ਕਿਹਾ : ਪੰਜਾਬੀ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਾਡਾ ਪਹਿਲਾ ਫਰਜ਼
ਚੰਡੀਗੜ੍ਹ/ਬਿਊਰੋ ਨਿਊਜ਼ : ਦੀਵਾਲੀ ਅਤੇ ਧਨਤੇਰਸ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 583 ਨੌਜਵਾਨਾਂ ਨੂੰ ਨੌਕਰੀ ਰੂਪੀ ਤੋਹਫ਼ਾ ਦਿੱਤਾ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਅੱਜ 596 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਸਨ ਪ੍ਰੰਤੂ 13 ਨੌਜਵਾਨਾਂ ਦਾ ਮਾਮਲਾ ਕਿਸੇ ਕਾਰਨ ਕੋਰਟ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰ ਨਾ ਮਿਲਣ ਵਾਲੇ 13 ਨੌਜਵਾਨਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਉਨ੍ਹਾਂ ਦਾ ਕੇਸ ਪੰਜਾਬ ਸਰਕਾਰ ਖੁਦ ਲੜੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 13 ਉਮੀਦਵਾਰ ਇਕ ਤਾਂ ਪਹਿਲਾਂ ਹੀ ਬੇਰੁਜ਼ਗਾਰ ਹਨ ਅਤੇ ਅਜਿਹੇ ’ਚ ਉਹ ਆਪਣਾ ਕੇਸ ਖੁਦ ਕਿਸ ਤਰ੍ਹਾਂ ਲੜ ਸਕਦੇ ਹਨ। ਉਨ੍ਹਾਂ ਨੇ ਮਿਹਨਤ ਕੀਤੀ ਹੈ ਇਸ ਲਈ ਉਨ੍ਹਾਂ ਦਾ ਕੇਸ ਵੀ ਪੰਜਾਬ ਸਰਕਾਰ ਖੁਦ ਲੜੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਸਿਰਫ ਡੇਢ ਸਾਲ ਦੇ ਅਰਸੇ ਦੌਰਾਨ 37600 ਤੋਂ ਜ਼ਿਆਦਾ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਕੋਈ ਅਹਿਸਾਨ ਨਹੀਂ ਕਰ ਰਹੀ ਬਲਕਿ ਨੌਕਰੀਆਂ ਦੇਣਾ ਪੰਜਾਬ ਸਰਕਾਰ ਦਾ ਪਹਿਲਾ ਫਰਜ਼ ਹੈ। ਉਨ੍ਹਾਂ ਨੌਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਤੁਹਾਡੀ ਮਿਹਨਤ ਦਾ ਫਲ ਹੈ ਅਤੇ ਹੁਣ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਿਓ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਹਜ਼ਾਰਾਂ ਹੋਰ ਨੌਕਰੀਆਂ ਪੰਜਾਬੀਆਂ ਦੇ ਦਰਵਾਜ਼ੇ ’ਤੇ ਦਸਤਕ ਦੇਣ ਲਈ ਤਿਆਰ ਹਨ।