17 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਉਨਟਾਰੀਓ 'ਚ ਸਕੂਲ ਅਣਮਿਥੇ ਸਮੇਂ ਲਈ ਬੰਦ, ਆਨਲਾਈਨ ਪੜ੍ਹਾਈ ਰਹੇਗੀ ਜਾਰੀ

ਉਨਟਾਰੀਓ ‘ਚ ਸਕੂਲ ਅਣਮਿਥੇ ਸਮੇਂ ਲਈ ਬੰਦ, ਆਨਲਾਈਨ ਪੜ੍ਹਾਈ ਰਹੇਗੀ ਜਾਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ‘ਚ ਲੰਘੇ ਹਫ਼ਤਿਆਂ ਤੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਵੈਕਸੀਨ ਦੇ ਸਹਾਰੇ, ਮੌਤ ਦਰ ਤਾਂ ਭਾਵੇਂ ਘੱਟ ਹੋ ਚੁੱਕੀ ਹੈ ਪਰ ਵਾਇਰਸ ਦੇ ਬਦਲਵੇਂ ਰੂਪਾਂ ਦਾ ਨੌਜਵਾਨ ਪੀੜ੍ਹੀ (20 ਤੋਂ 50 ਸਾਲ) ਉੱਪਰ ਹਮਲਾ ਵਧ ਗਿਆ ਹੈ ਜਿਸ ਨਾਲ ਹਸਪਤਾਲਾਂ ‘ਚ ਮਰੀਜ਼ਾਂ ਨੂੰ ਸੰਭਾਲਣਾ ਔਖਾ ਹੋ ਚੁੱਕਾ ਹੈ ਤੇ ਆਮ ਮਰੀਜ਼ਾਂ ਦੇ ਇਲਾਜ ਛੱਡ ਕੇ (ਗ਼ੈਰ-ਜ਼ਰੂਰੀ ਅਪ੍ਰੇਸ਼ਨ ਰੱਦ ਕਰਕੇ) ਹਸਪਤਾਲਾਂ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਵਾਸਤੇ ਕਮਰੇ ਤਿਆਰ ਰੱਖੇ ਜਾ ਰਹੇ ਹਨ। ਉਨਟਾਰੀਓ ਦੇ ਸਾਰੇ ਹਸਪਤਾਲਾਂ ਵਿਚ ਲਗਭਗ 1700 ਕਰੋਨਾ ਦੇ ਮਰੀਜ਼ ਹਨ ਜਿਨ੍ਹਾਂ ‘ਚੋਂ 600 ਤੋਂ ਵੱਧ ਇੰਟੈਸਿਵ ਕੇਅਰ ਯੂਨਿਟਾਂ (ਆਈ. ਸੀ. ਯੂ.) ਵਿਚ ਦਾਖਲ ਹਨ। ਬੀਤੇ ਹਫ਼ਤੇ ਤੋਂ ਪ੍ਰਾਂਤ ‘ਚ ਤਾਲਾਬੰਦੀ ਵੀ ਲੱਗੀ ਹੋਈ ਹੈ। ਇਸੇ ਦੌਰਾਨ ਮੁੱਖ ਮੰਤਰੀ ਡਗਲਸ ਫੋਰਡ ਅਤੇ ਸਿੱਖਿਆ ਮੰਤਰੀ ਸਟੀਫਨ ਲੇਚੇ ਨੇ ਸਾਰੇ ਸਕੂਲਾਂ ਨੂੰ ਅਣਮਿਥੇ ਸਮੇਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਹੈ। ਅਜਿਹੇ ‘ਚ ਆਨਲਾਈਨ ਪੜ੍ਹਾਈ ਹੀ ਹੋ ਸਕੇਗੀ। ਸਿਹਤ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਵੈਕਸੀਨ ਸੁਰੱਖਿਅਤ ਤੇ ਅਸਰਦਾਰ ਹੈ ਅਤੇ ਅਗਲੇ ਮਹੀਨਿਆਂ ਦੌਰਾਨ ਇਸ ਦੀ ਸਪਲਾਈ ਵੱਧ ਮਿਲੇਗੀ। ਉਨਟਾਰੀਓ ‘ਚ ਇਨ੍ਹੀਂ ਦਿਨੀਂ ਹਰੇਕ ਦਿਨ ਲਗਭਗ 1 ਲੱਖ ਲੋਕਾਂ ਨੂੰ ਟੀਕੇ (ਲੋਦੇ) ਲਗਾਏ ਜਾ ਰਹੇ ਹਨ। ਹਾਲ ਦੀ ਘੜੀ ਅਗਲੇ ਤਿੰਨ ਕੁ ਮਹੀਨਿਆਂ ਤੱਕ ਹਾਲਾਤ ਅਸਥਿਰ ਬਣੇ ਰਹਿਣ ਦੀ ਸੰਭਾਵਨਾ ਹੈ।

RELATED ARTICLES
POPULAR POSTS