ਬਰੈਂਪਟਨ/ ਬਿਊਰੋ ਨਿਊਜ਼ : ਕਮਿਊਨਿਟੀ ਸੇਫ਼ਟੀ ਐਂਡ ਕੋਰੈਕਸ਼ਨ ਸਰਵਿਸ ਮੰਤਰੀ ਵਲੋਂ ਬੀਤੇ ਹਫ਼ਤੇ ਨਵੇਂ ਕਾਰਡਿੰਗ ਨਿਯਮਾਂ ਦੇ ਐਲਾਨ ਤੋਂ ਬਾਅਦ ਓਨਟਾਰੀਓ ‘ਚ ਐਨ.ਡੀ.ਪੀ. ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਬੀਤੇ ਦਿਨੀਂ ਇਕ ਟਾਊਨਹਾਲ ਮੀਟਿੰਗ ਕੀਤੀ, ਜਿਸ ਵਿਚ ਕਮਿਊਨਿਟੀ ਸੰਗਠਨ, ਵਰਕਰ ਅਤੇ ਪੀਲ ਖੇਤਰ ਦੇ ਵਾਸੀਆਂ ਨੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਨਵੇਂ ਤੈਅ ਕੀਤੇ ਗਏ ਨਿਯਮਾਂ ਅਤੇ ਉਨ੍ਹਾਂ ਦੇ ਪ੍ਰਭਾਵਾਂ ਅਤੇ ਪੁਲਿਸ ਦੇ ਨਾਲ ਆਪਣੇ ਅਨੁਭਵਾਂ ਬਾਰੇ ਚਰਚਾ ਕੀਤੀ। ਟੇਰੀ ਮਿਲਰ ਰੀਕ੍ਰਿਏਸ਼ਨ ਸੈਂਟਰ ‘ਤੇ ਕਈ ਅਫ਼ਰੀਕਨ ਕੈਨੇਡੀਅਨ ਅਤੇ ਸਾਊਥ ਏਸ਼ੀਅਨ ਕਮਿਊਨਿਟੀਆਂ ਨੇ ਇਕੱਠੇ ਹੋ ਕੇ ਪੁਲਿਸ ਅਤੇ ਆਮ ਲੋਕਾਂ ਦੇ ਵਿਚਾਲੇ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਵੱਖ-ਵੱਖ ਯਤਨਾਂ ‘ਤੇ ਚਰਚਾ ਕੀਤੀ। ਜਗਮੀਤ ਸਿੰਘ ਨੇ ਕਿਹਾ ਕਿ ਮੰਤਰੀ ਵਲੋਂ ਨਵੇਂ ਨਿਯਮਾਂ ਦਾ ਮਤਾ ਇਕ ਸਹੀ ਦਿਸ਼ਾ ਵਿਚ ਉਠਾਇਆ ਗਿਆ ਕਦਮ ਹੈ ਪਰ ਓਨਾ ਹੀ ਕਾਫ਼ੀ ਨਹੀਂ ਹੈ, ਇਸ ਸਬੰਧ ਵਿਚ ਹੋਰ ਵੀ ਕਾਫ਼ੀ ਕੁਝ ਕਰਨ ਦੀ ਲੋੜ ਹੈ। ਇਸ ਸਬੰਧ ਵਿਚ ਹੋਰ ਗੱਲਬਾਤ ਕਰਕੇ ਲੋਕਾਂ ਦੀ ਸਹੂਲਤ ਅਨੁਸਾਰ ਨਵੇਂ ਹੱਲ ਕੱਢੇ ਜਾਣੇ ਚਾਹੀਦੇ ਹਨ। ਆਮ ਲੋਕਾਂ ਨੂੰ ਵੀ ਇਸ ਬਾਰੇ ਆਪਣੇ ਵਿਚਾਰ ਖੁੱਲ੍ਹ ਕੇ ਦੇਣੇ ਚਾਹੀਦੇ ਹਨ।
ਨਵੇਂ ਮਤਿਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਪੈਨਲਿਸਟ ਐਂਕਨੀ ਮੋਰਗਨ, ਪਾਲਿਸੀ ਲਾਇਰ, ਅਫ਼ਰੀਕਨ ਕੈਨੇਡੀਅਨ ਲੀਗਲ ਕਲੀਨਿਕ ਨੇ ਕਿਹਾ ਕਿ ਕਾਰਡਿੰਗ ਸਿਰਫ਼ ਟੋਰਾਂਟੋ ਦਾ ਹੀ ਮੁੱਦਾ ਨਹੀਂ ਹੈ ਸਗੋਂ ਇਹ ਪੂਰੇ ਕੈਨੇਡਾ ਦਾ ਮੁੱਦਾ ਹੈ। ਜੀ.ਟੀ.ਏ. ਵਿਚ ਤਾਂ ਇਸ ਨੂੰ ਲਾਗੂ ਕਰਨ ਦੀ ਬੇਹੱਦ ਸਖ਼ਤ ਲੋੜ ਹੈ। ਇਸ ਲਈ ਟਾਊਨਹਾਲ ਵਿਚ ਪੀਲ ਨਿਵਾਸੀ ਕਾਫ਼ੀ ਵੱਡੀ ਗਿਣਤੀ ਵਿਚ ਆਏ ਵੀ ਹਨ।
ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਉਹ ਆਮ ਲੋਕਾਂ ਨੂੰ ਇਸ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਦੇਣ ਲਈ ਸੱਦਾ ਦੇਣ ਵਿਚ ਸਫ਼ਲ ਰਹੇ ਹਨ ਅਤੇ ਲੋਕਾਂ ਨੇ ਵੀ ਆਪਣੇ ਸਵਾਲ ਖੁੱਲ੍ਹ ਕੇ ਉਠਾਏ ਹਨ। ਗੱਲਬਾਤ ਲਈ ਗਠਿਤ ਪੈਨਲ ਵਿਚ ਸ਼ਾਮਲ ਹੋਰ ਲੋਕਾਂ ਵਿਚ ਨਿਕੋਲ ਬੋਨੀ, ਸੀਨੀਅਰ ਸਰਵਿਸ ਮੈਨੇਜਰ, ਪੀਲ ਚਿਲਡੰਸ ਐਡ, ਕਨਿਆ ਸਿੰਘ ਪ੍ਰਧਾਨ, ਓਸਗੁਡ ਸੁਸਾਇਟੀ ਅਗੇਂਸਟ ਇੰਸਟੀਟਿਊਸ਼ਨਲ ਇਨ-ਜਸਟਿਸ, ਸੈਨ ਗਰੇਵਾਲ, ਟੋਰਾਂਟੋ ਸਟਾਰ ਤੋਂ ਪੱਤਰਕਾਰ, ਰੋਜਰ ਲਵ, ਵਕੀਲ ਹਿਊਮਨ ਰਾਈਟਸ ਲੀਗਲ ਸਪੋਰਟ ਸੈਂਟਰ ਹਨ।
ਜਗਮੀਤ ਸਿੰਘ ਨੇ ਕਿਹਾ ਕਿ ਉਹ ਕਾਲੇ ਭਾਈਚਾਰੇ ਵਲੋਂ ਕੀਤੇ ਗਏ ਕੰਮਾਂ ਨੂੰ ਮਾਨਤਾ ਦੇਣਾ ਚਾਹੁੰਦੇ ਹਨ ਅਤੇ ਭਾਈਚਾਰੇ ਲਈ ਉਨ੍ਹਾਂ ਨੇ ਸ਼ਾਨਦਾਰ ਸਮਰਪਣ ਦੇ ਨਾਜਲ ਬਿਹਤਰੀਨ ਕੰਮ ਕੀਤਾ ਹੈ। ਉਨ੍ਹਾਂ ਨੇ ਕਾਰਡਿੰਗ ਨੂੰ ਬੰਦ ਕਰਨ ਲਈ ਕਾਫ਼ੀ ਸੰਘਰਸ਼ ਕੀਤਾ ਹੈ। ਇਸ ਮੌਕੇ ‘ਤੇ ਸਾਰੇ ਲੋਕਾਂ ਨੇ ਪੁਲਿਸਿੰਗ ਵਿਚ ਵਿਆਪਕ ਬਦਲਾਵਾਂ ਲਈ ਆਪਣਾ ਸੰਘਰਸ਼ ਜਾਰੀ ਰੱਖਣ ਲਈ ਸਹੁੰ ਚੁੱਕੀ ਸੀ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …