ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ ਆਨਲਾਈਨ ਮਹੀਨਾਵਾਰ ‘ਅੰਤਰਰਾਸ਼ਟਰੀ ਕਾਵਿ ਮਿਲਣੀ’ 10 ਨਵੰਬਰ ਦਿਨ ਐਤਵਾਰ ਨੂੰ 9 ਵਜੇ ਸਵੇਰੇ ਕੈਨੇਡਾ ਅਤੇ ਭਾਰਤ 7.30 ਵਜੇ ਸ਼ਾਮ ਨੂੰ ਦਾ ਆਯੋਜਨ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਾਵਿ ਮਿਲਣੀ ਦੀ ਇਹ ਚੌਥੀ ਵਰ੍ਹੇਗੰਢ ਹੈ। ਹੁਣ ਤੱਕ 600 ਦੇ ਕਰੀਬ ਨਾਮਵਰ ਸ਼ਖ਼ਸੀਅਤਾਂ ਦੇਸ਼ ਵਿਦੇਸ਼ ਤੋਂ ਇਸ ਕਾਵਿ ਮਿਲਣੀ ਵਿੱਚ ਸ਼ਿਰਕਤ ਕਰ ਚੁੱਕੀਆਂ ਹਨ। ਬਹੁਤ ਘੱਟ ਮੈਂਬਰਜ਼ ਨੂੰ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਦੁਬਾਰਾ ਮੌਕਾ ਮਿਲਿਆ ਹੈ ਜੀ, ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਅਜੇ ਸੂਚੀ ਵਿੱਚ ਹਨ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਉਮਿੰਦਰ ਜੌਹਲ ਨੇ ਕੀਤੀ। ਮੁੱਖ ਮਹਿਮਾਨ ਡਾ. ਹਰਜੀਤ ਸਿੰਘ ਸੱਧਰ ਅਤੇ ਡਾ . ਸਾਇਮਾ ਬੈਤੂਲ ਸਨ। ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਡਾ. ਸਤਿੰਦਰ ਕੌਰ ਕਾਹਲੋਂ, ਡਾ . ਸੁਰਿੰਦਰਜੀਤ ਕੌਰ, ਹਰਦਮ ਮਾਨ ਅਤੇ ਸਫੀਆ ਹਯਾਤ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਆਰੰਭ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਤੇ ਹੋਸਟ ਰਿੰਟੂ ਭਾਟੀਆ ਨੇ ਗੁਰੂ ਨਾਨਕ ਸਾਹਿਬ ਦੀ ਆਰਤੀ ਗਾ ਕੇ ਕੀਤਾ। ਸਰਪ੍ਰਸਤ ਸੁਰਜੀਤ ਕੌਰ ਨੇ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ ਅਤੇ ਆਪਣੀ ਇਕ ਰਚਨਾ ਵੀ ਪੇਸ਼ ਕੀਤੀ। ਉਪਰੋਕਤ ਚੇਅਰਪਰਸਨ ਡਾ . ਸਰਬਜੀਤ ਕੌਰ ਸੋਹਲ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਇਸ ਪ੍ਰੋਗਰਾਮ ਦੀ ਚੌਥੀ ਵਰ੍ਹੇਗੰਢ ਦੀ ਮੁਬਾਰਕਬਾਦ ਦਿੱਤੀ। ਉਹਨਾਂ ਆਨਲਾਈਨ ਹੋਣ ਵਾਲੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਰਮਿੰਦਰ ਰੰਮੀ ਦੇ ਸੁਹਿਰਦ ਯਤਨਾਂ ਦੀ ਪ੍ਰਸੰਸਾ ਕੀਤੀ। ਪ੍ਰੋਗਰਾਮ ਦਾ ਸੰਚਾਲਣ ਰਿੰਟੂ ਭਾਟੀਆ ਨੇ ਕੀਤਾ ਜੋ ਕਿ ਕਾਬਿਲੇ ਤਾਰੀਫ਼ ਸੀ। ਉਪਰੰਤ ਕਵੀ ਦਰਬਾਰ ਵਿਚ ਹਰਦਿਆਲ ਸਿੰਘ ਝੀਤਾ ਨੇ ਕਾਵਿ ਸਤਰਾਂ :
”ਅਸੀਂ ਤਾਂ ਨਾਨਕ ਇਕ ਦੂਜੇ ਤੋਂ ਦੂਰ ਖੜ੍ਹੇ ਹਾਂ
ਧਰਮ ਦੇ ਠੇਕੇਦਾਰਾਂ ਹੱਥੋਂ ਹੋ ਕੇ ਬਹੁਤ ਮਜਬੂਰ ਖੜ੍ਹੇ ਹਾਂ”
ਬਹੁਤ ਖੂਬਸੂਰਤੀ ਨਾਲ ਪੇਸ਼ ਕੀਤੀਆਂ।
ਤਰਿੰਦਰ ਕੌਰ ਨੇ ‘ਤੇਰਾ ਮੇਰਾ ਕੀ ਨਾਤਾ ਏ’ ਕਾਵਿ ਰਚਨਾ ਸੁਣਾਈ। ਨਰਿੰਦਰ ਕੌਰ ਨੇ ‘ਮੈਨੂੰ ਨਾਨਕ ਚੇਤੇ ਆ ਜਾਂਦਾ ਏ’, ਬਲਜਿੰਦਰ ਕੌਰ ਨੇ ‘ਏਡਾ ਵੀ ਕੀ ਗੁਨਾਹ ਹੋ ਗਿਆ
ਅੰਬਰ ਨੂੰ ਹੱਥ ਲਾ ਹੋ ਗਿਆ’, ਡਾ. ਨਵਰੂਪ ਕੌਰ ਨੇ ‘ਚਿੜੀ ਵਿਚਾਰੀ’ ਭਾਵਪੂਰਤ ਰਚਨਾ ਸੁਣਾਈ। ਹਰਦਮ ਮਾਨ ਨੇ ਕਾਵਿ ਰਚਨਾ ‘ਦਿਨ ਰਾਤ ਰਟਦੇ ਹਾਂ ਬਾਣੀ ਅਸੀਂ ਬਾਬਾ, ਕਦੇ ਨਾ ਬਾਣੀ ਅੰਦਰ ਤਾਰੀ ਲਾਈ ਬਾਬਾ’ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੀ। ਸੁਰਿੰਦਰਜੀਤ ਕੌਰ ਨੇ ਬਾਬੇ ਨਾਨਕ ਤੇ ਮਰਦਾਨੇ ਦੇ ਬੇਮਿਸਾਲ ਰਿਸ਼ਤੇ ਬਾਰੇ ਕਾਵਿ ਰਚਨਾ ਸਾਂਝੀ ਕੀਤੀ। ਹਰਜਿੰਦਰ ਸੱਧਰ ਨੇ ‘ਸਿੱਖੀ ਦਾ ਗਹਿਣਾ ਸਰਬੱਤ ਦਾ ਭਲਾ ਮੰਗਣਾ’ ਤੇ ‘ਸਦਾ ਚੜ੍ਹਦੀ ਕਲਾ ਵਿੱਚ ਰਹਿਣਾ’ ਸੁਣਾ ਕੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਸੁਰਜੀਤ ਨੇ ਤਪੋਬਣ ਕਵਿਤਾ ਅਤੇ ਪ੍ਰੋ. ਕੁਲਜੀਤ ਕੌਰ ਨੇ ਗੁਰੂ ਨਾਨਕ ਦੀ ਬਾਣੀ ਦੀ ਮਹਿਮਾ ਕਵਿਤਾ ਰਾਹੀਂ ਪੇਸ਼ ਕੀਤੀ। ਇਸ ਤੋਂ ਇਲਾਵਾ ਦਿਲਸ਼ਾਨ ਜੋਤ ਕੌਰ ਅਤੇ ਅਲਫਾਜ਼ ਨੇ ਵੀ ਕਾਵਿ ਰਚਨਾਵਾਂ ਸੁਣਾਈਆਂ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ . ਉਮਿੰਦਰ ਜੌਹਲ ਨੇ ਕਾਵਿ ਮਿਲਣੀ ਵਿੱਚ ਸ਼ਾਮਲ ਸਾਰਿਆਂ ਦੀਆਂ ਰਚਨਾਵਾਂ ਉੱਪਰ ਟਿੱਪਣੀਆਂ ਕੀਤੀਆਂ। ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਵਰਤਮਾਨ ਯੁੱਗ ਵਿੱਚ ਬਹੁਤ ਲਾਹੇਵੰਦ ਦੱਸਿਆ।
ਗੁਰੂ ਨਾਨਕ ਜੀ ਦੇ ਜੀਵਨ ਤੇ ਬਾਣੀ ਬਾਰੇ ਰਚਨਾਵਾਂ ਸਮਾਜਿਕ ਚੇਤਨਾ ਨਾਲ ਅਤੇ ਗੁਰੂ ਨਾਨਕ ਜੀ ਦੁਆਰਾ ਸਮਾਜ ਨੂੰ ਦਿੱਤੀ ਸੇਧ ਅਤੇ ਵਰਤਮਾਨ ਸਮੇਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੋਂ ਭਟਕ ਰਹੇ ਮਨੁੱਖ ਦੀ ਮਾਨਸਿਕਤਾ ਦਾ ਪ੍ਰਗਟਾਵਾ ਸੰਵੇਦਨਾ ਭਰਪੂਰ ਢੰਗ ਨਾਲ ਕੀਤਾ। ਅਜੋਕੇ ਦੌਰ ਵਿੱਚ ਔਰਤ ਦੀ ਆਜ਼ਾਦੀ, ਜਾਤ ਪਾਤ ਦੇ ਭੇਦ ਭਾਵ, ਮਾਨਵੀ ਆਜ਼ਾਦੀ ਸਾਂਝੀਵਾਲਤਾ ਨੂੰ ਫੈਲਾਉਣ ਦੀ ਲੋੜ ਹੈ। ਉਹਨਾਂ ਨੇ ਆਪਣੀ ਖੂਬਸੂਰਤ ਰਚਨਾ ‘ਕਵਿਤਾ ਧੌਂਸ ਜਮਾਉਂਦੀ ਹੈ ਵੀ ਸੁਣਾਈ’।
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੁੱਖ ਸਲਾਹਕਾਰ ਪਿਆਰਾ ਸਿੰਘ ਕੁੱਦੋਵਾਲ ਨੇ ਸਮੁੱਚੇ ਪ੍ਰੋਗਰਾਮ ਉਪਰ ਆਪਣੇ ਪ੍ਰਤੀਕਰਮ ਪੇਸ਼ ਕੀਤੇ। ਰਮਿੰਦਰ ਰੰਮੀ ਦੀ ਤਾਰੀਫ਼ ਕਰਦਿਆਂ ਇਹ ਕਿਹਾ ਕਿ ਚਾਰ ਸਾਲ ਤੋਂ ਉਹ ਸਖ਼ਤ ਮਿਹਨਤ ਕਰ ਰਹੇ ਹਨ ਤੇ ਦਿਨ ਰਾਤ ਦਾ ਵੀ ਉਹਨਾਂ ਨੂੰ ਧਿਆਨ ਨਹੀਂ ਰਹਿੰਦਾ, ਦੇਰ ਰਾਤ ਤੱਕ ਜਾਗ ਕੇ ਕੰਮ ਕਰਦੇ ਹਨ।
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਪ ਸੱਭ ਦੇ ਪਿਆਰ, ਸਾਥ ਤੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਸਫ਼ਲ ਹੋ ਰਹੇ ਹਨ। ਇਸ ਸਫ਼ਲ ਪ੍ਰੋਗਰਾਮ ਲਈ ਤੇ ਕਾਮਯਾਬੀ ਲਈ ਆਪ ਸੱਭ ਵਧਾਈ ਦੇ ਪਾਤਰ ਹੋ। ਡਾ . ਸਰਬਜੀਤ ਕੌਰ ਸੋਹਲ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੇਅਰਪਰਸਨ ਹਨ ਤੇ ਸੰਸਥਾ ਦੀ ਬੈਕਬੋਨ ਹਨ। ਉਹਨਾਂ ਦੇ ਸਹਿਯੋਗ ਬਿਨਾਂ ਵੀ ਅਸੀਂ ਅਧੂਰੇ ਹਾਂ। ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ ਤੇ ਰਿੰਟੂ ਭਾਟੀਆ ਸ਼ੁਰੂ ਤੋਂ ਇਸ ਸੰਸਥਾ ਦਾ ਖ਼ਾਸ ਹਿੱਸਾ ਹਨ ਤੇ ਬਾਕੀ ਪ੍ਰਬੰਧਕੀ ਟੀਮ ਮੈਂਬਰਜ਼ ਵੀ ਪੂਰਾ ਸਹਿਯੋਗ ਕਰ ਰਹੇ ਹਨ।
ਇਸ ਪ੍ਰੋਗਰਾਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਨੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕੀਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਡਾ . ਅਮਰ ਜੋਤੀ ਮਾਂਗਟ, ਵਿਜੇਤਾ ਭਾਰਦਵਾਜ, ਦੀਪ ਕੁਲਦੀਪ, ਹਰਭਜਨ ਕੌਰ ਗਿੱਲ, ਗੁਰਚਰਨ ਸਿੰਘ ਜੋਗੀ, ਪੋਲੀ ਬਰਾੜ, ਜੈਲੀ ਗੇਰਾ, ਮੰਗਤ ਖਾਨ, ਗੁਰਦੀਪ ਕੌਰ ਜੰਡੂ, ਰਾਜੇਸ਼ ਕੁਮਾਰ, ਪਿਆਰਾ ਸਿੰਘ ਗਹਿਲੋਤੀ ਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਚੈਟ ਬਾਕਸ ਵਿੱਚ ਤੇ ਲਾਈਵ ਪ੍ਰੋਗਰਾਮ ਦੇਖ ਰਹੇ ਦੋਸਤਾਂ ਨੇ ਕਮੈਂਟਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਤੇ ਪ੍ਰੋਗਰਾਮ ਦੀ ਸਰਾਹਨਾ ਵੀ ਕੀਤੀ। ਪ੍ਰੋਗਰਾਮ ਦੀ ਰਿਪੋਰਟ ਪ੍ਰੋ ਕੁਲਜੀਤ ਕੌਰ ਸੀ. ਮੀਤ ਪ੍ਰਧਾਨ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ।
ਰਮਿੰਦਰ ਰੰਮੀ ਫ਼ਾਊਂਡਰ ਅਤੇ ਪ੍ਰਬੰਧਕ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।