ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਨੇ ਕੇਂਦਰੀ ਪੰਜਾਬੀ ਲੇਖਕ ਸਭਾ, ਸਾਹਿਤ ਅਕਾਡਮੀ ਲੁਧਿਆਣਾ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਇਕ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ।ਪ੍ਰਧਾਨਗੀ ਮੰਡਲ ਵਿਚ ਡਾ.ਸੁਖਦੇਵ ਸਿੰਘ ਸਿਰਸਾ, ਦਰਸ਼ਨ ਬੁੱਟਰ, ਡਾ.ਬਲਦੇਵ ਸਿੰਘ ਧਾਲੀਵਾਲ, ਸਿਰੀ ਰਾਮ ਅਰਸ਼, ਬਲਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਗਰੇਵਾਲ ਤੇ ਬਲਕਾਰ ਸਿੱਧੂ ਸ਼ਾਮਿਲ ਹੋਏ। ਸਭਾ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਵੱਲੋਂ ਰਸਮੀ ਧੰਨਵਾਦ ਤੋਂ ਬਾਅਦ ਸ਼ੁਸ਼ੀਲ ਦੁਸਾਂਝ ਨੇ ਕਵੀ ਨਾਲ ਜਾਣ ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਸੁਰਿੰਦਰ ਸੋਹਲ ਨੇ ਨਿਊਯਾਰਕ ਵਿਚ ਰਹਿੰਦਿਆਂ ਸਖਤ ਮਿਹਨਤ ਦੇ ਨਾਲ ਨਾਲ ਸਾਹਿਤ ਦੇ ਖੇਤਰ ਵਿਚ ਵੀ ਵੱਡਾ ਨਾਮ ਕਮਾਇਆ ਹੈ।
ਦਰਸ਼ਨ ਬੁੱਟਰ ਨੇ ਕਵੀ ਦੀ ਇਕ ਗ਼ਜ਼ਲ ਨੂੰ ਤਰੰਨੁਮ ਵਿਚ ਪੇਸ਼ ਕਰਨ ਦੇ ਨਾਲ-ਨਾਲ ਕਵੀ ਦੀ ਕਾਵਿ ਪ੍ਰਤਿਭਾ ਬਾਰੇ ਵਿਚਾਰ ਪੇਸ਼ ਕੀਤੇ। ਬਲਵਿੰਦਰ ਸੰਧੂ ਜੋ ਕਿ ਆਪ ਇਕ ਸ਼ਾਇਰ ਹਨ ਨੇ ਪਹਿਲਾ ਪਰਚਾ ਪ੍ਰਸਤੁਤ ਕਰਦਿਆਂ ਕਿਹਾ ਕਿ ਸੁਰਿੰਦਰ ਸੋਹਲ ਨੇ ਸਹਿਜ ਰੂਪ ਵਿਚ ਵੱਡੇ ਸਮਕਾਲੀ ਸਰੋਕਾਰਾਂ ਨੂੰ ਆਪਣੇ ਸ਼ੇਅਰਾਂ ਵਿਚ ਪ੍ਰਸਤੁਤ ਕੀਤਾ ਹੈ।ਨਾਮਵਰ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਆਪਣੇ ਪਰਚੇ ਵਿਚ ਵੱਖ ਵੱਖ ਸ਼ੇਅਰਾਂ ਨੂੰ ਡੀ ਕੋਡ ਕਰਕੇ ਵਿਸ਼ਵੀਕਰਨ ਦੇ ਮਾਰੂ ਪ੍ਰਭਾਵਾਂ ਦੇ ਚਲਦਿਆਂ ਡਰ, ਸਹਿਮ ਤੇ ਬੇਭੋਸਗੀ ਦੇ ਆਲਮ ਵਿਚ ਫਸੇ ਮਨੁੱਖ ਦੀ ਹੋਣੀ ਦਾ ਜ਼ਿਕਰ ਕੀਤਾ। ਜੈਨਿੰਦਰ ਚੌਹਾਨ ਨੇ ઠਸੁਰਿੰਦਰ ਸੋਹਲ ਦੇ ਸ਼ੇਅਰਾਂ ਵਿਚ ਗ਼ਜ਼ਲੀਅਤ ਦੀ ਪੁਖਤਗੀ ਨੂੰ ਹਲੰਤ ਦੀ ਢੁੱਕਵੀ ਵਰਤੋਂ ਦੇ ਹਵਾਲੇ ਨਾਲ ਦਰਸਾਇਆ। ਪ੍ਰਸਿੱਧ ਕਹਾਣੀਕਾਰ ਤੇ ਆਲੋਚਕ ਡਾ.ਬਲਦੇਵ ਸਿੰਘ ਧਾਲੀਵਾਲ ਨੇ ਕਵੀ ਦੀ ਸ਼ਾਇਰੀ ਵਿਚ ਹੋਂਦ ਦੇ ਮਸਲੇ ਵਿਚੋਂ ਪੈਦਾ ਹੋਏ ਸੂਖਮ ਅਹਿਸਾਸਾਂ ਨਾਲ ਜਾਣ ਪਛਾਣ ਕਰਵਾਈ।ਉਨ੍ਹਾਂ ਕਹਾਣੀ ਤੇ ਗ਼ਜ਼ਲ ਦੀ ਵਿਧਾ ਦੇ ਅੰਤਰ ਸਬੰਧਿਤ ਨੇਮਾਂ ਦੇ ਹਵਾਲੇ ਨਾਲ ਕਵੀ ਦੀ ਕਾਵਿ ਸ਼ਿਲਪ ਨੂੰ ਪ੍ਰਮਾਣਿਤ ਕੀਤਾ। ਡਾ.ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਮਕਾਲੀ ਦ੍ਰਿਸ਼ ਦੀ ਭਿਆਨਕਤਾ ਨੂੰ ਸੂਖਮ ਅੰਦਾਜ਼ ਵਿਚ ਪ੍ਰਤੁਤ ਕਰਦੀ ਇਹ ਸ਼ਾਇਰੀ ਭਵਿੱਖ ਪ੍ਰਤੀ ਇਕ ਆਸ ਦੀ ਕਿਰਨ ਵੀ ਦਿਖਾਉਂਦੀ ਹੈ।ਸਭਾ ਦੇ ਸਾਬਕਾ ਪ੍ਰਧਾਨ ਸਿਰੀ ਰਾਮ ਅਰਸ਼ ਨੇ ਧੰਨਵਾਦੀ ਸ਼ਬਦਾਂ ਦੇ ਨਾਲ ਨਾਲ ਕਵੀ ਦੀ ਸ਼ਾਇਰੀ ਨੂੰ ਤਗ਼ਜ਼ਲ ਦੀ ਰੰਗਤ ਵਿਚੋਂ ਸਮਝਿਆ। ਸਭਾ ਦੇ ਮੀਤ ਪ੍ਰਧਾਨ ਡਾ.ਗੁਰਮੇਲ ਸਿੰਘ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ઠ
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …