Breaking News
Home / Special Story / ਮੁੜ ਕਾਇਮ ਹੋਵੇਗੀ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ‘ਲੋਹਗੜ੍ਹ’ ਦੀ ਸ਼ਾਨ

ਮੁੜ ਕਾਇਮ ਹੋਵੇਗੀ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ‘ਲੋਹਗੜ੍ਹ’ ਦੀ ਸ਼ਾਨ

ਤਲਵਿੰਦਰ ਸਿੰਘ ਬੁੱਟਰ
‘ਲੋਹਗੜ੍ਹ’ (ਮੁਖ਼ਲਿਸਗੜ੍ਹ) ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਿਤ ਕੀਤੇ ਪਹਿਲੇ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਸੀ। ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ‘ਚ ਸ਼ਹਿਰ ਸਢੌਰੇ ਤੋਂ ਲਗਭਗ 20 ਕਿਲੋਮੀਟਰ ਦੀ ਵਿੱਥ ‘ਤੇ ਸਥਿਤ ਲੋਹਗੜ੍ਹ ਸਬੰਧੀ ਇਤਿਹਾਸਕਾਰ ਡਾ. ਗੰਡਾ ਸਿੰਘ ਆਪਣੀ ਖੋਜ ਵਿਚ ਲਿਖਦੇ ਹਨ, ‘ਮੁਖ਼ਲਿਸ-ਗੜ੍ਹ’ ਦਾ ਕਿਲ੍ਹਾ ਬਾਦਸ਼ਾਹ ਸ਼ਾਹ ਜਹਾਨ ਦੀ ਆਗਿਆ ਅਨੁਸਾਰ ਮੁਖ਼ਲਿਸ ਖ਼ਾਨ ਨੇ ਬਣਵਾਇਆ ਸੀ ਅਤੇ ਬਾਦਸ਼ਾਹ ਕਦੀ-ਕਦੀ ਇੱਥੇ ਗਰਮੀਆਂ ਕੱਟਣ ਆ ਜਾਂਦਾ ਸੀ। ਇਹ ਸਢੌਰੇ ਅਤੇ ਨਾਹਣ ਦੇ ਵਿਚਕਾਰ ਆਮੂਵਾਲ ਪਿੰਡ ਦੀ ਹੱਦ ਵਿਚ ਹਿਮਾਲਾ ਪਰਬਤ ਦੀਆਂ ਸਿੱਧੀਆਂ ਚੜ੍ਹਾਈਆਂ ਵਿਚ ਇਕ ਉਚੀ ਠੇਰੀ ਉੱਤੇ ਖੜ੍ਹਾ ਸੀ ਅਤੇ ਇੱਥੇ ਜਾਣ ਲਈ ਖੜਬੜ ਟਿੱਲਿਆਂ ਅਤੇ ਖੱਡਾਂ ਵਿਚੋਂ ਦੀ ਲੰਘਣਾ ਪੈਂਦਾ ਸੀ। ਇਸ ਦੇ ਦੋਹੀਂ ਪਾਸੀਂ ਪਾਮੂ ਅਤੇ ਡਸਕੇ ਵਾਲੀਆਂ ਦੋ ਖੱਡਾਂ ਸਨ, ਜੋ ਅਸਲ ਵਿਚ ਤਾਂ ਭਾਵੇਂ ਇਕ ਨਦੀ ਹੀ ਸੀ ਪਰ ਕਿਲ੍ਹੇ ਦੀ ਪਹਾੜੀ ਨੂੰ ਕਲਾਵੇ ਵਿਚ ਲੈਣ ਲਈ ਪਾਟੀ ਹੋਈ ਸੀ।
‘ਲੋਹਗੜ੍ਹ’ ਤੋਂ 20 ਕਿਲੋਮੀਟਰ ਦੂਰੀ ‘ਤੇ ਸਥਿਤ ਸਢੌਰਾ ਪੁਰਾਤਨ ਤੇ ਵੱਡਾ ਸ਼ਹਿਰ ਸੀ। ਇੱਥੋਂ ਦਾ ਹਾਕਮ ਉਸਮਾਨ ਖ਼ਾਨ ਬਹੁਤ ਜ਼ਾਲਮ ਅਤੇ ਤੁਅੱਸਬੀ ਸੀ। ਉਸਮਾਨ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਤੇ ਸਮਰਪਿਤ ਸਿੱਖ, ਪੀਰ ਬੁੱਧੂ ਸ਼ਾਹ ਅਤੇ ਉਸ ਦੇ ਪਰਿਵਾਰ ‘ਤੇ ਅਸਹਿ ਤੇ ਅਕਹਿ ਜ਼ੁਲਮ ਢਾਹੇ ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਉਸਮਾਨ ਖ਼ਾਨ ਦੇ ਜ਼ੁਲਮਾਂ ਤੋਂ ਇਲਾਕੇ ਦੇ ਲੋਕ ਬਹੁਤ ਦੁਖੀ ਸਨ ਕਿਉਂਕਿ ਉਹ ਗ਼ੈਰ-ਮੁਸਲਮਾਨਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਸੀ ਜਾਣ ਦਿੰਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਉਸਮਾਨ ਖ਼ਾਨ ਦੇ ਜ਼ੁਲਮਾਂ ਅਤੇ ਇੰਤਹਾਂ ਦੀ ਵਿਥਿਆ ਲੋਕਾਂ ਤੋਂ ਸੁਣੀ ਤਾਂ ਉਨ੍ਹਾਂ ਨੇ ਕਪੂਰੀ ਦੀ ਜਿੱਤ ਤੋਂ ਬਾਅਦ ਸਢੌਰੇ ਵੱਲ ਕੂਚ ਕੀਤਾ। ਸਿੰਘਾਂ ਦੀ ਫ਼ੌਜ ਨੇ ਬੜੀ ਬਹਾਦਰੀ ਨਾਲ ਕਿਲ੍ਹੇ ਨੂੰ ਫ਼ਤਹਿ ਕੀਤਾ ਅਤੇ ਇਸ ਨੂੰ ਧਰਤੀ ਵਿਚ ਮਿਲਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਲ੍ਹੇ ਦੇ ਸਾਹਮਣੇ ਮੈਦਾਨ ਵਿਚ ਆਪਣੇ ਹੱਥਾਂ ਨਾਲ ਲੱਕੜ ਦੇ ਨਿਸ਼ਾਨ ਸਾਹਿਬ ਦੀ ਸਥਾਪਤੀ ਕੀਤੀ, ਜੋ ਅੱਜ ਵੀ ਕਿਲ੍ਹੇ ਦੀ ਖੱਬੀ ਬਾਹੀ ਵੱਲ ਸਥਿਤ ਹੈ।ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਲੱਕੜ ਦਾ ਇਹ ਨਿਸ਼ਾਨ ਸਾਹਿਬ ‘ਲੋਹਗੜ੍ਹ’ ਤੋਂ ਆਪਣੇ ਮੋਢੇ ਉਪਰ ਚੁੱਕ ਕੇ ਲਿਆਏ ਸਨ।
ਚੰਡੀਗੜ੍ਹ ਤੋਂ ਵਾਇਆ ਨਾਰਾਇਣਗੜ੍ਹ ਜਾਈਏ ਤਾਂ ਸਢੌਰੇ ਤੋਂ ਅਗਲਾ ਸ਼ਹਿਰ ਬਿਲਾਸਪੁਰ ਹੈ ਅਤੇ ਬਿਲਾਸਪੁਰ ਤੋਂ ਅੱਗੇ ਛੋਟਾ ਜਿਹਾ ਕਸਬਾ ਰਣਜੀਤਪੁਰਾ। ‘ਲੋਹਗੜ੍ਹ’ ਨੂੰ ਜਾਣ ਲਈ ਬੱਸ ਦਾ ਸਫਰ ਇੱਥੇ ਆ ਕੇ ਖ਼ਤਮ ਹੋ ਜਾਂਦਾ ਹੈ। ਇਸ ਤੋਂ ਅੱਗੇ 6 ਕਿਲੋਮੀਟਰ ਦਾ ਸਫਰ ਹੈ ਪਰ ਅੱਗੇ ਕੋਈ ਬੱਸ ਜਾਂ ਹੋਰ ਜਨਤਕ ਵਹੀਕਲ ਨਹੀਂ ਜਾਂਦਾ। ਰਣਜੀਤਪੁਰਾ ਤੋਂ ਅਗਲਾ ਪਿੰਡ ਭਗਵਾਨਪੁਰ ਹੈ। ਕੱਚੀ ਸੜਕ ਇੱਥੇ ਆ ਕੇ ਖ਼ਤਮ ਹੋ ਜਾਂਦੀ ਹੈ। ਭਗਵਾਨਪੁਰ ਇਕ ਚੋਅ ਦੇ ਕੰਢੇ ‘ਤੇ ਸਥਿਤ ਹੈ। ਇਸ ਤੋਂ ਅੱਗੇ ਪਹਾੜ, ਜੰਗਲ ਅਤੇ ਨਦੀ ਦਾ ਰਾਹ ਸ਼ੁਰੂ ਹੋ ਜਾਂਦਾ ਹੈ। ਨਦੀ ‘ਤੇ ਕੋਈ ਪੁਲ ਨਹੀਂ ਹੈ ਅਤੇ ਇਹ ਲਗਭਗ ਤਿੰਨ-ਚਾਰ ਕਿਲੋਮੀਟਰ ਦਾ ਰਸਤਾ ਬਹੁਤ ਅਸਹਿਜ, ਔਕੜਾਂ ਭਰਿਆ ਅਤੇ ਬੇਤਰਤੀਬਾ ਹੈ। ਇਸ ਰਸਤੇ ਰਾਹੀਂ ਲੰਘਦਿਆਂ ਉਸ ਕਾਲ ਦੇ ਬਿੰਬ ਮਨ ਵਿਚ ਉਕਰਨ ਲੱਗਦੇ ਹਨ, ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸ ਦ੍ਰਿਸ਼ਟੀ ਨਾਲ ਮੁਖ਼ਲਿਸ-ਗੜ੍ਹ ਨੂੰ ਖ਼ਾਲਸਾ ਰਾਜ ਦੀ ਰਾਜਧਾਨੀ ਬਣਾਉਣ ਲਈ ਚੁਣਿਆ ਸੀ। ਨਦੀ ਜੋ ਕਿ, ਲੋਹਗੜ੍ਹ ਵਲੋਂ ਹੀ ਆਉਂਦੀ ਹੈ, ਨੂੰ ਪਾਰ ਕਰਕੇ ਅੱਗੇ ਉੱਚੀ ਸਾਰੀ ਪਹਾੜੀ ਉੱਪਰ ਮੈਦਾਨ ਆਉਂਦਾ ਹੈ, ਜਿਸ ਵਿਚ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਜਿਸ ਪਹਾੜੀ ‘ਤੇ ‘ਲੋਹਗੜ੍ਹ’ ਦਾ ਕਿਲ੍ਹਾ ਸੀ, ਉਸ ਦੀ ਜੜ੍ਹ ਵਿਚ ਹੁਣ ਛੋਟਾ ਜਿਹਾ ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਸੁਸ਼ੋਭਿਤ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਚਲਾਇਆ ਜਾ ਰਿਹਾ ਹੈ।
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖ਼ਲਿਸਗੜ੍ਹ ਕਿਲ੍ਹੇ ਨੂੰ ਫ਼ਤਹਿ ਕੀਤਾ ਤਾਂ ਇਸ ਦਾ ਨਾਂਅ ਕਿਲ੍ਹਾ ਲੋਹਗੜ੍ਹ ਰੱਖ ਦਿੱਤਾ। ਉਨ੍ਹਾਂ ਨੇ ਪਹਿਲਾਂ ਸਰਹੰਦ ਨੂੰ ਖ਼ਾਲਸਾ ਰਾਜ ਦੀ ਰਾਜਧਾਨੀ ਬਣਾਉਣ ਦੀ ਵਿਚਾਰ ਕੀਤੀ ਪਰ ਇਹ ਕੌਮੀ ਸ਼ਾਹ ਰਾਹ ‘ਤੇ ਹੋਣ ਕਾਰਨ ਸੁਰੱਖਿਆ ਦ੍ਰਿਸ਼ਟੀ ਪੱਖੋਂ ਬਾਦਸ਼ਾਹੀ ਫ਼ੌਜਾਂ ਦੀ ਮਾਰ ਹੇਠ ਸੀ। ਇਸ ਲਈ ਭੂਗੋਲਿਕ ਤੌਰ ‘ਤੇ ਸੁਰੱਖਿਆ ਦ੍ਰਿਸ਼ਟੀ ਪੱਖੋਂ ਖ਼ਾਲਸਾ ਰਾਜ ਦੀ ਰਾਜਧਾਨੀ ਲਈ ਮੁਖ਼ਲਿਸਗੜ੍ਹ ਦੇ ਕਿਲ੍ਹੇ ਨੂੰ ਚੁਣਿਆ, ਜੋ ਉਸ ਵੇਲੇ ਖ਼ਸਤਾ ਹਾਲਤ ਵਿਚ ਸੀ। ਬਾਬਾ ਬੰਦਾ ਸਿੰਘ ਨੇ ਇਸ ਕਿਲ੍ਹੇ ਦੀ ਮੁਰੰਮਤ ਕਰਵਾਈ ਅਤੇ ਇਸ ਦਾ ਨਾਂਅ ‘ਲੋਹਗੜ੍ਹ’ ਰੱਖਿਆ। ਸ਼ਬਦੀ ਅਰਥਾਂ ਮੁਤਾਬਕ ‘ਲੋਹਗੜ੍ਹ’ ਦਾ ਭਾਵ ਲੋਹੇ ਦੇ ਮਜ਼ਬੂਤ ਅਤੇ ਬੇਜੋੜ ਕਿਲ੍ਹੇ ਤੋਂ ਹੈ। ਸਿੱਖ ਪਰੰਪਰਾ ਵਿਚ ‘ਲੋਹ’ ਜਾਂ ‘ਸਰਬਲੋਹ’ ਨੂੰ ਅਕਾਲ ਪੁਰਖ ਅਤੇ ਅਟੁੱਟ ਜਾਂ ਮਜ਼ਬੂਤ ਕਿਲ੍ਹੇਬੰਦੀ ਵਜੋਂ ਵੀ ਵਰਤਿਆ ਗਿਆ ਹੈ। ਸ਼ਾਇਦ ਇਸੇ ਉੱਚੇ ਤੇ ਬੁਲੰਦ ਮਨੋਬਲ ਨੂੰ ਸਥਾਪਿਤ ਕਰਨ ਲਈ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਦਾ ਨਾਂਅ ‘ਲੋਹਗੜ੍ਹ’ ਰੱਖਿਆ। ਡਾ. ਰਤਨ ਸਿੰਘ ਜੱਗੀ ਅਨੁਸਾਰ ਸੰਨ 1710 ਈਸਵੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ‘ਮੁਖ਼ਲਿਸਗੜ੍ਹ’ ਨੂੰ ਆਪਣਾ ਨਿਵਾਸ ਬਣਾਉਣ ਵੇਲੇ ਉਸ ਦਾ ਨਾਂਅ ‘ਲੋਹਗੜ੍ਹ’ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਮੁਹਿੰਮਾਂ ਦੌਰਾਨ ਬਾਦਸ਼ਾਹ ਬਹਾਦਰ ਸ਼ਾਹ ਨੂੰ ਖ਼ਤ ਰਾਹੀਂ ਭੇਜੀਆਂ ਜਾਣ ਵਾਲੀਆਂ ਖ਼ਬਰਾਂ ‘ਅਖ਼ਬਾਰ-ਏ-ਦਰਬਾਰ-ਏ-ਮੁਅਲਾ’ ਅਨੁਸਾਰ 14 ਨਵੰਬਰ 1710 ਨੂੰ ਭਗਵਤੀ ਦਾਸ ਹਰਕਾਰੇ ਨੇ ਬਾਦਸ਼ਾਹ ਕੋਲ ਜਿਹੜੀ ਖ਼ਬਰ ਭੇਜੀ, ਉਸ ਵਿਚ ਇਸ ਸਥਾਨ ਸਬੰਧੀ ਲਿਖਿਆ ਸੀ ਕਿ ਬਾਗ਼ੀ ਗੁਰੂ (ਬੰਦਾ ਸਿੰਘ) ਦਾਬੜ ਵਿਖੇ ਮੌਜੂਦ ਹੈ ਅਤੇ ਸਿੱਖਾਂ ਨੇ ਇਸ ਅਸਥਾਨ ਦੇ ਨੇੜੇ ਇਕ ਡੂੰਘੀ ਖਾਈ ਪੁੱਟ ਲਈ ਹੈ। ਉਹ ਲੜਣ ਦੀ ਇੱਛਾ ਰੱਖਦੇ ਹਨ। ਇਸੇ ਤਰ੍ਹਾਂ 21 ਨਵੰਬਰ 1710 ਨੂੰ ਹਰਕਾਰੇ ਨੇ ਬਾਦਸ਼ਾਹ ਨੂੰ ਦੱਸਿਆ ਕਿ ਬਾਗ਼ੀ ਗੁਰੂ (ਬੰਦਾ ਸਿੰਘ) ਦੇ ਤਿੰਨ ਹਜ਼ਾਰ ਘੋੜ ਸਵਾਰ ਸਢੌਰੇ ਤੋਂ ਦੋ ਕੋਹ ਦੀ ਦੂਰੀ ‘ਤੇ ਦੂਜੇ ਪਾਸੇ ਇਕ ਤਲਾਅ ਦੇ ਕੰਢੇ ‘ਤੇ ਡੇਰਾ ਲਾਈ ਬੈਠੇ ਹਨ।
‘ਤਵਾਰੀਖ਼ ਗੁਰੂ ਖ਼ਾਲਸਾ’ ਵਿਚ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਏਸ ਲੋਹਗੜ੍ਹ ਦੇ ਚੁਫ਼ੇਰੇ ਦੀ ਸ਼ਿਕਾਰਗਾਹ ਦਸ-ਦਸ ਪੰਦਰਾਂ-ਪੰਦਰਾਂ ਕੋਹ ਪਹਾੜੀਆਂ ਝਾੜੀਆਂ ਬਹੁਤ ਸਨ, ਸਢੌਰੇ ਵਲੋਂ ਪੰਜ ਛੀ ਕੋਹ ਪਹਾੜ ਵੰਨੀ ਇਕ ਉਚੇ ਟਿੱਬੇ ਪਰ ਪੰਮੂ ਪਿੰਡ ਦੇ ਪਾਸ ਕਿਲ੍ਹਾ ਲੋਹਗੜ੍ਹ ਹੈ, ਜੋ ਸ਼ਾਹਜਹਾਂ ਦੇ ਸਮੇਂ ਮੁਖ਼ਲਸ ਖ਼ਾਂ ਸੂਬੇਦਾਰ ਸਰਹੰਦ ਨੇ ਬਣਵਾਇਆ ਸੀ, ਓਸਦੇ ਦੋਹੀਂ ਪਾਸੀਂ ਦੋ ਖੱਡਾਂ ਪਹਾੜੀ ਪਾਣੀ ਦੀਆਂ ਵਗਦੀਆਂ ਰਹਿੰਦੀਆਂ ਹਨ, ਕਿਲ੍ਹੇ ਦੇ ਆਸ ਪਾਸ ਉਚੇ ਪਹਾੜ ਬਹੁਤੇ ਸਨ। ਭਾਵੇਂ ਹੁਣ ਤਾਂ ਓਸ ਕਿਲ੍ਹੇ ਨੂੰ ਲੋਕਾਂ ਨੇ ਖੋਲਾ ਜੇਹਾ ਵੀ ਨਹੀਂ ਛੱਡਿਆ ਸਭ ਮਲਬਾ ਲੈ ਗਏ ਹਨ।
ਖ਼ਾਲਸਾ ਰਾਜ ਦੀ ਰਾਜਧਾਨੀ ‘ਲੋਹਗੜ੍ਹ’ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਖ਼ਜ਼ਾਨਾ, ਮਾਲ-ਅਸਬਾਬ, ਜੰਗੀ ਸਾਮਾਨ ਅਤੇ ਜਿੱਤੇ ਹੋਏ ਇਲਾਕਿਆਂ ਤੋਂ ਉਗਰਾਹੇ ਮਾਮਲੇ ਜਮ੍ਹਾਂ ਕੀਤੇ ਸਨ। ਰਾਜ ਦੀ ਸਦੀਵੀ ਹੋਂਦ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ‘ਲੋਹਗੜ੍ਹ’ ਤੋਂ ਹੀ ਸਿੱਕਾ ਚਾਲੂ ਕੀਤਾ ਤੇ ਰਾਜ ਦੀ ਮੋਹਰ ਬਣਾਈ, ਪਰ ਇਹ ਮੋਹਰ ਉਸ ਨੇ ਆਪਣੇ ਨਾਂਅ ਦੀ ਨਹੀਂ, ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ‘ਤੇ ਚਲਾਏ ਸਿੱਕੇ ਦੇ ਫ਼ਾਰਸੀ ਸ਼ਬਦ ਸਨ:
”ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ।
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ।”
ਭਾਵ; ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਜੀ। ਫ਼ਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ।
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮੋਹਰਾਂ ‘ਤੇ ਲਿਖੇ ਇਹ ਸ਼ਬਦ ਸਨ:
”ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ।
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।”
ਭਾਵ; ਦੇਗ਼, ਤੇਗ਼, ਜਿੱਤ, ਸੇਵ ਨਿਰਾਲਮ ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।
ਉਧਰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਪਤਾ ਲੱਗਾ ਤਾਂ ਉਸ ਨੇ ਬਹੁਤ ਸਾਰੀ ਫ਼ੌਜ ਇਕੱਠੀ ਕਰਕੇ ਪੰਜਾਬ ਵੱਲ ਕੂਚ ਕੀਤਾ। ਉਸ ਦੇ 16 ਹਜ਼ਾਰ ਘੋੜ ਸਵਾਰ ਅਤੇ ਪੈਦਲ ਫ਼ੌਜੀਆਂ ਨੇ ਕਈ ਮਹੀਨੇ ‘ਲੋਹਗੜ੍ਹ’ ਦੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ, ਪਰ ਕਿਲ੍ਹੇ ‘ਤੇ ਕਬਜ਼ਾ ਨਾ ਹੋ ਸਕਿਆ। ਡਾ. ਰਤਨ ਸਿੰਘ ਜੱਗੀ ਅਨੁਸਾਰ, ‘ਲੰਬੀ ਘੇਰਾਬੰਦੀ ਤੋਂ ਤੰਗ ਆ ਕੇ 10 ਦਸੰਬਰ 1710 ਈਸਵੀ ਨੂੰ ਬੰਦਾ ਬਹਾਦਰ ਕਿਲ੍ਹੇ ਵਿਚੋਂ ਪਹਾੜ ਵੱਲ ਨਿਕਲਣ ਵਿਚ ਸਫਲ ਹੋ ਗਿਆ।’ ਮੁਗ਼ਲ ਫ਼ੌਜ ਨੇ ਮਗਰੋਂ ਕਿਲ੍ਹੇ ਨੂੰ ਪੂਰੀ ਤਰ੍ਹਾਂ ਨੇਸਤੋ-ਨਾਬੂਦ ਕਰ ਦਿਤਾ, ਕਿਉਂਕਿ ਮੁਗ਼ਲਾਂ ਦਾ ਵਿਸ਼ਵਾਸ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੋਂ ਲੁੱਟਿਆ ਖਜ਼ਾਨਾ ਲੋਹਗੜ੍ਹ ਦੇ ਕਿਲ੍ਹੇ ਵਿਚ ਲੁਕਾਇਆ ਹੋਇਆ ਹੈ। ਜੰਗਲ ਨੂੰ ਅੱਗ ਲਾ ਦਿੱਤੀ ਗਈ। ਇਤਿਹਾਸ ਦੇ ਪੱਤਰੇ ਸੜ ਕੇ ਸੁਆਹ ਹੋ ਗਏ।
ਭਾਵੇਂਕਿ ਅੱਜ ‘ਲੋਹਗੜ੍ਹ’ ਦੇ ਕਿਲ੍ਹੇ ਦੀ ਹੋਂਦ ਮੌਜੂਦ ਨਹੀਂ ਹੈ ਪਰ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਦੇ ਕੁਝ ਕੁ ਨਿਸ਼ਾਨ ਅੱਜ ਵੀ ਇੱਥੇ ਮਿਲਦੇ ਹਨ, ਜਿਨ੍ਹਾਂ ਵਿਚ ਲੰਬਾ-ਚੌੜਾ ਚੁੱਲ੍ਹਾ ਨੁਮਾ ਸਥਾਨ ਹੈ। ਮੁਕਾਮੀ ਲੋਕਾਂ ਦਾ ਵਿਸ਼ਵਾਸ ਹੈ ਕਿ ਇੱਥੇ ਸਿੰਘ ਲੰਗਰ ਪਕਾਉਂਦੇ ਸਨ। ਇੱਥੇ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਮੁਕਾਮੀ ਲੋਕ ਦੱਸਦੇ ਹਨ ਕਿ ਅੱਜ ਵੀ ਕਦੇ-ਕਦਾਈਂ ਖੁਦਾਈ ਕਰਨ ਵਾਲਿਆਂ ਜਾਂ ਭੇਡਾਂ-ਬੱਕਰੀਆਂ ਚਾਰਨ ਵਾਲਿਆਂ ਨੂੰ ਖ਼ਾਲਸਾ ਰਾਜ ਦੇ ਸਿੱਕੇ ਮਿਲ ਜਾਂਦੇ ਹਨ।
ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਸਾਲ 2002-03 ਦੌਰਾਨ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਤਿਹਾਸਕ ਮਤਾ ਪਾਸ ਕੀਤਾ ਸੀ, ਜਿਸ ਨੂੰ ਅਮਲ ਵਿਚ ਲਿਆਉਂਦਿਆਂ ਬੀਤੀ 21 ਨਵੰਬਰ ਨੂੰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਹੀ ਸ਼੍ਰੋਮਣੀ ਕਮੇਟੀ ਨੇ ਲੋਹਗੜ੍ਹ ਦੇ ਸਥਾਨ ‘ਤੇ ਮੁੱਲ ਖਰੀਦੀ ਹੋਈ 10 ਏਕੜ ਜ਼ਮੀਨ ਵਿਚ ਪੁਰਾਤਨ ਦਿੱਖ ਵਿਚ ਕਿਲ੍ਹਾ ਲੋਹਗੜ੍ਹ ਅਤੇ ਇਸ ਦੇ ਅੰਦਰੂਨੀ ਹਿੱਸੇ ਵਿਚ ਸੁੰਦਰ ਦਰਬਾਰ ਸਾਹਿਬ ਦੀ ਉਸਾਰੀ ਲਈ ਨੀਂਹ-ਪੱਥਰ ਰੱਖ ਕੇ ਇਸ ਦੀ ਕਾਰ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਵਰੋਸਾਏ ਬਾਬਾ ਬਚਨ ਸਿੰਘ-ਬਾਬਾ ਸੁੱਖਾ ਸਿੰਘ ਕਰਨਾਲ ਨੂੰ ਸੌਂਪੀ ਹੈ। ਨਿਰਸੰਦੇਹ ਕਿਲ੍ਹਾ ਲੋਹਗੜ੍ਹ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਹੋਣ ਕਾਰਨ ਸਿੱਖ ਇਤਿਹਾਸ ਦੀ ਅਨਮੋਲ ਵਿਰਾਸਤ ਹੈ ਅਤੇ ਇਸ ਦੀ ਸ਼ਾਨ ਨੂੰ ਮੁੜ ਉਭਾਰਨ ਲਈ ਯਤਨ ਇਕ ਇਤਿਹਾਸਕ ਕਾਰਜ ਵੀ ਹੈ। ਇਸ ਦੇ ਨਾਲ ਇਹ ਅਸਥਾਨ ਮੁਗ਼ਲ ਕਾਲ ਦੌਰਾਨ ਸਿੱਖਾਂ ਦੀ ਯੁੱਧਨੀਤਕ ਰਣਨੀਤੀ ਤੇ ਸੁਰੱਖਿਆ ਦ੍ਰਿਸ਼ਟੀ ਪੱਖੋਂ ਦੂਰਅੰਦੇਸ਼ੀ ਨੂੰ ਸਮਝਣ ਲਈ ਵੀ ਖੋਜ ਦਾ ਵਿਸ਼ਾ ਹੈ।ੲੲੲ

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …