Breaking News
Home / ਨਜ਼ਰੀਆ / ਗੁਰਬਖ਼ਸ਼ ਸਿੰਘ ਭੰਡਾਲ : ਇੱਕ ਹਰਫਨਮੌਲਾ ਲੇਖਕ

ਗੁਰਬਖ਼ਸ਼ ਸਿੰਘ ਭੰਡਾਲ : ਇੱਕ ਹਰਫਨਮੌਲਾ ਲੇਖਕ

ਸੁਖਰਾਜ ਸਿੰਘ
ਆਈ.ਪੀ.ਐਸ.
ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਨੂੰ ਅਸੀਂ ਪੰਜਾਬੀ ਦਾ ਇਕ ਹਰਫਨਮੌਲਾ ਲੇਖਕ ਕਹਿ ਸਕਦੇ ਹਾਂ ਕਿਉਂਕਿ ਉਨ੍ਹਾਂ ਨੇ ਲੇਖਣੀ ਦੇ ਹਰੇਕ ਖੇਤਰ ਵਿੱਚ ਆਪਣਾ ਹੱਥ ਅਜ਼ਮਾਇਆ ਹੈ ਤੇ ਹਰੇਕ ਦਾਇਰੇ ਤੇ ਉਨ੍ਹਾਂ ਦੀ ਕਲਮ ਨੇ ਐਸੀ ਛਾਪ ਛੱਡੀ ਹੈ ਕਿ ਉਹ ਕਲਾ, ਇੱਕ ਸੰਪੂਰਣ ਰੰਗ ਵਿੱਚ ਉਭਰੀ ਹੈ ਤੇ ਪਾਠਕਾਂ ਨੇ ਖੁੱਲ੍ਹੇ ਦਿਲ ਨਾਲ ਦਾਤ ਵੀ ਬਖਸ਼ੀ ਹੈ। ਇਹੋ ਜਿਹੀ ਕਾਮਯਾਬੀ ਸਾਰੇ ਲੇਖਕਾਂ ਦੇ ਨਸੀਬ ਵਿੱਚ ਨਹੀਂ ਹੁੰਦੀ।
ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਪੰਜਾਬੀ ਭਾਸ਼ਾ ਦਾ ਇੱਕ ਬਹੁਇਆਮੀ ਬੇਸ਼ਕੀਮਤੀ ਕੋਹੇਨੂਰ ਹੀਰਾ ਹੈ ਜਿਸ ਨੇ ਆਪਣੀ ਕਲਮ ਦੇ ਨੂਰ ਨੂੰ ਚਾਰੋਂ ਦਿਸ਼ਾਵਾਂ ਵਿੱਚ ਫੈਲਾਇਆ ਹੈ। ਦੁਨੀਆਂ ਦੇ ਸਾਰੇ ਸੰਵੇਦਨਸ਼ੀਲ ਵਿਸ਼ਿਆਂ ‘ਤੇ ਉਨ੍ਹਾਂ ਦੀ ਕਲਮ ਨੇ ਇਨਸਾਫ਼ ਕੀਤਾ ਹੈ।
ਹੁਣ ਤੱਕ ਉਨ੍ਹਾਂ ਨੇ 19 ਪੁਸਤਕਾਂ ਦੀ ਰਚਨਾ ਕੀਤੀ ਹੈ। ਜਿਨ੍ਹਾਂ ਵਿੱਚ ਵਾਰਤਕ, ਕਵਿਤਾ, ਸਫ਼ਰਨਾਮਾ, ਵਿਗਿਆਨ ਨਾਲ ਸਬੰਧਤ ਤਿੰਨ ਕਿਤਾਬਾਂ, ਵਿਗਿਆਨ ਦੇ ਪਾਂਧੀ, ਵਿਗਿਆਨ ਦੇ ਪਸਾਰ ਤੇ ਗਾਡ ਪਾਰਟੀਕਲ। ਅਲੱਗ ਅਲੱਗ ਵਿਸ਼ਿਆਂ ਨੂੰ ਆਪਣੀ ਕਲਮ ਦੀ ਛੋਹ ਨਾਲ ਪਰਪੱਕਤਾ ਬਖ਼ਸ਼ਣਾ ਲੇਖਕ ਦੀ ਫਿਤਰਤ ਵਿੱਚ ਸਮਾਇਆ ਹੋਇਆ ਹੈ, ਇਹ ਸਲਾਹੀਅਤ ਇਨ੍ਹਾਂ ਨੂੰ ਦੂਸਰੇ ਲੇਖਕਾਂ ਨਾਲ਼ੋਂ ਅਲੱਗ ਕਰਦੀ ਹੈ।
ਮੈਂ ਉਨ੍ਹਾਂ ਨੂੰ ਕਲਪਨਾਵਾਂ ਦਾ ਬੇਤਾਜ ਬਾਦਸ਼ਾਹ ਕਹਿੰਦਾ ਹਾਂ। ਅੰਗਰੇਜ਼ੀ ਭਾਸ਼ਾ ਦੇ ਮਸ਼ਹੂਰ ਅਮਰੀਕੀ ਲਿਖਾਰੀ ਈ ਮਿਲਰ ਹਿੰਮਗਵੇ ਜਿਨ੍ਹਾਂ ਨੂੰ 1954 ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜਿਸ ਨੇ ਵੀਹਵੀਂ ਸ਼ਤਾਬਦੀ ਦੀ ਫਿਕਸ਼ਨ ‘ਤੇ ਬਹੁਤ ਪ੍ਰਭਾਵ ਪਾਇਆ, ਉਨ੍ਹਾਂ ਨੂੰ ਕਲਪਨਾਵਾਂ ਦਾ ਧੰਨੀ ਕਿਹਾ ਜਾਂਦਾ ਸੀ। ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਵੀ ਕਲਪਨਾਵਾਂ ਦੇ ਮਾਹਿਰ ਹਨ। ਇਨ੍ਹਾਂ ਦੀ ਹਰ ਰਚਨਾ ਵਿੱਚ ਸਕਾਰਆਤਮਿਕ ਕਲਪਨਾਵਾਂ ਦੀ ਉਡਾਰੀਆਂ ਮਿਲ ਜਾਣਗੀਆਂ।
ਮੈਂ ਅੱਜ ‘ਧੁੱਪ ਦੀਆਂ ਕਣੀਆਂ’ ਦੇ ਰੂਬਰੂ ਹੋਇਆ ਕੀ ਲਿਖਾਂ ਤੁਹਾਡੀ ਲੇਖਣੀ ਨੇ ਤਾਂ ਮੈਨੂੰ ਸਮਮੋਹਿਤ ਕਰ ਲਿਆ ਹੈ। ਹਰਫਾਂ ਦਾ ਅਭਾਬ ਹੋ ਗਿਆ ਹੈ ਮੇਰੇ ਕੋਲ। ਧੁੱਪ ਦੀਆਂ ਕਣੀਆਂ ਵਿੱਚ ਤੁਹਾਡੀ ਮੀਨਾਕਾਰੀ ਬਹੁਤ ਪ੍ਰਯੋਗਿਕ ਹੈ। ਜ਼ਿੰਦਗੀ ਦੀ ਤਲਖ ਸਚਾਈ ਨੂੰ ਮਾਨਵਤਾ ਦੇ ਨਾਲ ਜੋੜ ਦਿੱਤਾ ਹੈ। ਅੱਗ ਦੇ ਗਲੋਟੇ, ਸੁਹੱਪਣ ਸੁਗੰਧ, ਪੀੜ ਪਹੁਲ, ਚੁੱਪ ਚਿਰਾਗ, ਨੀਂਦ ਨਿਆਮਤ, ਭੁੱਖ ਭਗਤੀ, ਬਿਰਖ ਬਾਣੀ, ਤੁਹਾਡੀ ਇਸ ਰਚਨਾ ਨੂੰ ਮੈਂ ਡੀਕ ਲਾ ਕੇ ਪੀ ਗਿਆ ਹਾਂ ਅਲਫਾਜ਼ ਤਾਂ ਇੱਕ ਤੋਂ ਵਧ ਕੇ ਇੱਕ ਕੋਹਿਨੂਰ ਹੀਰੇ ਤੁਸੀਂ ਇਸ ਕਿਤਾਬ ਦੇ ਹਰੇਕ ਪੰਨੇ ‘ਤੇ ਜੜ ਦਿੱਤੇ ਹਨ, ਹਰ ਹਰਫ ਬੇਸ਼ਕੀਮਤੀ, ਹਰਫਾਂ ਨੂੰ ਜੜਨ ਦਾ ਤਰੀਕਾ ਸੁਨਿਆਰੇ ਵਾਲਾ, ਸੋਨੇ ‘ਤੇ ਸੁਹਾਗਾ ਵਾਲੀ ਅਖਾਣ ਮੇਰੇ ਦੋ ਦੀਦਿਆਂ ਦੇ ਅੱਗੇ ਦੀ ਗੁਜ਼ਰ ਗਇਆ।
ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਹਨ ਜੋ ਧੁੱਪ ਦੀਆਂ ਕਣੀਆਂ ਵਿੱਚੋ ਅਕਸਰ ਦੇਖਣ ਨੂੰ ਮਿਲਦੀਆਂ ਹਨ ਜੋ ਰਚਨਾ ਦੇ ਚਾਰ ਮੁਨਾਰੇ ਹਨ, ਹਰੇਕ ਦਿਸ਼ਾ ਵਿੱਚ ਫੈਲੇ ਹੋਏ, ਜੋ ਹਰ ਪਾਸੇ ਇੱਕ ਸੁਖਾਵਾਂ ਵਾਤਾਵਰਨ ਸਿਰਜਦੇ ਹਨ।
‘ਧੁੱਪ ਦੀਆਂ ਕਣੀਆਂ’ ਦੀ ਜਿਨ੍ਹਾਂ ਵੀ ਤਾਰੀਫ਼ ਕਰ ਲਈਏ ਉਹ ਘੱਟ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਸੁੰਦਰ ਹਰਫਾਂ ਦੇ ਝਰਨੇ ਲੇਖਕ ਦੀ ਕਲਮ ਵਿਚੋਂ ਵਹਿ ਰਹੇ ਹਨ ਤੇ ਕਲਪਨਾਵਾਂ ਦੇ ਸਮੁੰਦਰ ਠਾਠਾਂ ਮਾਰ ਰਹੇ ਹਨ। ‘ਧੁੱਪ ਸਭ ਤੋਂ ਉੱਤਮ ਦਵਾਈ’, ‘ਜਦ ਪੱਤੇ ਪੀਲੇ ਹੋ ਕੇ ਆਖਰੀ ਸਫਰ ਦੀ ਤਿਆਰੀ ਕਰਦੇ ਤਾਂ ਉਹਨਾਂ ਦੇ ਮਨ ਵਿੱਚ ਧੁੱਪ ਪ੍ਰਤੀ ਸ਼ੁਕਰਗੁਜ਼ਾਰੀ ਹੁੰਦੀ।’ ਜ਼ਿੰਦਗੀ ਦਾ ਫਲਸਫਾ ਮਿਲ ਜਾਂਦਾ ਹੈ। ਸਰਗੁਣੀ ਅਤੇ ਸਰਵਵਿਆਪਕ ਧੁੱਪ ਦੀ ਅਰਾਧਨਾ ਵਿੱਚੋਂ ਖੁਦ ਨੂੰ ਵਿਕਸਤ ਕੀਤਾ ਜਾ ਸਕਦਾ ਏ।
ਅਲੰਕਾਰ ਕਿਸੀ ਵੀ ਰਚਨਾ ਨੂੰ ਚਾਰ ਚੰਨ ਲਾਉਂਦੇ ਹਨ ਵੈਸੇ ਤਾਂ ਸ਼ਿੰਗਾਰ ਰਸ ਹਰ ਰਚਨਾ ਨੂੰ ਸਤਿਅਮ ਸ਼ਿਵਮ ਸੁੰਦਰਮ ਦਾ ਰੂਪ ਧਾਰਨ ਕਰਨ ਵਿੱਚ ਮਦਦ ਕਰਦਾ ਹੈ ਤੇ ਰਚਨਾ ਅਵਾਮ ਦੇ ਦਿੱਲਾਂ ਦੀਆਂ ਗਹਿਰਾਈਆਂ ਵਿੱਚ ਉਤਰ ਜਾਂਦੀ ਹੈ । ਭੰਡਾਲ ਹੋਰੀਂ ਇਸ ਕਲਾ ਦੇ ਮਾਹਿਰ ਖਿਲਾੜੀ ਹਨ। ਉਹ ਅਲੰਕਾਰ ਚੁਨਾਵ ਦਿਹਾਤੀ ਚੌਗਿਰਦੇ ਤੋਂ ਲੈਂਦੇ ਹਨ ਤੇ ਫਿਰ ਉਸ ਅਲੰਕਾਰ ਨੂੰ ਰਚਨਾ ਦੇ ਨਾਲ ਇਸ ਤਰ੍ਹਾਂ ਮਿਲਾ ਦਿੰਦੇ ਹਨ ਤੇ ਕਦੀ ਵੀ ਓਪਰਾਪਨ ਮਹਿਸੂਸ ਨਹੀਂ ਹੁੰਦਾ।
ਲਫ਼ਜ਼ਾਂ ਦੀ ਬੇਸ਼ਕੀਮਤੀ ਮਣਕਿਆਂ ਨਾਲ ਤੁਲਨਾ ਕੀਤੀ ਗਈ ਹੈ, ਜਿਸ ਤਰ੍ਹਾਂ ਮਣਕਿਆਂ ਨੂੰ ਸੁੰਦਰ ਤਰਤੀਬ ਨਾਲ ਪਰੋਇਆ ਜਾਵੇ ਤਾਂ ਮਾਲਾ ਕਈ ਗੁਣਾਂ ਜ਼ਿਆਦਾ ਖੂਬਸੂਰਤ ਲਗਦੀ ਹੈ। ਇਹ ਹੀ ਤਰਕੀਬ ਲਗਭਗ ਚੰਗੀ ਖ਼ੂਬਸੂਰਤ ਲੇਖਣੀ ਤੇ ਲਾਗੂ ਹੁੰਦੀ ਹੈ।
ਇੱਕ ਇੱਕ ਮਾਕੂਲ ਹਰਫ ਮਿਲ ਕੇ ਇੱਕ ਖੂਬਸੂਰਤ ਸਤਰ ਨੂੰ ਜਨਮ ਦਿੰਦੇ ਹਨ ਫਿਰ ਇੱਕ ਇੱਕ ਸਤਰ ਮਿਲ ਕੇ ਇੱਕ ਅਸਰਦਾਰ ਪੈਰ੍ਹਾ ਨੂੰ ਪੈਦਾ ਕਰਦਾ ਹੈ ਫਿਰ ਇੱਕ ਇੱਕ ਪੈਰ੍ਹਾ ਮਿਲ ਕੇ ਇੱਕ ਸੁੰਦਰ ਸਫੇ ਨੂੰ ਜਨਮ ਦਿੰਦੇ ਹਨ। ਫਿਰ ਇੱਕ-ਇੱਕ ਸਫਾ ਆਪਣੀ ਖੂਬਸੂਰਤੀ ਨੂੰ ਜੋੜ ਕੇ ਸਮੇਟ ਕੇ ਇੱਕ ਅਸਰਦਾਰ ਕਿਤਾਬ ਦਾ ਜਨਮ ਹੁੰਦਾ ਹੈ, ਜੋ ਸਾਰੇ ਸਮਾਜ ਤੇ ਵਾਤਾਵਰਨ ਨੂੰ ਖ਼ੁਸ਼ ਗਵਾਰ ਬਣਾਉਂਦੀ ਹੈ ਤੇ ਆਪਣੀ ਅਮਿੱਟ ਛਾਪ ਛੱਡਦੀ ਹੈ। ਇਹ ਸਾਰੀ ਦੀ ਸਾਰੀ ਗੱਲ ਭੰਡਾਲ ਜੀ ‘ਤੇ ਲਾਗੂ ਹੁੰਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿਚ ਚੁੰਬਕੀਏ ਕਸ਼ਿਸ਼ ਕਿਉਂ ਹੈ? ਕਿਉਂਕਿ ਉਹ ਅਲਫਾਜ਼ ਦੀ ਚੋਣ ਬਹੁਤ ਸੁਚੱਜੇ ਢੰਗ ਨਾਲ ਕਰਦੇ ਹਨ ਤੇ ਆਖ਼ਰ ਉਨ੍ਹਾਂ ਦੀ ਰਚਨਾ ਹੌਲੀ-ਹੌਲੀ ਸ਼ਾਹਕਾਰ ਦਾ ਰੂਪ ਧਾਰਨ ਕਰ ਲੈਂਦੀ ਹੈ।
ਗੁਰਬਖ਼ਸ਼ ਸਿੰਘ ਭੰਡਾਲ ਨਾਲ ਮੇਰੀ ਨੇੜਤਾ ਦੀ ਸ਼ੁਰੂਆਤ ਉਦੋਂ ਹੋਈ ਸੀ ਮੈਂ ਇਨ੍ਹਾਂ ਦਾ ਇਕ ਆਰਟੀਕਲ ਅਖਬਾਰ ਵਿੱਚ ਪੜ੍ਹਿਆ ਸੀ ਤੇ ਮੈਨੂੰ ਉਸ ਲੇਖਣੀ ਨੇ ਕਾਫੀ ਪ੍ਰਭਾਵਿਤ ਕੀਤਾ ਸੀ ਤੇ ਮੈਂ ਉਸ ਸਮੇਂ ਐਸ ਐਸ ਪੀ, ਨਰਸਿੰਗਪੁਰ ਮੱਧ ਪ੍ਰਦੇਸ਼ ਵਿੱਚ ਪੋਸਟਿਡ ਸੀ ਤੇ ਉਹ ਸਮਾਂ 1991 ਦਾ ਸੀ ਉਸ ਵਕਤ ਮੋਬਾਈਲ ਕੰਪਿਊਟਰ ਨਹੀਂ ਸੀ। ਮੈਂ ਇਨ੍ਹਾਂ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਫਿਰ ਮੇਰੀ ਗੱਲਬਾਤ 30 ਸਾਲ ਬਾਅਦ 2021 ਵਿੱਚ ਹੋਈ ਤਾਂ ਇਹ ਇਲਮ ਹੋਇਆ ਕਿ ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਕਪੂਰਥਲਾ ਤੋਂ ਰੁਖ਼ਸਤ ਹੋ ਕੇ ਅਮਰੀਕਾ ਵਿੱਚ ਰੈਣ-ਬਸੈਰਾ ਬਸਾ ਚੁੱਕੇ ਹਨ ਤੇ ਉਨ੍ਹਾਂ ਨੇ ਮੇਰੀ ਪਹਿਲੀ ਪੰਜਾਬੀ ਕਵਿਤਾ ਦੀ ਕਿਤਾਬ ‘ਜ਼ਿੰਦਗੀ ਦੇ ਰੰਗ’ ਦੇ ਬਾਰੇ ਇੱਕ ਖੂਬਸੂਰਤ ਆਰਟੀਕਲ ਲਿਖਿਆ ਤੇ ਜਿਸ ਨੇ ਮੈਨੂੰ ਇਕ ਸਾਹਿਤਕ ਉਚਾਈ ਬਖਸ਼ੀ। ਹੁਣ ਅਸੀਂ ਬਾਦਸਤੂਰ ਇੱਕ ਦੂਜੇ ਨਾਲ ਟੱਚ ਵਿੱਚ ਹਾਂ।
ਲੇਖਕ ਇੱਕ ਖੁੱਦ ਮਿਸਾਲ ਹੈ ਆਪਣੀ ਸਾਦਗੀ ਸੱਚਾ ਸੁੱਚਾ ਪਨ ਲਈ ਇਸ ਕਰਕੇ ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਸਦਾਚਾਰਕ ਝਲਕਾਂ ਠਾਠਾਂ ਮਾਰਦੀਆਂ ਰਹਿੰਦੀਆਂ ਹਨ ਤੇ ਕਦੀ ਵੀ ਰਚਨਾ ਤੋਂ ਅਲੱਗ ਰਸਤਾ ਇਖ਼ਤਿਆਰ ਨਹੀਂ ਕਰਦੀਆਂ। ਇਹ ਇਸ ਲਈ ਹੈ ਕਿਉਂਕਿ ਸੂਤਰਧਾਰ ਦਾ ਕਿਰਦਾਰ ਉੱਚ ਦਰਜੇ ਦਾ ਹੈ ਇਸ ਲਈ ਇਹ ਰੰਗ ਰਚਨਾ ਨੂੰ ਸਦੀਵੀ ਬਣਾ ਦਿੰਦਾ ਹੈ।
ਲੇਖਕ ਦੀ ਕੋਈ ਵੀ ਰਚਨਾ ਲੈਅ ਲਵੋ ‘ਹਾਉਕੇ ਦੀ ਜੂਨ’ ਕਵਿਤਾ ਹੈ ਪੜ੍ਹਨ ਨੂੰ ਦਿਲ ਕਰਦਾ ਹੈ। ਸਫ਼ਰਨਾਮਾ ‘ਸੁਪਨਿਆਂ ਦੀ ਜੂਹ’ ਬੇਹਤਰੀਨ ਲਿਖਿਆ ਹੈ। ‘ਰੰਗਾਂ ਦਾ ਦਰਿਆ’, ‘ਅਸੀਸ ਤੇ ਆਸਥਾ’, ‘ਘਰ ਅਰਦਾਸ ਕਰੇ’, ‘ਪਰਵਾਸੀ ਪੈੜਾਂ’, ‘ਸੂਰਜ ਦੀ ਦਸਤਕ’, ‘ਹਵਾ ਹੱਥ ਜੋੜਦੀ ਹੈ’, ‘ਲੋਏ ਲੋਏ’, ‘ਕਾਇਆ ਦੀ ਕੈਨਵਸ’, ‘ ਵਿਗਿਆਨ ਚੇਤਨਾ ਅਤੇ ਪ੍ਰਦੂਸ਼ਣ’। ‘ਧੁੱਪ ਦੀਆਂ ਕਣੀਆਂ’, ਇਹ ਸਾਰੀਆਂ ਰਚਨਾਵਾਂ ਇਕ ਉੱਚ ਦਰਜੇ ਦੀ ਵਾਰਤਕ ਹੈ, ਵਿਗਿਆਨ ਚੇਤਨਾ ਅਤੇ ਪ੍ਰਦੂਸ਼ਣ ਵਿਚ ਅਜ ਦੀ ਵਾਤਾਵਰਨ ਸਬੰਧੀ ਸਮਸਿਆ ਨੂੰ ਸਲੀਕੇ ਨਾਲ ਪੇਸ਼ ਕੀਤਾ ਹੈ।
‘ਹਾਉਕੇ ਦੀ ਜੂਨ’, ‘ ਧੁੱਪ ਦੀ ਤਲਾਸ਼’, ‘ਇਹ ਘਰ ਮੇਰਾ ਨਹੀਂ’, ‘ਰੂਹ ਰੇਜਾ’ ਕਵਿਤਾ ਦੇ ਵਿਹੜੇ ਵਿੱਚ ਉਸ ਦੀ ਕਲਾ ਬਿਲਕੁੱਲ ਨਿਰੋਲ ਤੇ ਭਾਵਪੂਰਨ ਹੈ। ਅੱਲੜ ਉਮਰੇ ਹੀ ਕਵਿਤਾ ਨਾਲ ਮਹਿਬੂਬ ਜਿਹਾ ਇਸ਼ਕ ਹਕੀਕੀ ਕਰ ਬੈਠਾ ਜੋ ਅੱਜ ਤੱਕ ਬਾਦਸਤੂਰ ਜਾਰੀ ਹੈ, ਪਲੇਠੀ ਦੀ ਕਵਿਤਾ ਜਿਹਾ ਕਿ,
”ਹਵਾ ਬੰਦ ਹੈ, ਦਰਖਤਾਂ ਦੇ
ਪੱਤੇ ਨਹੀਂ ਹਿਲਦੇ,
ਪੈਹਿਆਂ ‘ਚੋਂ ਘੱਟਾ, ਨਹੀਂ ਉੜਦਾ,
ਇਸ ਦਾ ਮਤਲਬ ਇਹ ਨਹੀਂ,
ਕਿ ਹਵਾ ਮਰ ਚੁੱਕੀ,
ਇਹ ਤਾਂ ਸਮਾਂ ਸੂਚਕ ਹੈ,
ਕਿਸੇ ਆਉਣ ਵਾਲੇ ,
ਭਾਰੀ ਤੂਫ਼ਾਨ ਦਾ।”
ਬਹੁਤ ਖੂਬ ਲਿਖਿਆ ਹੈ ਜਨਾਬ।
ਇਸ ਤੋਂ ਬਾਅਦ, ਹਾਉਕੇ ਦੀ ਜੂਨ, ਧੁੱਪ ਦੀ ਤਲਾਸ਼, ਇਹ ਘਰ ਮੇਰਾ ਨਹੀਂ ਇਹ ਸਾਰੇ ਨਾਜ਼ੁਕ ਕਵਿਤਾ ਦੀਆਂ ਅੱਭਵਿਅਕਤੀਆਂ ਹਨ ਜੋ ਇੱਕ ਲੈਅ ਬੱਧ ਤਰੀਕੇ ਨਾਲ ਪੇਸ਼ ਕੀਤੀਆਂ ਹਨ, ਜੋ ਬੇਮਿਸਾਲ ਹੈ ਜਿਸ ਵਿੱਚ ਮਾਨਵਤਾ ਦੀ ਖੁਸ਼ੀ, ਉਦਾਸੀ, ਤਨਹਾਈ, ਅਪਣਾਪਨ ਲੱਗਭਗ ਸੱਭ ਭਾਵਨਾਵਾਂ ਨਾਲ ਓਤਪਰੋਤ ਹੈ, ਚੁੰਬਕੀਏ ਜਜ਼ਬਾ ਰੱਖਦੀਆਂ ਹਨ। ਇਨ੍ਹਾਂ ਰੰਗਾਂ ਦੇ ਕਾਰਨ ਹੀ ਕਵੀ ਦੀ ਮਹਾਨਤਾ ਹੈ ਜੋ ਜੱਗ ਜ਼ਾਹਿਰ ਹੈ। ਲੇਖਕ ਦੀ ਕਿਤਾਬ ‘ਰੂਹ ਰੇਜ਼ਾ’ ਬੇਹਤਰੀਨ ਕਲਾ ਦਾ ਨਮੂਨਾ ਹੈ ਤੇ ਕਿਤੇ ਕਿਤੇ ਸੂਫ਼ੀ ਰੰਗ ਵੀ ਮਿਲਦਾ ਹੈ। ਇਸ ਕਿਤਾਬ ਦੀ ਇੱਕ ਕਵਿਤਾ ‘ਅੱਗ ਦੀਆਂ ਪੂਣੀਆਂ’ ਜੋ ਮੈਂ ਤਰੰਨਮ ਵਿੱਚ ਗਾਈ ਹੈ ਕਾਫੀ ਦੋਸਤਾਂ ਨੇ ਉਸ ਨੂੰ ਪਸੰਦ ਕੀਤਾ ਗਿਆ ਹੈ। ਇੱਕ ਉੱਚ ਦਰਜੇ ਦੀ ਕਵਿਤਾ ਹੈ ਜੋ ਸੂਫੀ ਝਲਕ ਦਿੰਦੀ ਹੈ।
ਹਰਫੇ ਆਖਿਰ ਇਹ ਹੀ ਹੈ ਕਿ ਲੇਖਕ ਇੱਕ ਆਪਣੇ ਆਪ ਵਿੱਚ ਸੰਸਥਾ ਹੈ। ਉੱਚ ਕੋਟੀ ਦਾ ਲਿਖਾਰੀ ਹੈ ਸਰਬ ਕਲਾ ਸੰਪੂਰਨ ਹੈ ਭਾਸ਼ਾ ਦਾ ਵੱਡਾ ਜਾਣਕਾਰ ਹੈ ਇੱਕ ਬੇਹਤਰੀਨ ਇਨਸਾਨ ਹੈ ਇਸ ਲਈ ਮੈ ਉਨ੍ਹਾਂ ਨੂੰ ਹਰਫਨਮੋਲਾ ਲਿਖਾਰੀ ਮੰਨਦਾ ਹਾਂ।

 

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …