤਿਆਰ ਕਰਕੇ ਲੋੜਵੰਦਾਂ ਤੱਕ ਭੇਜਿਆ ਜਾ ਰਿਹਾ ਹੈ ਅਤੇ ਇਸ ਲੰਗਰ ਸੇਵਾ ਰਾਹੀਂ ਗੁਰੂ ਨਾਨਕ ਦੇ ਉਪਦੇਸ਼ ਨੂੰ ਪ੍ਰਚਾਰਨ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁ. ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਦੇ ਹੋਰਨਾਂ ਪਤਵੰਤੇ ਵੀ ਮੌਜੂਦ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗੁਰਦੁਆਰਿਆਂ ਵਲੋਂ ਲੋਕਾਂ ਦੀ ਕੀਤੀ ਸੇਵਾ ਅਤੇ ਮਦਦ ਲਈ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਸਾਡੇ ਗੁਰਦੁਆਰਾ ਸਾਹਿਬ ਇਸ ਮੁਸ਼ਕਿਲ ਦੀ ਘੜੀ ਵਿਚ ਬੇਮਿਸਾਲ ਕੰਮ ਕਰ ਰਹੇ ਹਨ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …