Breaking News
Home / ਪੰਜਾਬ / ਸ੍ਰੀ ਨਨਕਾਣਾ ਸਾਹਿਬ ‘ਚ ਵੀ ਮਨਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ

ਸ੍ਰੀ ਨਨਕਾਣਾ ਸਾਹਿਬ ‘ਚ ਵੀ ਮਨਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ

ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ ‘ਤੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਪਾਕਿਸਤਾਨ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਬਦ-ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ 1 ਸਤੰਬਰ ਨੂੰ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸਮੇਤ ਭਾਰਤ ਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿਚ ਪ੍ਰਕਾਸ਼ ਦਿਹਾੜਾ 19 ਅਗਸਤ ਨੂੰ ਮਨਾਇਆ ਗਿਆ ਸੀ। ਇਸ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਸਵੇਰੇ ਆਸਾ ਦੀ ਵਾਰ ਦੇ ਭੋਗ ਅਤੇ ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਗੁਰਦੁਆਰਾ ਸ੍ਰੀ ਪੱਟੀ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਬਾਲ ਲੀਲ੍ਹਾ ਤੋਂ ਹੁੰਦਿਆਂ ਹੋਇਆ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਸੰਪੰਨ ਹੋਇਆ।
ਸ੍ਰੀ ਨਨਕਾਣਾ ਸਾਹਿਬ ਦੇ ਗੁਰੂ ਨਾਨਕ ਜੀ ਪਬਲਿਕ ਸਕੂਲ ਦੇ ਸਿੱਖ ਵਿਦਿਆਰਥੀਆਂ ਵਲੋਂ ਸਿੱਖ ਸ਼ਸਤਰ ਕਲਾ ਗਤਕਾ ਦੇ ਜੌਹਰ ਵੀ ਵਿਖਾਏ ਗਏ। ਇਸ ਮੌਕੇ ਗੁਰਦੁਆਰਾ ਜਨਮ ਅਸਥਾਨ ਵਿਚ ਰੱਖੇ ਸ਼ਬਦ ਵਿਚਾਰ ਤੇ ਕੀਰਤਨ ਸਮਾਗਮ ਦੇ ਦੌਰਾਨ ਵੱਖ-ਵੱਖ ਰਾਗੀ ਜਥਿਆਂ ਵਲੋਂ ਮਨੋਹਰ ਸ਼ਬਦ ਕੀਰਤਨ ਕੀਤਾ।
ਸਮਾਗਮ ਵਿਚ ਐਮ.ਪੀ.ਏ. ਮਹਿੰਦਰਪਾਲ ਸਿੰਘ, ਪੀ.ਐੱਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਮੈਂਬਰ ਸਰਬੱਤ ਸਿੰਘ, ਰਵਿੰਦਰ ਸਿੰਘ, ਪਾਕਿ ਕ੍ਰਿਕਟਰ ਮਹਿੰਦਰਪਾਲ ਸਿੰਘ, ਮਨਿੰਦਰ ਸਿੰਘ ਮਿੰਨੀ, ਗ੍ਰੰਥੀ ਭਾਈ ਪ੍ਰੇਮ ਸਿੰਘ, ਬਲਵੰਤ ਸਿੰਘ, ਦਿਆ ਸਿੰਘ, ਹਰਭਜਨ ਸਿੰਘ, ਸੰਤ ਸਿੰਘ, ਹਰਪਾਲ ਸਿੰਘ, ਭਗਵਾਨ ਸਿੰਘ ਆਦਿ ਵੀ ਹਾਜ਼ਰ ਸਨ।

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਖਿਲਾਫ ਕੀਤੀ ਸ਼ਿਕਾਇਤ

ਸਰਕਾਰ ਦੇ ਨਿਯਮਾਂ ਦੀ ਅਣਦੇਖੀ ਹੋਣ ਦੇ ਵੀ ਸੰਤ ਸੀਚੇਵਾਲ ਨੇ ਲਗਾਏ ਆਰੋਪ ਜਲੰਧਰ/ਬਿਊਰੋ ਨਿਊਜ਼ …