Breaking News
Home / ਪੰਜਾਬ / ਸ਼ਾਮ ਸਿੰਘ ਅਟਾਰੀਵਾਲਾ ਦੀ ਜੀਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ‘ਚ ਹੋਵੇਗੀ ਸ਼ਾਮਲ

ਸ਼ਾਮ ਸਿੰਘ ਅਟਾਰੀਵਾਲਾ ਦੀ ਜੀਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ‘ਚ ਹੋਵੇਗੀ ਸ਼ਾਮਲ

172ਵੇਂ ਸ਼ਹੀਦੀ ਦਿਹਾੜੇ ਸਬੰਧੀ ਪਿੰਡ ਅਟਾਰੀ ‘ਚ ਹੋਇਆ ਸਰਕਾਰੀ ਪੱਧਰ ਦਾ ਮੁੱਖ ਸਮਾਗਮ
ਅਟਾਰੀ/ਬਿਊਰੋ ਨਿਊਜ਼
ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ 172ਵੇਂ ਸ਼ਹੀਦੀ ਦਿਹਾੜੇ ਸਬੰਧੀ ਪਿੰਡ ਅਟਾਰੀ ਸਥਿਤ ਸਮਾਧ ‘ਤੇ ਪੰਜਾਬ ਸਰਕਾਰ ਵੱਲੋਂ ਮੁੱਖ ਸਮਾਗਮ ਰੱਖਿਆ ਗਿਆ ਸੀ ਪਰ ਲੋਕਾਂ ਦੇ ਘੱਟ ਗਿਣਤੀ ਵਿੱਚ ਪਹੁੰਚਣ ਕਾਰਨ ਸਮਾਗਮ ਵਿੱਚ ਕੁਰਸੀਆਂ ਖਾਲੀ ਪਈਆਂ ਸਨ। ਇਕੱਤਰਤਾ ਘੱਟ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਕਰੀਬਨ ਅੱਧਾ ਘੰਟਾ ਬੈਠਣ ਮਗਰੋਂ ਸਮਾਗਮ ਨੂੰ ਸੰਬੋਧਨ ਕੀਤੇ ਬਗ਼ੈਰ ਹੀ ਵਾਪਸ ਚਾਲੇ ਪਾ ਦਿੱਤੇ। ਹਾਲਾਂਕਿ ਸਰਕਾਰੀ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਅਟਾਰੀ ਵਿੱਚ ਮੁੱਖ ਮੰਤਰੀ ਦੇ ਸੰਬੋਧਨ ਦਾ ਕੋਈ ਪ੍ਰੋਗਰਾਮ ਨਹੀਂ ਸੀ।
ਪੰਜਾਬ ਸਰਕਾਰ ਨੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਜੀਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਟਾਰੀ ਰੇਲਵੇ ਸਟੇਸ਼ਨ ਅਤੇ ਆਈਸੀਪੀ ਅਟਾਰੀ ਦਾ ਨਾਂ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਨਾਂ ‘ਤੇ ਰੱਖਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ ਹੈ। ਨਰਾਇਣਗੜ੍ਹ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਦਿਹਾੜੇ ਮੌਕੇ ਕਰਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਸਿੱਖ ਜਰਨੈਲ ਦੇ ਆਦਮਕੱਦ ਬੁੱਤ ‘ਤੇ ਫੁੱਲ ਮਲਾਵਾਂ ਭੇਟ ਕੀਤੀਆਂ।
ਪਿੰਡ ਅਟਾਰੀ ਵਿਖੇ ਸ਼ਾਮ ਸਿੰਘ ਅਟਾਰੀਵਾਲਾ ਦੀ ਸਮਾਧ ‘ਤੇ ਅਖੰਡ ਪਾਠ ਦੇ ਭੋਗ ਵਿਚ ਮੁੱਖ ਮੰਤਰੀ ਸ਼ਾਮਲ ਹੋਏ ਅਤੇ ਭਾਰਤੀ ਫ਼ੌਜ ਵੱਲੋਂ ਦਿੱਤੇ ਵਿਜਯੰਤ ਟੈਂਕ ਨੂੰ ਸਥਾਪਤ ਕਰਨ ਦੀ ਰਸਮ ਨਿਭਾਈ। ਉਨ੍ਹਾਂ ਨੇ ਸ਼ਹੀਦ ਜਰਨੈਲ ਦੀ ਯਾਦ ਵਿਚ ਅਜਾਇਬਘਰ ਤੇ ਖੇਡ ਮੈਦਾਨ ਬਣਾਉਣ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਛੇਤੀ ਹੀ ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਕੰਪਲੈਕਸ ਵਿੱਚ ਮਿੱਗ ਜਹਾਜ਼ ਸਥਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹਦਾਇਤ ਕੀਤੀ ਹੈ ਕਿ ਉਹ ਸਰਦਾਰ ਅਟਾਰੀਵਾਲਾ ਦੀ ਜੀਵਨੀ ਨੂੰ ਪਾਠ ਪੁਸਤਕਾਂ ਵਿਚ ਸ਼ਾਮਲ ਕਰਨ, ਜਿਸ ਤੋਂ ਬੱਚੇ ਦੇਸ਼ਭਗਤੀ ਦੀ ਪ੍ਰੇਰਨਾ ਲੈ ਸਕਣ। ਉਨ੍ਹਾਂ ਦੱਸਿਆ ਕਿ ਇਹ ਲੇਖ ਸ਼ਾਮਲ ਕਰਨ ਲਈ ਐਨਸੀਈਆਰਟੀ ਨੂੰ ਵੀ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੱਖਿਆ ਮੰਤਰਾਲੇ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹਰ ਸਾਲ ਅਟਾਰੀ ਵਿੱਚ ਪੱਛਮੀ ਕਮਾਂਡ ਦੇ ਸਾਬਕਾ ਫ਼ੌਜੀਆਂ ਦੀ ਰੈਲੀ ਕਰਵਾਇਆ ਕਰਨ। ਉਨ੍ਹਾਂ ਦੱਸਿਆ ਕਿ ਅਟਾਰੀ ਵਿਚ ਹਰ ਸਾਲ ਲੱਖਾਂ ਸੈਲਾਨੀਆਂ ਦੀ ਆਮਦ ਦੇ ਮੱਦੇਨਜ਼ਰ ਇਸ ਪਿੰਡ ਨੂੰ ਵਾਈ-ਫਾਈ ਜ਼ੋਨ ਬਣਾਉਣ ਲਈ ਸੰਚਾਰ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਅਟਾਰੀ ਵਿਚ ਹਰ ਸਾਲ ਖੇਡ ਮੇਲਾ ਕਰਾਉਣ ਲਈ ਖੇਡ ਵਿਭਾਗ ਨੂੰ ਹਦਾਇਤ ਕੀਤੀ ਹੈ।
ਜਨਰਲ ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਟਰੱਸਟ ਵੱਲੋਂ ਕੀਤੀ ਮੰਗ ‘ਤੇ ਮੁੱਖ ਮੰਤਰੀ ਨੇ ਅਟਾਰੀ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਬਤੌਰ ਗਾਈਡ ਅਟਾਰੀ ਵਿਖੇ ਲਗਾਉਣ ਲਈ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਬੋਰਡ ਨੂੰ ਨਾਂ ਭੇਜਣ ਦੀ ਹਦਾਇਤ ਕੀਤੀ ਹੈ।
ਕਰਨਲ ਕੁਲਦੀਪ ਸਿੰਘ ਸਿੱਧੂ ਨੇ ਕਿਹਾ ਕਿ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਅਟਾਰੀ ਵਿਖੇ ਸਰਕਾਰੀ ਕਾਲਜ ਖੋਲ੍ਹਿਆ ਜਾਵੇ ਤਾਂ ਜੋ ਸਰਹੱਦੀ ਪਿੰਡਾਂ ਦੇ ਬੱਚੇ ਉਚੇਰੀ ਸਿੱਖਿਆ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ 1947 ਬਾਅਦ ਅਟਾਰੀ ਹਸਪਤਾਲ ਅਪਗ੍ਰੇਡ ਨਹੀਂ ਹੋਇਆ, ਜੋ ਮਹਿਜ਼ ਚਾਰ ਬੈੱਡ ਦੀ ਡਿਸਪੈਂਸਰੀਨੁਮਾ ਹੈ। ਉਨ੍ਹਾਂ ਮੰਗ ਕੀਤੀ ਕਿ ਅਟਾਰੀ ਵਿਖੇ ਸਿਵਲ ਹਸਪਤਾਲ ਖੋਲ੍ਹਿਆ ਜਾਵੇ ਤਾਂ ਜੋ ਅਟਾਰੀ ਦੇ ਆਸ-ਪਾਸ ਪੈਂਦੇ 20-25 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਸਰਹੱਦੀ ਖੇਤਰ ਦੇ ਪਿੰਡਾਂ ਦੇ ਨੌਜਵਾਨਾਂ ਲਈ ਵਿਸ਼ੇਸ਼ ਰੁਜ਼ਗਾਰ ਸਕੀਮ ਸ਼ੁਰੂ ਕਰਨ ਦੀ ਮੰਗ ਵੀ ਕੀਤੀ।
ਸਮਾਰੋਹ ‘ਚ ਖਾਲੀ ਕੁਰਸੀਆਂ ਦੇਖ ਕੈਪਟਨ ਨੇ ਨਹੀਂ ਦਿੱਤਾ ਭਾਸ਼ਣ
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਨੂੰ ਇੰਡੀਆ ਗੇਟ ‘ਤੇ ਬਣੇ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਦੇ ਬੁੱਤ ‘ਤੇ ਸ਼ਰਧਾਂਜਲੀ ਭੇਂਟ ਕਰਨ ਪੁੱਜੇ। ਦੇਖਣ ਵਾਲੀ ਗੱਲ ਇਹ ਰਹੀ ਕਿ ਜਦੋਂ ਕੈਪਟਨ ਨੇ ਦੇਖਿਆ ਕਿ ਸਮਾਰੋਹ ਵਿਚ ਕੁਰਸੀਆਂ ਖਾਲੀ ਪਈਆਂ ਹਨ ਅਤੇ ਉਨ੍ਹਾਂ ਦੇ ਸੰਬੋਧਨ ਨੂੰ ਸੁਣਨ ਵਾਲਾ ਕੋਈ ਨਹੀਂ ਹੈ ਤਾਂ ਉਹ ਬਿਨਾ ਸੰਬੋਧਨ ਕੀਤੇ ਹੀ ਉੱਥੋਂ ਚਲੇ ਗਏ। ਅਸਫਲ ਰਹੇ ਇਸ ਸਮਾਰੋਹ ਲਈ ਕਾਂਗਰਸੀ ਆਗੂਆਂ ਨੇ ਸਬੰਧਿਤ ਟਰੱਸਟ ‘ਤੇ ਦੋਸ਼ ਲਾਏ ਅਤੇ ਜਰਨੈਲ ਸਾਹਿਬ ਦੀ ਯਾਦਗਾਰ ਨੂੰ ਸਰਕਾਰੀ ਹੱਥਾਂ ਵਿਚ ਲੈਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਬਹਾਦਰ ਜਰਨੈਲਾਂ ਵਿਚੋਂ ਇਕ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਫਾਦਾਰ ਅਟਾਰੀਵਾਲਾ ਸਿੱਖ ਸਮਰਾਜ ਨੂੰ ਮਜ਼ਬੂਤ ਕਰਨ ਲਈ ਮਸ਼ਹੂਰ ਹਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …