11 C
Toronto
Saturday, October 18, 2025
spot_img
Homeਪੰਜਾਬਅਮਰਿੰਦਰ ਨੇ ਪ੍ਰੋਗਰਾਮ ਵਿਚਾਲੇ ਛੱਡ ਕੇ ਥਾਣਾ ਸੰਗਤ 'ਚ ਪੁਲਿਸ ਅਫ਼ਸਰਾਂ ਨੂੰ...

ਅਮਰਿੰਦਰ ਨੇ ਪ੍ਰੋਗਰਾਮ ਵਿਚਾਲੇ ਛੱਡ ਕੇ ਥਾਣਾ ਸੰਗਤ ‘ਚ ਪੁਲਿਸ ਅਫ਼ਸਰਾਂ ਨੂੰ ਲਲਕਾਰਿਆ

AMRINDER-SINGH Thana Sangat copy copyਪਾਰਟੀ ਵਰਕਰ ਖਿਲਾਫ ਦਰਜ ‘ਝੂਠੇ’ ਕੇਸ ਤੋਂ ਜਜ਼ਬਾਤੀ ਹੋ ਕੇ ਹਜੂਮ ਸਮੇਤ ਥਾਣੇ ਪੁੱਜੇ
ਸੰਗਤ ਮੰਡੀ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਨੂੰ ਅੱਧ ਵਿਚਾਲੇ ਛੱਡ ਕੇ ਥਾਣਾ ਸੰਗਤ ਵਿੱਚ ਖੜ੍ਹ ਕੇ ਪੁਲਿਸ ਅਫਸਰਾਂ ਨੂੰ ਲਲਕਾਰਿਆ। ਬਠਿੰਡਾ (ਦਿਹਾਤੀ) ਦੇ ਪਿੰਡ ਜੱਸੀ ਬਾਗ ਵਾਲੀ ਵਿੱਚ ਪ੍ਰੋਗਰਾਮ ਦੌਰਾਨ ਇੱਕ ਅੰਮ੍ਰਿਤਧਾਰੀ ਕਾਂਗਰਸੀ ਬਜ਼ੁਰਗ ਬਲਦੇਵ ਸਿੰਘ ਆਪਣੇ ਖ਼ਿਲਾਫ਼ ਦਰਜ ਹੋਏ ਝੂਠੇ ਕੇਸ ਦੀ ਵਿਥਿਆ ਸੁਣਾਉਂਦੇ ਹੋਇਆ ਰੋ ਪਿਆ ਤਾਂ ਕੈਪਟਨ ਭਾਵੁਕ ਹੋ ਗਏ। ਉਹ ਸਟੇਜ ਤੋਂ ਉੱਠ ਕੇ ਖੜ੍ਹੇ ਹੋ ਗਏ ਅਤੇ ਬਜ਼ੁਰਗ ਨਾਲ ਥਾਣਾ ਸੰਗਤ ਵਿੱਚ ਜਾਣ ਦਾ ਐਲਾਨ ਕਰ ਦਿੱਤਾ। ਪਲਾਂ ਵਿੱਚ ਕਾਂਗਰਸੀ ਵਰਕਰਾਂ ਦਾ ਹਜੂਮ ਅਕਾਲੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਾ ਹੋਇਆ ਕੈਪਟਨ ਦੀ ਅਗਵਾਈ ਵਿੱਚ ਥਾਣਾ ਸੰਗਤ ਪੁੱਜ ਗਿਆ।
ਥਾਣਾ ਸੰਗਤ ਵਿੱਚ ਕੈਪਟਨ ਨੇ ਬਜ਼ੁਰਗ ਖ਼ਿਲਾਫ਼ ਦਰਜ ਕੇਸ ਬਾਰੇ ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਅਤੇ ਥਾਣੇਦਾਰ ਸੰਦੀਪ ਸਿੰਘ ਭਾਟੀ ਨਾਲ ਗੱਲ ਕੀਤੀ। ਪੁਲਿਸ ਥਾਣੇ ਵਿੱਚ ਖੜ੍ਹ ਕੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਰਕਰਾਂ ਤੇ ਅਕਾਲੀ ਜਥੇਦਾਰਾਂ ਦੇ ਹੁਕਮਾਂ ‘ਤੇ ਪਰਚੇ ਦਰਜ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਕਾਂਗਰਸੀ ਹਕੂਮਤ ਆਉਣ ‘ਤੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਆਖਿਆ ਕਿ ਪੁਲਿਸ ਅਧਿਕਾਰੀ ਆਪਣੀ ਵਰਦੀ ਦਾ ਸਨਮਾਨ ਕਰਨ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਕਿਸੇ ਪੁਲਿਸ ਅਧਿਕਾਰੀ ਦੇ ਖ਼ਿਲਾਫ਼ ਨਹੀਂ ਪਰ ਜੇਕਰ ਪਾਰਟੀ ਵਰਕਰਾਂ ਨਾਲ ਧੱਕਾ ਕੀਤਾ ਤਾਂ ਉਹ ਨਿੱਜੀ ਤੋਂ ਵੀ ਵੱਧ ਹੋਵੇਗਾ। ਅਜਿਹੇ ਪੁਲਿਸ ਅਫਸਰ ਅਕਾਲੀ ਜਥੇਦਾਰਾਂ ਦੇ ਨਾਲ ਹੀ ਜੇਲ੍ਹੀਂ ਡੱਕੀ ਜਾਣਗੇ। ਬਠਿੰਡਾ (ਦਿਹਾਤੀ) ਦੇ ਇਕੱਠ ਵਿੱਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਨੂੰ ਪੁਰਾਣੀ ਤਰਜ਼ ‘ਤੇ ਵੰਗਾਰਨ ਤੋਂ ਗੁਰੇਜ਼ ਕੀਤਾ ਪ੍ਰੰਤੂ ਉਨ੍ਹਾਂ ਬਾਦਲਾਂ ਨੂੰ ਜੇਲ੍ਹੀਂ ਡੱਕਣ ਦਾ ਵਾਅਦਾ ਜ਼ਰੂਰ ਕੀਤਾ। ‘ਹਲਕੇ ਵਿਚ ਕੈਪਟਨ’ ਸਮਾਗਮਾਂ ਵਿੱਚ ਸਭ ਤੋਂ ਵੱਧ ਮਸਲੇ ਪੁਲਿਸ ਜ਼ਿਆਦਤੀਆਂ ਨਾਲ ਸਬੰਧਿਤ ਸਨ, ਜਿਨ੍ਹਾਂ ਨੂੰ ਸੁਣਨ ਮਗਰੋਂ ਕੈਪਟਨ ਨੇ ਆਖਿਆ ਕਿ ਇਕੱਲੇ ਸੰਗਤ ਥਾਣੇ ਵਿੱਚ 125 ਝੂਠੇ ਕੇਸ ਦਰਜ ਹੋਏ ਹਨ। ਇਹੋ ਹਾਲ ਬਾਕੀ ਪੰਜਾਬ ਦਾ ਹੈ।
ਉਨ੍ਹਾਂ ਆਖਿਆ ਕਿ ਕਾਂਗਰਸੀ ਸਰਕਾਰ ਬਣਨ ‘ਤੇ ਸਾਰੇ ਝੂਠੇ ਕੇਸ ਰੱਦ ਕੀਤੇ ਜਾਣਗੇ। ਪਿੰਡ ਪਥਰਾਲਾ ਦੇ ਕਾਂਗਰਸੀ ਬਜ਼ੁਰਗ ਬਲਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋ ਧੜਿਆਂ ਵਿੱਚ ਨਵੰਬਰ 2015 ਵਿੱਚ ਹੋਈ ਲੜਾਈ ਵਿਚ ਉਸ ਨੂੰ ਵੀ ਸ਼ਾਮਲ ਕਰਕੇ ਪਰਚਾ ਦਰਜ ਕਰ ਦਿੱਤਾ ਗਿਆ। ਉਸ ਦੀ ਜ਼ਮੀਨ ‘ਤੇ ਕੁਝ ਲੋਕਾਂ ਨੇ ਕਬਜ਼ਾ ਕਰ ਲਿਆ ਅਤੇ ਉਪਰੋਂ ਪੁਲਿਸ ਕੇਸ ਦਰਜ ਵੀ ਉਸ ਖ਼ਿਲਾਫ਼ ਹੀ ਕਰ ਦਿੱਤਾ। ਕੋਟਗੁਰੂ ਦੇ ਕਾਕਾ ਸਿੰਘ ਨੇ ਗੰਦੇ ਪਾਣੀ ਅਤੇ ਡੂਮਵਾਲੀ ਦੇ ਦਲਿਤ ਵਰਕਰਾਂ ਨੇ ਭਲਾਈ ਸਕੀਮਾਂ ਤੋਂ ਵਾਂਝੇ ਰੱਖਣ ਦੀ ਗੱਲ ਕੀਤੀ। ਜੱਸੀ ਬਾਗ ਵਾਲੀ ਦੀ ਮਨਜੀਤ ਕੌਰ ਨੇ ਆਪਣਾ ਦੁੱਖ ਰੋਇਆ ਅਤੇ ਪਿੰਡ ਗਹਿਰੀ ਬੁੱਟਰ ਦੇ ਕਿਸਾਨ ਗੁਰਮੀਤ ਸਿੰਘ ਨੇ ਨਰਮੇ ਦਾ ਪੌਦਾ ਦਿਖਾ ਕੇ ਫਸਲੀ ਨੁਕਸਾਨ ਬਾਰੇ ਦੱਸਿਆ। ਕੈਪਟਨ ਨੇ ਸਮਾਗਮ ਮੌਕੇ ਆਖਿਆ ਕਿ ਬਾਦਲਾਂ ਦੇ ਰਾਜ ਦਾ ਹੁਣ ਅੰਤ ਆ ਗਿਆ ਹੈ।

RELATED ARTICLES
POPULAR POSTS