ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਭਾਰਤ ਦੇ ਦੂਤਾਵਾਸ ਅਤੇ ਕੌਂਸਲਖਾਨੇ ਵਲੋਂ ਵਿਸ਼ੇਸ਼ ਸਮਾਗਮ ਕਰਕੇ ਵਲੋਂ ਭਾਰਤੀ ਫੌਜ ਦੇ 75 ਸਾਲ ਤੋਂ ਵੱਧ ਉਮਰ ਦੇ 87 ਸਾਬਕਾ ਫੌਜੀ (ਅਫਸਰਾਂ) ਨੂੰ ‘ਵਰਿਸ਼ਟ ਯੋਧਾ’ ਸਨਮਾਨ ਦਿੱਤੇ ਗਏ।
ਰਾਜਦੂਤ ਅਜੇ ਬਿਸਾਰੀਆ ਨੇ ਕਿਹਾ ਕਿ ਫੌਜੀ ਜਵਾਨਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਦਾ ਕੋਈ ਮੁੱਲ ਨਹੀਂ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ।
ਸਾਬਕਾ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੇ ਆਪਣੇ ਕਾਰਜਕਾਲ ਦੌਰਾਨ ਜਵਾਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਾਰੇ ਦੱਸਿਆ। ਸਮਾਗਮ ਮੌਕੇ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵਾ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਵਲੋਂ ਭੇਜਿਆ ਵਿਸ਼ੇਸ਼ ਸੁਨੇਹਾ ਪੜ੍ਹ ਕੇ ਸੁਣਾਇਆ। ਇਸ ਮੌਕੇ ਅਮਰੀਕਾ ਅਤੇ ਕੈਨੇਡਾ ‘ਚ ਭਾਰਤੀ ਰੱਖਿਆ ਮਾਮਲਿਆਂ ਦੇ ਦੂਤ ਬ੍ਰਿਗੇਡੀਅਰ ਅਨੂਪ ਸਿੰਘਾਲ ਵੀ ਹਾਜ਼ਰ ਸਨ। ਭਾਰਤੀ ਸਭਿਆਚਾਰਾਂ ਦੇ ਗੀਤ, ਸੰਗੀਤ ਅਤੇ ਕਲਾਵਾਂ ਇਸ ਮੌਕੇ ਦਾ ਖਾਸ ਆਕਰਸ਼ਨ ਰਹੇ। ਕੌਸਲ ਧੀਰਜ ਪਾਰੀਕ ਨੇ ਦੱਸਿਆ ਕਿ ਕੋਵਿਡ ਕਾਰਨ ਸੀਮਤ ਇਕੱਠ ਹੀ ਕੀਤਾ ਜਾ ਸਕਿਆ।