ਓਟਵਾ/ਬਿਊਰੋ ਨਿਊਜ਼ :
ਇਸ ਸਾਲ ਫੈਡਰਲ ਸਰਕਾਰ ਦਾ ਵਿੱਤੀ ਘਾਟਾ 343.2 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਆਰਥਿਕ ਮਦਦ ਤੇ ਅਰਥਚਾਰੇ ਨੂੰ ਹੁਲਾਰਾ ਦੇਣ ਸਬੰਧੀ ਲਿਆਂਦੀ ਗਈ ਯੋਜਨਾ ਸਦਕਾ ਇਹ ਘਾਟਾ ਪਿਆ ਦੱਸਿਆ ਜਾ ਰਿਹਾ ਹੈ। ਇਹ ਖਰਚਾ ਦੂਜੀ ਵਿਸ਼ਵ ਜੰਗ ਦੇ ਬਰਾਬਰ ਪਹੁੰਚ ਗਿਆ ਹੈ।
ਬੁੱਧਵਾਰ ਨੂੰ ਜਾਰੀ ਕੀਤੀ ਗਈ ਘਾਟੇ ਸਬੰਧੀ ਰਿਪੋਰਟ ਦਸੰਬਰ 2019 ਵਿੱਚ ਮਹਾਂਮਾਰੀ ਤੋਂ ਪਹਿਲਾਂ ਪੇਸ਼ ਕੀਤੀ ਗਈ ਆਰਥਿਕ ਅਪਡੇਟ ਨਾਲੋਂ ਕਿਤੇ ਵੱਧ ਹੈ। ਉਸ ਸਮੇਂ (ਦਸੰਬਰ 2019 ਵਿਚ) 2020-21 ਲਈ ਘਾਟਾ 28.1 ਬਿਲੀਅਨ ਡਾਲਰ ਦਰਸਾਇਆ ਗਿਆ ਸੀ। ਸਰਕਾਰ ਦੀ ਵਿੱਤੀ ਸਥਿਤੀ ਬਾਰੇ ਪੇਸ਼ ਕੀਤੇ ਗਏ ਇਨ੍ਹਾਂ ਅੰਕੜਿਆਂ ਤੋਂ ਮਹਾਂਮਾਰੀ ਦੇ ਅਰਥਚਾਰੇ ਉੱਤੇ ਪਏ ਨਕਾਰਾਤਮਕ ਅਸਰ ਦੀ ਝਲਕ ਮਿਲਦੀ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਵਿੱਤੀ ਵਰ੍ਹੇ ਦੇ ਅੰਤ ਤੱਕ ਫੈਡਰਲ ਕਰਜ਼ਾ 1.2 ਟ੍ਰਿਲੀਅਨ ਤੱਕ ਅੱਪੜ ਸਕਦਾ ਹੈ, ਜੋ ਕਿ ਪਿਛਲੇ ਵਿੱਤੀ ਵਰ੍ਹੇ ਦੇ 765 ਬਿਲੀਅਨ ਡਾਲਰ ਨਾਲੋਂ ਵੱਧ ਹੋਵੇਗਾ। ਅਗਲੇ ਸਾਲ ਬੇਰੋਜ਼ਗਾਰੀ ਦਰ ਵਿੱਚ ਵੀ ਵਾਧਾ ਰਹਿਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਟੈਕਸਾਂ ਤੋਂ ਹੋਣ ਵਾਲੀ ਆਮਦਨ ਵਿੱਚ 71.1 ਬਿਲੀਅਨ ਡਾਲਰ ਦੀ ਕਮੀ ਆਉਣ ਦਾ ਰੋਣਾ ਵੀ ਰੋਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਦੇ ਹੱਥੋਂ 40.8 ਬਿਲੀਅਨ ਡਾਲਰ ਇਨਕਮ ਟੈਕਸ ਵੀ ਖੁੱਸ ਗਿਆ।ਹੁਣ ਤੱਕ ਮਹਾਂਮਾਰੀ ਕਾਰਨ ਫੈਡਰਲ ਸਰਕਾਰ ਹੈਲਥ ਤੇ ਸੇਫਟੀ ਮਾਪਦੰਡਾ ਉੱਤੇ 231 ਬਿਲੀਅਨ ਡਾਲਰ ਤੋਂ ਵੱਧ ਖਰਚ ਚੁੱਕੀ ਹੈ। ਇਸ ਦੇ ਨਾਲ ਹੀ ਕੈਨੇਡੀਅਨਾਂ ਤੇ ਕਾਰੋਬਾਰਾਂ ਨੂੰ ਵੀ ਇਸ ਰਕਮ ਵਿੱਚੋਂ ਹੀ ਸਿੱਧੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਵਿੱਤ ਮੰਤਰੀ ਬਿੱਲ ਮੌਰਨਿਊ ਨੇ ਵਿਸ਼ੇਸ਼ ਸਿਟਿੰਗ ਲਈ ਇੱਕਠੇ ਹੋਏ ਹਾਊਸ ਆਫ ਕਾਮਨਜ਼ ਵਿੱਚ ਸੋਧੀ ਹੋਈ ਆਰਥਿਕ ਤਸਵੀਰ ਪੇਸ਼ ਕੀਤੀ। ਉਨ੍ਹਾਂ ਆਖਿਆ ਕਿ ਮੌਜੂਦਾ ਵਿੱਤੀ ਹਾਲਾਤ ਸਾਡੇ ਲਈ ਸੁਨਹਿਰਾ ਮੌਕਾ ਹਨ ਕਿ ਅਸੀਂ ਕੈਨੇਡਾ ਦੇ ਅਰਥਚਾਰੇ ਦਾ ਮੁੜ ਨਿਰਮਾਣ ਕਰ ਸਕੀਏ ਤੇ ਇਸ ਨੂੰ ਨਵਾਂ ਆਕਾਰ ਦੇ ਸਕੀਏ।
ਉਨ੍ਹਾਂ ਆਖਿਆ ਕਿ ਸਾਨੂੰ ਅਜਿਹੇ ਅਰਥਚਾਰੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਜਿਹੜਾ ਵਧੇਰੇ ਹਰਿਆ-ਭਰਿਆ ਤੇ ਵੰਨ-ਸੁਵੰਨਾ ਹੋਵੇ। ਇਸ ਮਹਾਂਮਾਰੀ ਨੇ ਖੱਪਿਆਂ ਦੀ ਸਹੀ ਪਛਾਣ ਕਰਵਾ ਦਿੱਤੀ ਹੈ ਤੇ ਸਾਨੂੰ ਅਰਥਚਾਰੇ ਨੂੰ ਮੁੜ ਸੈੱਟ ਕਰਨ ਦਾ ਮੌਕਾ ਦਿੱਤਾ ਹੈ। ਮੌਰਨਿਊ ਨੇ ਇਹ ਵੀ ਆਖਿਆ ਕਿ ਮਹਾਂਮਾਰੀ ਕਾਰਨ ਸਾਡੇ ਅਰਥਚਾਰੇ ਨੂੰ ਵੱਡਾ ਝਟਕਾ ਲੱਗਿਆ ਹੈ। ਅਸੀਂ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਆਉਣ ਵਾਲੇ ਮਹੀਨੇ, ਦੋ ਮਹੀਨਿਆਂ ਜਾਂ ਛੇ ਮਹੀਨਿਆਂ ਬਾਅਦ ਸਾਡੀ ਕੀ ਸਥਿਤੀ ਹੋਵੇਗੀ। ਸਾਨੂੰ ਇਹ ਪਤਾ ਹੈ ਕਿ ਜੇ ਕੈਨੇਡੀਅਨ ਇੱਕਜੁੱਟ ਹੋ ਕੇ ਕੰਮ ਕਰਨਗੇ ਤਾਂ ਹੌਲੀ ਹੌਲੀ ਸਾਡੇ ਹਾਲਾਤ ਵਿੱਚ ਸੁਧਾਰ ਹੋ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …