ਓਟਵਾ : ਜਿਊਡੀਸ਼ੀਅਲ ਕਾਊਂਟ ਤੋਂ ਬਾਅਦ ਫੈਡਰਲ ਲਿਬਰਲਾਂ ਨੂੰ ਇੱਕ ਹੋਰ ਸੀਟ ਹਾਸਲ ਹੋ ਗਈ ਹੈ। ਚੈਟੂਗੁਏ-ਲੈਕੋਲ ਹਲਕੇ ਵਿੱਚ ਆਪਣੇ ਬਲਾਕ ਕਿਊਬਿਕੁਆ ਵਿਰੋਧੀ ਨੂੰ ਸਿਰਫ 12 ਵੋਟਾਂ ਨਾਲ ਹਰਾ ਕੇ ਬ੍ਰੈਂਡਾ ਸੈਨਾਹਨ ਇੱਕ ਵਾਰੀ ਫਿਰ ਪਾਰਲੀਮੈਂਟ ਪਰਤ ਰਹੀ ਹੈ। ਇਸ ਸੀਟ ਲਈ ਪਈਆਂ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਗਈ ਹੈ। ਇਸ ਨਾਲ 20 ਸਤੰਬਰ ਨੂੰ ਹੋਈਆਂ ਚੋਣਾਂ ਦੇ ਸਬੰਧ ਵਿੱਚ ਮੁੱਢਲੇ ਨਤੀਜਿਆਂ ਤੋਂ ਉਲਟ ਨਤੀਜੇ ਹਾਸਲ ਹੋਏ ਹਨ। ਉਸ ਸਮੇਂ ਸੈਨਹਾਨ ਨੂੰ ਆਪਣੇ ਵਿਰੋਧੀ ਬਲਾਕ ਦੇ ਪੈਟ੍ਰਿਕ ਓਹਾਰਾ ਤੋਂ 286 ਵੋਟਾਂ ਨਾਲ ਹਾਰਦਾ ਦਰਸਾਇਆ ਗਿਆ ਸੀ। ਇਸ ਤਾਜਾ ਫੈਸਲੇ ਤੋਂ ਬਾਅਦ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਹਾਸਲ ਹੋਈਆਂ ਕੁੱਲ ਸੀਟਾਂ ਦੀ ਗਿਣਤੀ 160 ਹੋ ਗਈ ਹੈ। ਕਿਊਬਿਕ ਵਿੱਚ ਹੁਣ ਲਿਬਰਲਾਂ ਕੋਲ 35 ਸੀਟਾਂ ਹਨ। ਇੰਨੀਆਂ ਹੀ ਸੀਟਾਂ ਪਾਰਟੀ ਨੇ 2019 ਵਿੱਚ ਜਿੱਤੀਆਂ ਸਨ, ਬਲਾਕ ਕੋਲ ਵੀ ਓਨੀਆਂ 32 ਸੀਟਾਂ ਹੀ ਰਹਿ ਗਈਆਂ ਹਨ ਜਿੰਨੀਆਂ 2019 ਵਿੱਚ ਸਨ। ਬਹੁਗਿਣਤੀ ਸਰਕਾਰ ਬਣਾਏ ਜਾਣ ਲਈ ਲਿਬਰਲਾਂ ਨੂੰ 170 ਸੀਟਾਂ ਚਾਹੀਦੀਆਂ ਸਨ ਪਰ ਇਸ ਸਮੇਂ ਉਨ੍ਹਾਂ ਕੋਲ 10 ਸੀਟਾਂ ਘੱਟ ਹਨ।