ਬਰੈਂਪਟਨ/ਬਾਸੀ ਹਰਚੰਦ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ ਨੇ ਸੈਮੀਨਾਰ ਦਾ ਅਯੋਜਨ ਕੀਤਾ। ਕੈਸੀ ਕੈਂਪਬਲ ਦੀਆਂ ਦੋਹਾਂ ਸੀਨੀਅਰਜ਼ ਕਲੱਬਾਂ ਨੇ ਇਸ ਆਯੋਜਨ ਵਿੱਚ ਪੂਰਨ ਸਹਿਹਯੋਗ ਦਿਤਾ। ਇਹ ਸੈਮੀਨਾਰ ਬਰੈਂਪਟਨ ਦੇ ਕੈਸੀਕੈਂਪਬਲ ਕਮਿਉਨਿਟੀ ਸੈਂਟਰ ਵਿਖੇ ਗਿਆਰਾਂ ਨਵੰਬਰ ਨੂੰ ਕਰਵਾਇਆ ਗਿਆ। ਇਸ ਵਿੱਚ ਕਰੀਬ ਇੱਕ ਸੌ ਤੋਂ ਵੱਧ ਮਹਿਲਾਵਾਂ ਤੇ ਪੁਰਸ਼ ਸ਼ਾਮਲ ਹੋਏ। ਚਾਹ ਸਨੈਕਸ ਲੈਣ ਤੋਂ ਪਿਛੋਂ ਸੱਭ ਹਾਜ਼ਰੀਨ ਆਪੋ ਆਪਣੀ ਜਗ੍ਹਾ ‘ਤੇ ਬੈਠ ਗਏ। ਸੱਭ ਤੋਂ ਪਹਿਲਾਂ ਸਟੇਜ ਸਕੱਤਰ ਮਹਿੰਦਰ ਸਿੰਘ ਮੋਹੀ ਨੇ ਸੈਮੀਨਾਰ ਦੀ ਪ੍ਰਧਾਨਗੀ ਕਰਨ ਲਈ ਪ੍ਰਧਾਨਗੀ ਮੰਡਲ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਫਿਰ ਕਰਮਵਾਰ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ, ਪ੍ਰੋ ਨਿਰਮਲ ਸਿੰਘ ਧਾਰਨੀ, ਹਰਚੰਦ ਸਿੰਘ ਬਾਸੀ, ਸੁਭਾਸ਼ ਚੰਦਰ, ਅਮਰੀਕ ਸਿੰਘ ਕੁਮਰੀਆ, ਰਣਜੀਤ ਸਿੰਘ, ਵਿਸਾਖਾ ਸਿੰਘ ਪ੍ਰਧਾਨ ਕ੍ਰੈਡਿਟਵਿਊ ਕਲੱਬ, ਗੁਰਬਖਸ਼ ਸਿੰਘ ਮੱਲੀ ਨੂੰ ਬਿਰਾਜਮਾਨ ਹੋਣ ਲਈ ਬੁਲਾਇਆ। ਰੀਮੈਂਬਰੈਂਸ ਦਿਵਸ ‘ਤੇ ਵਤਨ ਲਈ ਲੜਣ ਵਾਲਿਆਂ ਦੀ ਯਾਦ ਵਿੱਚ ਸੱਭ ਹਾਜਰੀਨ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਨੇ ਇਸ ਸ਼ੁਭ ਦਿਹਾੜੇ ਨੂੰ ਸਮਰਪਿਤ ਸੈਮੀਨਰ ਵਿੱਚ ਭਾਗ ਲੈਣ ਆਏ ਮਹਿਮਾਨਾਂ ਅਤੇ ਗੈਸਟ ਬੁਲਾਰਿਆਂ ਨੂੰ ਜੀ ਆਇਆਂ ਕਿਹਾ ਤੇ ਸਵਾਗਤ ਕੀਤਾ । ਇਸਦੇ ਨਾਲ ਹੀ ਉਹਨਾਂ ਮਾਈਕ ਮਹਿੰਦਰ ਸਿੰਘ ਮੋਹੀ ਨੂੰ ਸਟੇਜ ਦੀ ਅਗਲੀ ਕਾਰਵਾਈ ਚਲਾਉਣ ਲਈ ਸੌਂਪ ਦਿੱਤਾ। ਸੈਮੀਨਾਰ ਦੇ ਸ਼ੁਰੂ ਵਿੱਚ ਗੁਰਬਚਨ ਸਿੰਘ ਨੇ ਗੁਰਬਾਣੀ ਵਿਚੋਂ ਸ਼ਬਦ ਗਾਇਨ ਕੀਤਾ। ਪ੍ਰੋ ਨਿਰਮਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗੁਰਬਾਣੀ ਵਿਚੋਂ ਸ਼ਬਦਾਂ ਰਾਹੀਂ ਬੋਲ ਬੋਲ ਕੇ ਉਹਨਾਂ ਦਾ ਮਿਸ਼ਨ ਅਤੇ ਅਜੋਕੇ ਹਾਲਤ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਹਰਚੰਦ ਸਿੰਘ ਬਾਸੀ ਨੇ ਗੁਰੂ ਸਾਹਿਬ ਦੇ ਆਗਮਨ ਸਮੇਂ ਦੇ ਹਾਲਾਤ ਅਤੇ ਹਾਕਮਾਂ, ਕਾਜੀਆਂ ਬ੍ਰਾਮਣਾ ਉਤੇ ਕਟਾਕਸ਼, ਜੋਗੀਆਂ, ਜੈਨੀਆਂ, ਸਿੱਧਾਂ ਨਾਲ ਸੰਵਾਦ ਬਾਰੇ ਗੱਲ ਕਰਦਿਆਂ ਸ਼ਰਮਣ ਤੇ ਬ੍ਰਾਮਣ ਦੀ ਗੱਲ ਕੀਤੀ। ਸ਼ਰਮਣ ਵੇਦਾਂ ਨੂੰ ਦੇਵੀ ਬਾਣੀ ਅਤੇ ਸੰਸਕ੍ਰਿਤ ਨੂੰ ਦੈਵੀ ਭਾਸ਼ਾ ਨਹੀਂ ਮੰਨਦਾ। ਉਹ ਸੁਆਲ ਕਰਦਾ ਹੈ ਉਤਰ ਮੰਗਦਾ ਹੈ। ਬ੍ਰਾਹਮਣ ਸੁਆਲ ਨਹੀਂ ਕਰਦਾ ਸਿਰਫ ਪੋਥੀ ਸੰਭਾਲਦਾ ਹੈ। ਬੋਧੀ ਭੀਖੂ ਜੈਨੀ ਭੀਖੂ ਗਰੌਂ ਗਏ ਘਰ ਨਹੀਂ ਮੁੜਦੇ। ਸ੍ਰੀ ਗੁਰੂ ਨਾਨਕ ਦੇਵ ਜੀ ਵਾਪਸ ਘਰ ਆਉਂਦੇ ਹਨ ਨਵੇਂ ਸਮਾਜਿਕ ਆਰਥਿਕ, ਦਾਰਸ਼ਨਿਕ ਰਿਸ਼ਤਿਆਂ ਨਾਲ ਨਵੇਂ ਮਨੁੱਖ ਦੀ ਘਾੜਤ ਘੜਦੇ ਹਨ। ਪ੍ਰਿੰਸੀਪਲ ਰਾਮ ਸਿੰਘ ਨੇ ਵੀ ਪੰਜ ਕੁ ਮਿੰਟ ਵਿੱਚ ਗੁਰੂ ਬਾਣੀ ਬਾਰੇ ਬੋਲਿਆ।
ਮੁੱਖ ਬੁਲਾਰੇ ਵਰਿਆਮ ਸਿੰਘ ਸੰਧੂ ਨੇ ਬੜੇ ਕਮਾਲ ਨਾਲ ਸਿੱਖ ਦੀ ਪ੍ਰੀਭਾਸ਼ਾ ਦਾ ਮੁਲਆਂਕਣ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਤਰ੍ਹਾਂ ਦਾ ਸਿੱਖ ਸਿਰਜਿਆ ਸੀ ਅੱਜ ਦਾ ਸਿੱਖ ਕਿਥੇ ਜਾ ਖੜਾ ਹੈ ਸਵਾਲ ਕੀਤਾ ਕੀ ਸਿੱਖ ਉਹ ਹੈ ਜੋ ਸੱਚ ਕਹਿਣ ਲਈ ਲੁਕਦਾ ਫਿਰਦਾ ਹੈ।
ਭਾਗੋਆਂ ਦੇ ਮਹਿਲਾਂ ਦਾ ਸ਼ਿਗਾਰ ਬਣ ਗਿਆ ਹੈ ਅਤੇ ਉਸੇ ਗੁਰੂ ਦੇ ਲਾਲੋ ਵਿਚਾਰੇ, ਸਿਖੀ ਦੇ ਭੇਸ ਵਿੱਚ ਭਾਗੋਆਂ ਦਾ ਸ਼ਿਕਾਰ ਬਣੇ ਹਨ। ਜਿਹੜਾ ਉਹਨਾਂ ਸਾਰੇ ਜਗਤ ਨੂੰ ਆਪਣਾ ਕਿਹਾ ਸੀ ਅੱਜ ਅਸੀਂ ਛੋਟੇ ਜਿਹੇ ਖਿਤੇ ਵਿੱਚ ਘਿਰਨ ਦੀ ਮੰਗ ਕਰਦੇ ਹਾਂ। ਨਾਨਕ ਜੀ ਨੇ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ। ਜਦ ਉਹਨਾਂ ਨੂੰ ਪੁਛਿਆ ਹਿੰਦੂ ਚੰਗੇ ਜਾਂ ਮੁਸਲ ਮਨੋਈ। ਗੁਰੂ ਜੀ ਨੇ ਕਿਹਾ ਸ਼ੁਭ ਅਮਲਾਂ ਬਾਝੋਂ ਦੋਨੋ ਰੋਈ। ਅੱਜ ਅਸੀਂ ਕਹਿ ਸਕਦੇ ਹਾਂ ਤਿੰਨੋ ਰੋਈ। ਸਿਖਾਂ ਨੇ ਵੀ ਹਿਸਾ ਵੰਡਾ ਲਿਆ ਹੈ। ਹੋਰ ਵੀ ਕਾਫੀ ਪ੍ਰਸੰਗਕ ਗੱਲਾਂ ਕੀਤੀਆਂ। ਲੋਕਾਂ ਨੇ ਸਾਰੇ ਸਮਾਗਮ ਨੂੰ ਇਉਂ ਸੁਣਿਆ ਜਿਵੇਂ ਕੋਈ ਚੰਗਾ ਸੁਨਣ ਦੀ ਭੁੱਖ ਹੋਵੇ। ਸਮਾਗਮ ਦੇ ਅੰਤ ‘ਤੇ ਬਹੁਤ ਵਿਅੱਕਤੀਆਂ ਨੇ ਸਫਲ ਸੈਮੀਨਰ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਇਸ ਤਰ੍ਹਾਂ ਦਾ ਸੁਨਣ ਨੂੰ ਕਦੀ ਕਦੀ ਮਿਲਦਾ ਹੈ। ਇਸ ਸਮਾਗਮ ਦੇ ਅੰਤ ਵਿੱਚ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਵੱਲੋਂ ਵਰਿਆਮ ਸਿੰਘ ਸੰਧੂ ਨੂੰ ਇੱਕ ਲੋਈ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਹੀ ਪ੍ਰੋ ਨਿਰਮਲ ਸਿੰਘ ਧਾਰਨੀ, ਹਰਚੰਦ ਸਿੰਘ ਬਾਸੀ, ਬਲਵਿੰਦਰ ਸਿੰਘ ਜੋਸ਼ਨ ਨੂੰ ਪਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜਿਥੇ ਦੋਹਾਂ ਕਲੱਬਾਂ ਦੇ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਉਥੇ ਸਰਜਿੰਦਰ ਸਿੰਘ ਅਤੇ ਹਰਵਿੰਦਰ ਤੱਖਰ ਦੀ ਅੱਗੇ ਹੋ ਕੇ ਕੰਮ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸੁਭਾਸ਼ ਚੰਦਰ ਖੁਰਮੀ ਦੀ ਟੀਮ ਬਹੁਤ ਅੱਛੀ ਹੈ ਸੋਸ਼ਲ ਕੰਮਾਂ ਵਿੱਚ ਸਹਿਯੋਗੀ ਹੈ।