Home / ਕੈਨੇਡਾ / ਹੈਲੀਫ਼ੈਕਸ ਵਿਚ ਹੋਈ ‘ਡਾਇਬਟੀਜ਼ ਪ੍ਰੋਫ਼ੈਸ਼ਨਰਜ਼ ਕਾਨਫ਼ਰੰਸ’ ਦੌਰਾਨ ਸੋਨੀਆ ਸਿੱਧੂ ਨੇ ਸਿਹਤ ਮੰਤਰੀ ਦੀ ਤਰਫ਼ੋਂ ਕੀਤੀ ਸ਼ਮੂਲੀਅਤ

ਹੈਲੀਫ਼ੈਕਸ ਵਿਚ ਹੋਈ ‘ਡਾਇਬਟੀਜ਼ ਪ੍ਰੋਫ਼ੈਸ਼ਨਰਜ਼ ਕਾਨਫ਼ਰੰਸ’ ਦੌਰਾਨ ਸੋਨੀਆ ਸਿੱਧੂ ਨੇ ਸਿਹਤ ਮੰਤਰੀ ਦੀ ਤਰਫ਼ੋਂ ਕੀਤੀ ਸ਼ਮੂਲੀਅਤ

ਬਰੈਂਪਟਨ : ਪਿਛਲੇ ਦਿਨੀਂ ਹੈਲੀਫ਼ੈਕਸ ਵਿਚ ਹੋਈ ਸਾਲ 2018 ਦੀ ਡਾਇਬਟੀਜ਼ ਪ੍ਰੋਫ਼ੈਸ਼ਨਲ ਕਾਨਫ਼ਰੰਸ ਜਿਸ ਵਿਚ 1800 ਡੈਲੀਗੇਟਾਂ ਨੇ ਭਾਗ ਲਿਆ, ਵਿਚ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸ਼ਮੂਲੀਅਤ ਕੀਤੀ ਅਤੇ ਉੱਥੇ ਡੈਲੀਬੇਟਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੈਨੇਡਾ ਦੇ ਸਿਹਤ ਮੰਤਰੀ ਮਾਣਯੋਗ ਗਿਨੇਤ ਪੈਤੀਪਾ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ। ਕਾਨਫ਼ਰੰਸ ਵਿਚ ਖੋਜ-ਕਰਤਾਵਾਂ ਅਤੇ ਹੈੱਲਥ-ਕੇਅਰ ਪ੍ਰੋਫ਼ੈਸ਼ਨਲਾਂ ਨੂੰ ਕੈਨੇਡਾ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਡਾਇਬਟੀਜ਼ ਵਿਚ ਹੋ ਰਹੀ ਨਵੀਂ ਖੋਜ ਅਤੇ ਇਸ ਦੇ ਇਲਾਜ ਤੇ ਪ੍ਰਹੇਜ਼ ਬਾਰੇ ਵਿਚਾਰ ਸਾਂਝੇ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ। ਆਪਣੇ ਸੰਬੋਧਨ ਦੌਰਾਨ ਸੋਨੀਆ ਨੇ ਡੈਲੀਗੇਟਾਂ ਨੂੰ ਕੈਨੇਡਾ ਵਿਚ ਡਾਇਬਟੀਜ਼ ਸਬੰਧੀ ਹੋ ਰਹੇ ਕੰਮ-ਕਾਜ ਬਾਰੇ ਤਾਜ਼ਾ ਜਾਣਕਾਰੀ ਦਿੱਤੀ। ਕਾਨਫ਼ਰੰਸ ਵਿਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕਿਹਾ, ”ਕੈਨੇਡਾ ਸਰਕਾਰ ਡਾਇਬੇਟੀਜ਼ ਦੀ ਖੋਜ, ਇਲਾਜ, ਪ੍ਰਹੇਜ਼ ਅਤੇ ਇਸ ਦੀ ਸ਼ੁਰੂਆਤ ਵਿਚ ਪਹਿਚਾਣ ਲਈ ਪੂੰਜੀ ਨਿਵੇਸ਼ ਕਰ ਰਹੀ ਹੈ ਤਾਂ ਜੋ ਘੱਟ ਤੋਂ ਘੱਟ ਕੈਨੇਡੀਅਨਾਂ ਨੂੰ ਇਨ੍ਹਾਂ ਹਾਲਤਾਂ ਦਾ ਸਾਹਮਣਾ ਕਰਨਾ ਪਵੇ ਅਤੇ ਜੇਕਰ ਇਹ ਰੋਗ ਹੋ ਜਾਂਦਾ ਹੈ ਤਾਂ ਉਸ ਦਾ ਬੇਹਤਰ ਇਲਾਜ ਕਰਵਾਇਆ ਜਾ ਸਕੇ।” ਡੈਲੀਗੇਟਾਂ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿਹਾ, ”ਕੈਨੇਡਾ ‘ਇਨਸੂਲੀਨ’ (ਇਨਸੁਲਿਨ) ਦੀ ਜਨਮ-ਭੂਮੀ ਹੈ ਅਤੇ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਸਾਡਾ ਦੇਸ਼ ਇਸ ਰੋਗ ਸਬੰਧੀ ਜਾਗਰੂਕਤਾ ਫ਼ੈਲਾਉਣ ਅਤੇ ਇਸ ਇਸ ‘ਤੇ ਕਾਬੂ ਪਾਉਣ ਲਈ ਸਾਰੇ ਸੰਸਾਰ ਦੀ ਅਗਵਾਈ ਨਾ ਕਰ ਸਕੇ।”
ਡਾਇਬਟੀਜ਼ ਸਬੰਧੀ ਇਹ ਇਸ ਕਿਸਮ ਦੀ ਤੀਸਰੀ ਕਾਨਫ਼ਰੰਸ ਹੈ ਜਿਸ ਵਿਚ ਸੋਨੀਆ ਸਿੱਧੂ ਨੇ ਪਿਛਲੇ 12 ਮਹੀਨਿਆਂ ਵਿਚ ਸ਼ਮੂਲੀਅਤ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਟਲੀ ਦੇ ਰੋਮ ਅਤੇ ਭਾਰਤ ਦੇ ਸ਼ਹਿਰ ਕੋਲਕਾਤਾ ਵਿਚ ਹੋਈਆਂ ਦੋ ਅੰਤਰ-ਰਾਸ਼ਟਰੀ ਕਾਨਫ਼ਰੰਸਾਂ ਵਿਚ ਸ਼ਾਮਲ ਹੋ ਕੇ ਇਸ ਰੋਗ ਨਾਲ ਲੜਨ ਲਈ ਕੈਨੇਡਾ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ।
ਇੱਥੇ ਇਹ ਜ਼ਿਕਰਯੋਗ ਹੈ ਕਿ ਐੱਮ.ਪੀ. ਸੋਨੀਆ ਸਿੱਧੂ ਆਲ ਪਾਰਟੀ ਡਾਇਬਟੀਜ਼ ਕਾਕੱਸ ਦੇ ਚੇਅਰ-ਪਰਸਨ ਹਨ ਅਤੇ ਇਹ ਕਾਕੱਸ 11 ਮਿਲੀਅਨ ਡਾਇਬਟੀਜ਼ ਅਤੇ ਪ੍ਰੀ-ਡਾਇਬਟੀਜ਼ ਕੈਨੇਡਾ-ਵਾਸੀਆਂ ਲਈ ਇਸ ਰੋਗ ਦੇ ਇਲਾਜ ਲਈ ਯੋਗ ਹੱਲ ਤਲਾਸ਼ਣ ਲਈ ਕੰਮ ਕਰਦਾ ਹੈ। ਇਸ ਦੇ ਨਾਲ ਹੀ ਸੋਨੀਆ ਹਾਊਸ ਆਫ਼ ਕਾਮਨਜ਼ ਦੀ ਸਟੈਂਡਿੰਗ ਕਮੇਟੀ ਆਨ ਹੈੱਲਥ ਦਾ ਵੀ ਅਹਿਮ ਹਿੱਸਾ ਹਨ ਜਿਸ ਵਿਚ ਉਨ੍ਹਾਂ ਨੇ ਕੈਨੇਡਾ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਡਾਇਬਟੀਜ਼ ਬਾਰੇ ਅਧਿਐੱਨ ਕਰਨ ਲਈ ਬੀੜਾ ਉਠਾਇਆ ਹੋਇਆ ਹੈ ਅਤੇ ਇਹ ਅਧਿਐੱਨ ਇਸ ਮਹੀਨੇ ਸੰਪੰਨ ਹੋਣ ਦੀ ਸੰਭਾਵਨਾ ਹੈ।

Check Also

ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ

ਟੋਰਾਂਟੋ : ਬੀਤੇ ਸ਼ਨੀਵਾਰ ਰਾਮਗੜ੍ਹੀਆ ਭਵਨ ਵਿਖੇ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ …