Breaking News
Home / ਕੈਨੇਡਾ / ਕੈਨੇਡੀਅਨ ਇੰਡਸਟਰੀ ਨੂੰ ਨਿਸ਼ਾਨਾ ਬਣਾਉਣ ਵਾਲੀ ਬੋਇੰਗ ਵਰਗੀ ਕੰਪਨੀ ਨਾਲ ਨਹੀਂ ਕਰਾਂਗੇ ਕੰਮ : ਜਸਟਿਨ ਟਰੂਡੋ

ਕੈਨੇਡੀਅਨ ਇੰਡਸਟਰੀ ਨੂੰ ਨਿਸ਼ਾਨਾ ਬਣਾਉਣ ਵਾਲੀ ਬੋਇੰਗ ਵਰਗੀ ਕੰਪਨੀ ਨਾਲ ਨਹੀਂ ਕਰਾਂਗੇ ਕੰਮ : ਜਸਟਿਨ ਟਰੂਡੋ

ਓਟਵਾ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨੇ ਆਪਣਾ ਰੁਖ ਇਕ ਵਾਰ ਫਿਰ ਸਪੱਸ਼ਟ ਕਰਦਿਆਂ ਆਖ ਦਿੱਤਾ ਕਿ ਜਿਹੜੀ ਕੰਪਨੀ ਕੈਨੇਡੀਅਨ ਇੰਡਸਟਰੀ ਨੂੰ ਨਿਸ਼ਾਨਾ ਬਣਾ ਰਹੀ ਹੋਵੇ ਉਸ ਨਾਲ ਕੰਮ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੋਇੰਗ ਨਾਲ ਚੱਲ ਰਹੀ ਲੜਾਈ ਬਾਰੇ ਆਖਿਆ ਕਿ ਸਰਕਾਰ ਇਹੋ ਜਿਹੀ ਕੰਪਨੀ ਨਾਲ ਕੰਮ ਨਹੀਂ ਕਰ ਸਕਦੀ ਜਿਹੜੀ ਕੈਨੇਡੀਅਨ ਇੰਡਸਟਰੀ ਉੱਤੇ ਹੀ ਹਮਲਾ ਬੋਲ ਰਹੀ ਹੋਵੇ ਤੇ ਸਾਡੇ ਐਰੋਸਪੇਸ ਨਾਲ ਜੁੜੇ ਕਰਮਚਾਰੀਆਂ ਨੂੰ ਕੰਮ ਤੋਂ ਬਾਹਰ ਕਰਨ ਦਾ ਰਾਹ ਦੱਸ ਰਹੀ ਹੋਵੇ।
ਇਸ ਸਾਲ ਦੇ ਸ਼ੁਰੂ ਵਿੱਚ ਮਾਂਟਰੀਅਲ ਸਥਿਤ ਬੰਬਾਰਡੀਅਰ ਕੰਪਨੀ ਖਿਲਾਫ ਟਰੇਡ ਵਿਵਾਦ ਸਬੰਧੀ ਜੰਗ ਛੇੜਨ ਵਾਲੀ ਅਮਰੀਕਾ ਦੀ ਐਰੋਸਪੇਸ ਕੰਪਨੀ ਬੋਇੰਗ ਦੇ ਸਬੰਧ ਵਿੱਚ ਟਰੂਡੋ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਹੁਣ ਇਹ ਵੀ ਯਕੀਨ ਨਾਲ ਨਹੀਂ ਆਖਿਆ ਜਾ ਸਕਦਾ ਕਿ ਲਿਬਰਲ ਬੋਇੰਗ ਤੋਂ 18 ਸੁਪਰ ਹੌਰਨੈੱਟ ਫਾਈਟਰ ਜੈੱਟ ਖਰੀਦਣ ਦੀ ਯੋਜਨਾ ਨੂੰ ਸਿਰੇ ਚੜ੍ਹਾਉਣਗੇ ਜਾਂ ਨਹੀਂ।
ਕੈਨੇਡਾ ਦੇ ਉਮਰ ਵਿਹਾਅ ਚੁੱਕੇ ਸੀਐਫ 18 ਜੈੱਟਸ ਦੀ ਥਾਂ 88 ਨਵੇਂ ਜਹਾਜ਼ ਖਰੀਦਣ ਦੀ ਟਰੂਡੋ ਸਰਕਾਰ ਦੀ ਕੋਸ਼ਿਸ਼ ਅਜੇ ਪੂਰੀ ਨਹੀਂ ਹੋਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਸਰਕਾਰ ਸਾਰੇ ਰਾਹ ਖੁੱਲ੍ਹੇ ਮੰਨ ਕੇ ਚੱਲ ਰਹੀ ਹੈ। ਕੌਮਾਂਤਰੀ ਟਰੇਡ ਨਿਯਮਾਂ ਦੇ ਚੱਲਦਿਆਂ ਇਸ ਤਰ੍ਹਾਂ ਦਾ ਕਦਮ ਚੁੱਕਣਾ ਮੁਸ਼ਕਲ ਹੋ ਸਕਦਾ ਹੈ। ਪਰ ਜੇ ਸਰਕਾਰ ਅਜਿਹਾ ਕਰਨ ਵਿੱਚ ਸਫਲ ਰਹਿੰਦੀ ਹੈ ਤਾਂ ਇਸ ਨਾਲ ਬੋਇੰਗ ਨੂੰ ਵੱਡਾ ਝਟਕਾ ਲੱਗੇਗਾ। 88 ਨਵੇਂ ਜੈੱਟ ਜਹਾਜ਼ਾਂ ਉੱਤੇ 15 ਤੋਂ 19 ਬਿਲੀਅਨ ਡਾਲਰ ਦਾ ਖਰਚ ਆਵੇਗਾ।
ਪਿਛਲੇ ਹਫਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਅੰਦਾਜ਼ਾ ਲਾ ਕੇ ਦੱਸਿਆ ਸੀ ਕਿ 18 ਸੁਪਰ ਹੌਰਨੈੱਟ ਖਰੀਦਣ ਲਈ ਕੈਨੇਡਾ ਨੂੰ 6 ਬਿਲੀਅਨ ਡਾਲਰ ਤੋਂ ਵੱਧ ਕੀਮਤ ਚੁਕਾਉਣੀ ਹੋਵੇਗੀ। ਇੱਕ ਨਿਊਜ਼ ਕਾਨਫਰੰਸ ਦੌਰਾਨ ਟਰੂਡੋ ਨੇ ਆਖਿਆ ਕਿ ਅਸੀਂ ਬੋਇੰਗ ਤੋਂ ਸੁਪਰ ਹੌਰਨੈੱਟ ਜਹਾਜ਼ ਖਰੀਦਣ ਬਾਰੇ ਵਿਚਾਰ ਕਰ ਰਹੇ ਸਨ ਪਰ ਅਸੀਂ ਇਹੋ ਜਿਹੀ ਕੰਪਨੀ ਨਾਲ ਕੋਈ ਬਿਜ਼ਨਸ ਨਹੀਂ ਕਰ ਸਕਦੇ ਜਿਹੜੀ ਸਾਡੇ ਉੱਤੇ ਕੇਸ ਕਰਨ ਦੀ ਤਿਆਰੀ ਕਰ ਰਹੀ ਹੋਵੇ ਤੇ ਸਾਡੇ ਐਰੋਸਪੇਸ ਕਾਮਿਆਂ ਨੂੰ ਵਿਹਲਿਆਂ ਕਰਨ ਬਾਰੇ ਸੋਚ ਰਹੀ ਹੋਵੇ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਨਾਲ ਟਰੂਡੋ ਨੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਆਖਿਆ ਕਿ ਬੰਬਾਰਡੀਅਰ ਦੀ ਹਿਫਾਜ਼ਤ ਲਈ ਕੈਨੇਡਾ ਤੇ ਯੂਕੇ ਰਲ ਕੇ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਬੰਬਾਰਡੀਅਰ ਦੀ ਫੈਕਟਰੀ ਉੱਤਰੀ ਆਇਰਲੈਂਡ ਵਿੱਚ ਵੀ ਹੈ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …