Breaking News
Home / ਪੰਜਾਬ / ਭਾਜਪਾ ਦੀ ਹਾਰ ਦੇਖ ਕੇ ਬੁਖਲਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਸੁਖਬੀਰ ਬਾਦਲ

ਭਾਜਪਾ ਦੀ ਹਾਰ ਦੇਖ ਕੇ ਬੁਖਲਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਸੁਖਬੀਰ ਬਾਦਲ

ਕਿਹਾ : ਭਾਜਪਾ ਦਾ ਅੰਕੜਾ 200 ਤੋਂ ਪਾਰ ਹੁੰਦਾ ਵੀ ਨਹੀਂ ਦਿਸਦਾ
ਗੁਰਦਾਸਪੁਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੂਹ ਸਿੱਖ ਸੰਗਤ ਨੂੰ ਕਾਂਗਰਸ ਖ਼ਿਲਾਫ਼ ਵੋਟ ਪਾ ਕੇ 1984 ਦੇ ਹਮਲੇ ਦਾ ਬਦਲਾ ਲੈਣ ਦਾ ਸੁਨੇਹਾ ਦਿੱਤਾ। ਉਹ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਭਾਜਪਾ ਵੱਲੋਂ 400 ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਭਾਜਪਾ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਅਤੇ ਇਹ ਅੰਕੜਾ 200 ਤੋਂ ਪਾਰ ਹੁੰਦਾ ਵੀ ਦਿਖਾਈ ਨਹੀਂ ਦੇ ਰਿਹਾ।
ਉਨ੍ਹਾਂ ਕਿਹਾ ਕਿ ਭਾਜਪਾ ਹੁਣ ਇੱਕ ਧਰਮ ਨੂੰ ਦੂਜੇ ਧਰਮਾਂ ਦੇ ਲੋਕਾਂ ਨਾਲ ਲੜਾ ਕੇ ਵੋਟਾਂ ਹਥਿਆਉਣ ਦੀਆਂ ਚਾਲਾਂ ਖੇਡ ਰਹੀ ਹੈ। ਇਸ ਵਾਰ ਉਸ ਦੀਆਂ ਸਾਰੀਆਂ ਸਕੀਮਾਂ ਫ਼ੇਲ੍ਹ ਹੋਣਗੀਆਂ। ਉਨ੍ਹਾਂ ਕਿਹਾ ਕਿ ਆਪਣੀ ਹਾਰ ਹੁੰਦੀ ਵੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਖ਼ਲਾ ਗਏ ਹਨ ਅਤੇ ਚੋਣ ਰੈਲੀਆਂ ਦੌਰਾਨ ਬੇਤੁਕੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਨ੍ਹਾਂ ਦਾ ਖ਼ਾਤਾ ਵੀ ਨਹੀਂ ਖੁੱਲ੍ਹੇਗਾ। ਬਾਦਲ ਨੇ ਦੀਨਾਨਗਰ, ਭੋਆ, ਸੁਜਾਨਪੁਰ ਤੇ ਪਠਾਨਕੋਟ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ। ਬਾਦਲ ਨੇ ‘ਆਪ’, ਕਾਂਗਰਸ ਗੱਠਜੋੜ ਅਤੇ ਭਾਜਪਾ ‘ਤੇ ਜਾਤੀ ਅਤੇ ਫਿਰਕੂ ਲੀਹਾਂ ‘ਤੇ ਲੋਕਾਂ ਦਾ ਧਰੁਵੀਕਰਨ ਕਰਨ ਦੇ ਯਤਨ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਪੰਜਾਬ ਸਰਕਾਰ ਦੀ ਵੀ ਆਲੋਚਨਾ ਕੀਤੀ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਜਿੱਤਣ ਤੋਂ ਬਾਅਦ ਗੁਰਦਾਸਪੁਰ ਵਿੱਚ ਬਠਿੰਡਾ ਵਾਂਗ ਏਮਸ ਵਰਗਾ ਹਸਪਤਾਲ ਸਥਾਪਿਤ ਕਰਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਜਨਤਾ ਦਲ ਸੈਕੂਲਰ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਅਤੇ ਕਮਲਜੀਤ ਸਿੰਘ ਨੇ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਵੀ ਕੀਤਾ।
ਆਦੇਸ਼ ਪ੍ਰਤਾਪ ਕੈਰੋਂ ਨੂੰ ਸ਼੍ਰੋਮਣੀ ਅਕਾਲੀ ਦਲ ‘ਚੋਂ ਕੱਢਿਆ
ਸ਼੍ਰੋਮਣੀ ਅਕਾਲੀ ਦਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ। ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਆਰੋਪ ਲਾਉਂਦਿਆਂ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਤੁਰੰਤ ਰੱਦ ਕਰ ਦਿੱਤੀ। ਅਕਾਲੀ ਦਲ ਦੇ ਜਨ ਸਕੱਤਰ ਬਲਵਿੰਦਰ ਭੂੰਦੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਫ਼ੈਸਲਾ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਤੋਂ ਬਾਅਦ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਇਹ ਫ਼ੈਸਲਾ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਤੋਂ ਬਾਅਦ ਲਿਆ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …