ਕਿਹਾ : ਨੀਤਿਸ਼ ਕੁਮਾਰ ਨੂੰ ਖਾਣੇ ’ਚ ਦਿੱਤਾ ਜਾ ਰਿਹਾ ਹੈ ਜ਼ਹਿਰ
ਪਟਨਾ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦਰਮਿਆਨ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਲਿਆ। ਸ਼ੁੱਕਰਵਾਰ ਨੂੰ ਬਿਹਾਰ ਵਿਧਾਨ ਸਭਾ ਦੇ ਗੇਟ ’ਤੇ ਧਰਨੇ ’ਤੇ ਬੈਠੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਮੁੱਖ ਮੰਤਰੀ ਨੀਤਿਸ਼ ਕੁਮਾਰ ਨੂੰ ਖਾਣੇ ’ਚ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਕੁਰਸੀ ਤੋਂ ਹਟਾਇਆ ਜਾ ਸਕੇ ਅਤੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਨੀਤਿਸ਼ ਖਿਲਾਫ ਇਕ ਵੱਡੀ ਸਾਜਿਸ਼ ਰਚੀ ਜਾ ਰਹੀ ਹੈ। ਜੀਤਨ ਮਾਂਝੀ ਨੇ ਕਿਹਾ ਇਸੇ ਕਾਰਨ ਹੀ ਮੁੱਖ ਮੰਤਰੀ ਨੀਤਿਸ਼ ਕੁਮਾਰ ਅਜਿਹੀਆਂ ਹਰਕਤਾਂ ਕਰ ਰਹੇ। ਕਦੇ ਉਹ ਵਿਧਾਨ ਸਭਾ ’ਚ ਮਹਿਲਾਵਾਂ ’ਤੇ ਇਤਰਾਜ਼ਯੋਗ ਟਿੱਪਣੀ ਕਰਦੇ ਹਨ ਅਤੇ ਕਦੇ ਮੰਤਰੀ ਅਸ਼ੋਕ ਚੌਧਰੀ ਦੇ ਪਿਤਾ ਨੂੰ ਸ਼ਰਧਾਂਜਲੀ ਦੇਣ ਦੀ ਬਜਾਏ ਇਕ ਜਿਊਂਦੇ ਜਾਗਦੇ ਮੰਤਰੀ ’ਤੇ ਫੁੱਲ ਚੜ੍ਹਾਉਣ ਲਗਦੇ ਹਨ। ਧਿਆਨ ਰਹੇ ਕਿ ਲੰਘੇ ਦਿਨੀਂ ਬਿਹਾਰ ਵਿਧਾਨ ਸਭਾ ’ਚ ਨੀਤਿਸ਼ ਕੁਮਾਰ ਨੇ ਜੀਤਨ ਰਾਮ ਮਾਂਝੀ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ। ਜਿਸ ’ਚ ਉਨ੍ਹਾਂ ਕਿਹਾ ਕਿ ਸੀ ਮੇਰੀ ਮੂਰਖਤਾ ਕਾਰਨ ਹੀ ਜੀਤਨ ਮਾਂਝੀ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ ਅਤੇ ਇਸ ਬਿਆਨ ਦੇ ਖਿਲਾਫ਼ ਹੀ ਸਾਬਕਾ ਮੁੱਖ ਮੰਤਰੀ ਜੀਤਨ ਮਾਂਝੀ ਅੱਜ ਸ਼ੁੱਕਰਵਾਰ ਨੂੰ ਬਿਹਾਰ ਵਿਧਾਨ ਸਭਾ ਦੇ ਬਾਹਰ ਧਰਨੇ ’ਤੇ ਬੈਠੇ ਹਨ। ਧਰਨੇ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ ਦਾ ਪੂਰਨ ਤੌਰ ’ਤੇ ਸਾਥ ਦਿੱਤਾ ਜਾ ਰਿਹਾ ਹੈ। ਵਿਰੋਧੀ ਧਿਰਾਂ ਨੇ ਨੀਤਿਸ਼ ਕੁਮਾਰ ਵੱਲੋਂ ਜੀਤਨ ਮਾਂਝੀ ਖਿਲਾਫ਼ ਕੀਤੀ ਗਈ ਟਿੱਪਣੀ ਨੂੰ ਇਕ ਦਲਿਤ ਆਗੂ ਦਾ ਅਪਮਾਨ ਦੱਸਿਆ ਹੈ।