ਅਸੀਂ ਬਹੁਤ ਹੀ ਮਾੜੀ ਸਥਿਤੀ ਵਿੱਚੋਂ ਲੰਘ ਰਹੇ ਹਾਂ : ਪੈਟ੍ਰਿਕ ਬਰਾਊਨ
ਟੋਰਾਂਟੋ/ਬਿਊਰੋ ਨਿਊਜ਼
ਬਰੈਂਪਟਨ ਸਿਟੀ ਕਾਉਂਸਲ ਵੱਲੋਂ ਸਰਬਸੰਮਤੀ ਨਾਲ ਹੈਲਥ ਕੇਅਰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਦੋ ਹਸਪਤਾਲਾਂ ਲਈ ਹੋਰ ਫੰਡਾਂ ਦੀ ਮੰਗ ਵੀ ਕੀਤੀ ਗਈ। ਮੇਅਰ ਪੈਟ੍ਰਿਕ ਬਰਾਊਨ ਨੇ ਆਖਿਆ ਕਿ ਇਸ ਕਦਮ ਨਾਲ ਅਸੀਂ ਪ੍ਰੋਵਿੰਸ ਨੂੰ ਇਸ ਪਾਸੇ ਜਲਦ ਤੋਂ ਜਲਦ ਕਾਰਵਾਈ ਕਰਨ ਦਾ ਸੰਕੇਤ ਦਿੱਤਾ ਹੈ ਤੇ ਹੈਲਥਕੇਅਰ ਸਬੰਧੀ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਲਈ ਵੀ ਆਖਿਆ ਹੈ। ਪੈਟ੍ਰਿਕ ਬਰਾਊਨ ਨੇ ਆਖਿਆ ਕਿ ਅਸੀਂ ਬਹੁਤ ਹੀ ਮਾੜੀ ਸਥਿਤੀ ਵਿੱਚੋਂ ਲੰਘ ਰਹੇ ਹਾਂ ਤੇ ਕੁਈਨ ਪਾਰਕ ਵਿੱਚ ਮੌਜੂਦ ਲੋਕਾਂ ਨੂੰ ਹੁਣ ਵੀ ਉੱਠ ਜਾਣਾ ਚਾਹੀਦਾ ਹੈ। ਜੇ ਤੁਸੀਂ ਬਰੈਂਪਟਨ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਹੈਲਥ ਕੇਅਰ ਦਾ ਪੱਧਰ ਕਾਫੀ ਮਾੜਾ ਹੈ ਕਿਉਂਕਿ ਪ੍ਰੋਵਿੰਸ਼ੀਅਲ ਫੰਡਿੰਗ ਸਹੀ ਨਹੀਂ ਹੈ।
ਇਸ ਮਤੇ ਵਿੱਚ ਸਿਟੀ ਦੇ ਸਟਾਫ ਨੂੰ ਇਹ ਹੁਕਮ ਦਿੱਤੇ ਗਏ ਹਨ ਕਿ ਉਹ ਵਿਲੀਅਮ ਓਸਲਰ ਹੈਲਥ ਸਿਸਟਮ, ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਨਾਲ ਰਲ ਕੇ ਕੰਮ ਕਰੇ ਤੇ ਇਸ ਮਤੇ ਵਿੱਚ ਬਰੈਂਪਟਨ ਸਿਵਿਕ ਹਸਪਤਾਲ ਤੇ ਪੀਲ ਮੈਮੋਰੀਅਲ ਸੈਂਟਰ ਨੂੰ ਫੰਡ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਗਈ। ਇਸ ਤੋਂ ਇਲਾਵਾ ਸਿਟੀ ਦੇ ਸਟਾਫ ਨੂੰ ਪੂਰੀ ਤਰ੍ਹਾਂ ਕੰਮ ਕਰਨ ਵਾਲੇ ਐਮਰਜੈਂਸੀ ਡਿਪਾਰਟਮੈਂਟ ਤੇ ਮਰੀਜ਼ਾਂ ਨੂੰ ਢੁਕਵੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਆਖਿਆ ਗਿਆ ਹੈ। ਹਸਪਤਾਲ ਵਿੱਚ ਹੋਰ ਬੈਡ ਲਾ ਕੇ ਇਨ੍ਹਾਂ ਦੀ ਗੁੰਜਾਇਸ਼ ਵਧਾਉਣ ਲਈ ਵੀ ਆਖਿਆ ਗਿਆ ਹੈ।
ਬਰਾਊਨ ਨੇ ਆਖਿਆ ਕਿ ਸਿਟੀ ਹਸਪਤਾਲ ਕੋਲ 600 ਬੈਂਡ ਹਨ ਤੇ ਪ੍ਰੋਵਿੰਸ ਦੀ ਲੋੜ ਪੂਰੀ ਕਰਨ ਲਈ ਇਸ ਨੂੰ ਅੰਦਾਜ਼ਨ 800 ਹੋਰ ਬੈਡ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਹੈਲਥ ਕੇਅਰ ਐਮਰਜੈਂਸੀ ਇਸ ਲਈ ਐਲਾਨੀ ਗਈ ਹੈ ਕਿਉਂਕਿ ਲੋਕ ਹੁਣ ਅੱਕ ਚੁਕੇ ਹਨ। ਉਨ੍ਹਾਂ ਆਖਿਆ ਕਿ ਸਿਟੀ ਵਿੱਚ ਦੇਸ਼ ਨਾਲੋਂ ਹਾਲਵੇਅ ਮੈਡੀਸਿਨ ਦਾ ਰਿਕਾਰਡ ਸਭ ਤੋਂ ਮਾੜਾ ਹੈ। ਬਰਾਊਨ ਨੇ ਆਖਿਆ ਕਿ ਹਾਲਵੇਅ ਮੈਡੀਸਿਨ ਖ਼ਤਮ ਕਰਨ ਦਾ ਜਿਹੜਾ ਵਾਅਦਾ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਵੱਲੋਂ ਚੋਣ ਕੰਪੇਨ ਦੌਰਾਨ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨ ਦਾ ਹੁਣ ਸਮਾਂ ਆ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰੀਮੀਅਰ ਤੇ ਸਿਹਤ ਮੰਤਰੀ ਉਨ੍ਹਾਂ ਦੀ ਇਸ ਦਰਖ਼ਾਸਤ ਨੂੰ ਗੰਭੀਰਤਾ ਨਾਲ ਲੈਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …