ਕਿਹਾ : ਦਿੱਲੀ ਦੀ ਵਿਗੜੀ ਕਾਨੂੰਨ ਵਿਵਸਥਾ ਲਈ ਕੇਂਦਰੀ ਗ੍ਰਹਿ ਮੰਤਰੀ ਜ਼ਿੰਮੇਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਖ਼ਤਰਨਾਕ ਹੋ ਗਈ ਹੈ। ਲੋਕ ਸ਼ਰੇਆਮ ਗੋਲੀਆਂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਵਿਸ਼ਵਾਸ ਨਗਰ ’ਚ ਸਵੇਰ ਦੀ ਸੈਰ ਕਰਨ ਗਏ ਇਕ ਵਪਾਰੀ ’ਤੇ 2 ਮੋਟਰਸਾਈਕਲ ਸਵਾਰਾਂ ਨੇ 8 ਰਾਊਂਡ ਫਾਇਰ ਕੀਤੇ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਿੱਲੀ ਵਿਚ ਪਿਛਲੇ ਡੇਢ ਮਹੀਨਿਆਂ ਵਿਚ ਕਈ ਗੈਂਗ ਵਾਰ ਅਤੇ ਗੋਲੀਬਾਰੀ ਹੋ ਚੁੱਕੀ ਹੈ, ਦਿੱਲੀ ਵਿਚ ਵਪਾਰੀਆਂ ਨੂੰ ਕਰੋੜਾਂ ਰੁਪਏ ਦੇਣ ਲਈ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਔਰਤਾਂ ਅਸੁਰੱਖਿਅਤ ਹਨ, ਉਨ੍ਹਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ, ਜਬਰ ਜਨਾਹ ਕੀਤਾ ਜਾ ਰਿਹਾ ਹੈ ਅਤੇ ਫਿਰ ਕਤਲ ਕੀਤਾ ਜਾ ਰਿਹਾ ਹੈ। ਦਿੱਲੀ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੈ ਪਰ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਅਮਿਤ ਸ਼ਾਹ ਕਿੱਥੇ ਹਨ? ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ’ਚ 2 ਸਰਕਾਰਾਂ ਇਕੱਠੀਆਂ ਚੱਲਦੀਆਂ ਹਨ। 10 ਸਾਲ ਪਹਿਲਾਂ ਦਿੱਲੀ ਵਿਚ ਲੋਕਾਂ ਨੇ ਸਾਡੀ ਸਰਕਾਰ ਚੁਣੀ, ਅਸੀਂ ਸਕੂਲ, ਹਸਪਤਾਲ, ਬਿਜਲੀ ਠੀਕ ਕਰਵਾ ਦਿੱਤੀ। ਲੋਕਾਂ ਨੇ ਭਾਜਪਾ ਅਤੇ ਅਮਿਤ ਸ਼ਾਹ ਨੂੰ ਸਿਰਫ਼ ਇਕ ਹੀ ਜ਼ਿੰਮੇਵਾਰੀ ਦਿੱਤੀ ਸੀ, ਉਸ ਵਿਚ ਵੀ ਉਹ ਬੁਰੀ ਤਰ੍ਹਾਂ ਫੇਲ ਹੋਏ ਹਨ। ਅੱਜ ਉਨ੍ਹਾਂ ਨੇ ਦਿੱਲੀ ਦੀ ਹਾਲਤ ਬਦਤਰ ਕਰ ਦਿੱਤੀ ਹੈ। ਉਹ ਸਿਰਫ ਗੰਦੀ ਰਾਜਨੀਤੀ ਕਰਦੇ ਹਨ, ਇਸ ਨਾਲ ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਨਹੀਂ ਮਿਲੇਗੀ। ਮੈਂ ਹੱਥ ਜੋੜ ਕੇ ਉਨ੍ਹਾਂ ਨੂੰ ਕੁਝ ਠੋਸ ਕਦਮ ਚੁੱਕਣ ਦੀ ਅਪੀਲ ਕਰਦਾ ਹਾਂ।
Check Also
‘ਆਪ’ ਦੇ ਤਿੰਨ ਵਿਧਾਇਕਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ
ਕਿਹਾ : ਕਿਸਾਨਾਂ ਦੀ ਮੰਗਾਂ ਮੰਨ ਕੇ ਡੱਲੇਵਾਲ ਦੀ ਭੁੱਖ ਹੜਤਾਲ ਖਤਮ ਕਰਵਾਏ ਕੇਂਦਰ ਸਰਕਾਰ …