ਹਰਪ੍ਰੀਤ ਸੇਖਾ ਦਾ ਤਾਜ਼ਾ ਕਹਾਣੀ ਸੰਗ੍ਰਹਿ ‘ਲੂਣਦਾਨੀ’ ਪੜ੍ਹ ਕੇ ਹਟੀ ਹਾਂ। ਪੜ੍ਹਨਾ ਸ਼ੁਰੂ ਕਰਨ ਸਾਰ ਹੀ ਮਨ ਵਿਚ ਸੀ ਕਿ ‘ਲੂਣਦਾਨੀ’ ਸਿਰਲੇਖ ਵਾਲੀ ਕਹਾਣੀ ਸਭ ਤੋਂ ਪਹਿਲਾਂ ਪੜ੍ਹਾਂਗੀ, ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਆਮ ਕਰਕੇ ਕਹਾਣੀਕਾਰ ਸਭ ਤੋਂ ਵੱਧ ਮਹੱਤਵਪੂਰਨ ਕਹਾਣੀ ਦੇ ਸਿਰਲੇਖ ‘ਤੇ ਹੀ ਆਪਣੀ ਕਿਤਾਬ ਦਾ ਸਿਰਲੇਖ ਲਿਖ ਦਿੰਦੇ ਹਨ। ਤਤਕਰਾ ਦੇਖਿਆ ਤਾਂ 9 ਕਹਾਣੀਆਂ ਵਿੱਚੋਂ ‘ਲੂਣਦਾਨੀ’ ਕਿਤੇ ਵੀ ਨਹੀਂ ਸੀ। ਫਿਰ ਤਸੱਲੀ ਨਾਲ ਇੱਕ-ਇੱਕ ਕਹਾਣੀ ਪੜ੍ਹਨੀ ਸ਼ੁਰੂ ਕੀਤੀ੩ਖਤਮ ਕੀਤੀ ‘ਲੂਣਦਾਨੀ’ ਦਾ ਤਾਂ ਕਿਤੇ ਜ਼ਿਕਰ ਤੱਕ ਨਹੀਂ ਸੀ.. ਕਿਤਾਬ ਦਾ ਟਾਈਟਲ ਗ਼ੌਰ ਨਾਲ ਦੇਖਿਆ ‘ਲੂਣਦਾਨੀ’ ਮਿਲ ਗਈ੩੩… ਫਿਰ ਸੋਚਾਂ ਕਿ ਅਸੀਂ ਟਾਈਟਲ ਨੂੰ ਏਨਾ ਹਲਕੇ ਵਿਚ ਕਿਉਂ ਲੈ ਲੈਂਨੇ ਹਾਂ। ਆਪਣੇ ਘਰ ਦੀ ‘ਲੂਣਦਾਨੀ’ ਕਦੇ ਖੋਲ੍ਹ ਕੇ ਦੇਖਦੇ ਹਾਂ ਤਾਂ ਲੂਣ-ਮਿਰਚ-ਮਸਾਲਿਆਂ ਦੀਆਂ ਆਪੋ-ਆਪਣੀਆਂ ਡੱਬੀਆਂ ‘ਚੋਂ ਬਾਹਰ ਡੁੱਲ੍ਹ-ਡੁੱਲ੍ਹ ਕੇ ਬਹੁਤ ਕੁਝ ਪਿਆ ਹੁੰਦਾ੩ … ਖਿਲਰਿਆ ਹੁੰਦਾ… ਉਹ ਅਸੀ ਜਾਣ-ਬੁੱਝ ਕੇ ਨਹੀਂ ਕਰਦੇ ਹੁੰਦੇ….ਕਦੀ ਸਾਡੀ ਅਣਗਹਿਲੀ ਨਾਲ ਹੋ ਜਾਂਦਾ… ਕਦੀ ਬਹੁਤ ਸਾਵਧਾਨ ਰਹਿਣ ਦੇ ਬਾਵਜੂਦ ਹੋ ਹੀ ਜਾਂਦਾ। ਪਰ ਉਹ ਅਜਿਹਾ ਮਿਸ਼ਰਣ ਬਣ ਜਾਂਦਾ ਕਿ ਉਸ ਨੂੰ ਅੱਡ ਅੱਡ ਕਰਨਾ ਅਸੰਭਵ ਹੁੰਦਾ….ਕਈ ਲੋਕ ਉਸ ਮਿਸ਼ਰਣ ਨੂੰ ਬੜੀ ਸਿਆਣਪ ਨਾਲ ਵਰਤ ਲੈਂਦੇ ਹਨ… ਤੇ ਕਈਆਂ ਨੂੰ ਲਗਦਾ ਹੁੰਦਾ ਕਿ ਇਸ ਨੂੰ ਕੂੜੇ ‘ਚ ਸੁੱਟਣ ਜਾਂ ‘ਸਿੰਕ’ ਵਿਚ ਰੋੜ੍ਹ ਦੇਣ ਤੋਂ ਬਿਨਾ ਕੋਈ ਚਾਰਾ ਨਹੀਂ ਹੈ। ਖ਼ੈਰ ਲੂਣਦਾਨੀ ਨੂੰ ਸਮੇਂ ਸਮੇਂ ‘ਤੇ ਸਾਫ਼ ਕਰਨਾ ਪੈਂਦਾ…ਨਹੀਂ ਤਾਂ ਉਸ ਵਿਚ ਪਿਆ ਖਿਲਾਰਾ ਤੁਹਾਨੂੰ ਤੰਗ ਕਰਦਾ… ਪਰੇਸ਼ਾਨ ਕਰਦਾ। ਹਰਪ੍ਰੀਤ ਸੇਖਾ ਦੀ ‘ਲੂਣਦਾਨੀ’ ਵਿਚ ਪਈਆਂ ਕਹਾਣੀਆਂ ਸਾਡੇ ਰਿਸ਼ਤਿਆਂ ਦੀ ਲੂਣਦਾਨੀ ਦੀ ਤਸਵੀਰ ਪੇਸ਼ ਕਰ ਰਹੀਆ ਹਨ, ਉਹ ਰਿਸ਼ਤੇ ਜਦ ਆਪੋ-ਆਪਣੀਆਂ ਡੱਬੀਆਂ ਵਿਚ ਹੁੰਦੇ ਹਨ….ਕਿੰਨੇ ਸਾਫ਼ ਸੁੱਥਰੇ ਹੁੰਦੇ ਹਨ…. ਬਹੁਤ ਪਿਆਰੇ… ਸੁਰੱਖਿਅਤ… ਅਤੇ ਖ਼ੂਬਸੂਰਤ ਲੱਗਦੇ ਹਨ, ਸੁਆਦਲ਼ੇ ਪ੍ਰਤੀਤ ਹੁੰਦੇ ਹਨ। ਪਰ ਜਦੋਂ ਡੋਲਦੇ ਹਨ… ਡੁੱਲ ਜਾਂਦੇ ਹਨ… ਡੋਲ ਜਾਂਦੇ ਹਨ …ਜਾਂ ਡੁੱਲ੍ਹ ਜਾਂਦੇ ਹਨ ਤਾਂ ਉਹ ਤੁਹਾਨੂੰ ਡੋਬ ਦਿੰਦੇ ਨੇ…ਜਾਂ ਤੁਸੀਂ ਉਨ੍ਹਾਂ ਨੂੰ ਡੋਬ ਦਿੰਦੇ ਹੋ …..ਜਾਂ ਉਹ ਆਪੇ ਡੁੱਬ-ਮਰ ਜਾਂਦੇ ਨੇ।
‘ਉਹ ਰਾਤ’, ‘ਮੋਹਜਾਲ, ‘ਰੀਟ੍ਰੀਟ’, ‘ਗੁੰਮ ਪੰਨੇ’, ‘ਸਕੰਕ’, ਵਰਗੀਆਂ ਕਹਾਣੀਆਂ ਵਿੱਚ ਰਿਸ਼ਤਿਆਂ ਦੇ ਵੱਖ ਵੱਖ ਰੰਗ ‘ਲੂਣਦਾਨੀ’ ਵਿਚਲੇ ਰੰਗਾਂ ਵਰਗੇ ਹਨ। ਅਫ਼ਸੋਸ ਕਿ ਲੂਣਦਾਨੀ ਵਿਚਲੇ ਰੰਗਾਂ ਨੂੰ ਦੇਖ ਕੇ ਸਾਨੂੰ ਕਦੀ ਵੀ ਉਹ ਖ਼ੁਸ਼ੀ ਨਹੀਂ ਮਿਲਦੀ ਜਿਹੜੀ ‘ਸਤਰੰਗ’ ਜਾਂ ਸਤਰੰਗੀ ਪੀਂਘ ਦੇਖ ਕੇ ਮਹਿਸੂਸ ਹੁੰਦੀ ਹੈ। ਪਰ ਮੈਨੂੰ ‘ਲੂਣਦਾਨੀ’ ਵਿਚਲੀ ਕਹਾਣੀ ‘ਕਮੈਂਸਮੈਂਟ’ ਪੜ੍ਹਦਿਆਂ ਉਹ ‘ਸਤਰੰਗੀ ਪੀਂਘ’ ਦੇਖਣ ਵਾਲੀ ਖ਼ੁਸ਼ੀ ਵੀ ਹਾਸਲ ਹੋ ਗਈ। ਇਸ ਵਿੱਚ ਹਮਜਿਨਸੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦਰਮਿਆਨ ਰਿਸ਼ਤਿਆਂ ਦੇ ਰੰਗ ਦਾ ਜਿਹੜਾ ‘ਸ਼ੇਡ’ ਹਰਪ੍ਰੀਤ ਸੇਖਾ ਨੇ ਉਘਾੜਿਆ ਹੈ, ਉਹ ਦੇਖ ਕੇ ਆਸ ਬੱਝੀ ਹੈ ਕਿ ਅਸੀਂ ਇਨਸਾਨ ਬਣਨ ਦੀ ਰਾਹ ‘ਤੇ ਹਾਂ…. ਹੌਲੀ ਹੌਲੀ ਪੂਰੇ ਇਨਸਾਨ ਬਣ ਜਾਵਾਂਗੇ।
‘ਬੇਵਿਸਾਹੀ ਦੀ ਰੁੱਤ’, ‘ਮੋਹਜਾਲ’, ‘ਗੁੰਮ ਪੰਨੇ’, ‘ਕਮੈਂਸਮੈਂਟ’ ਅਤੇ ‘ਸਕੰਕ’ ਵਰਗੀਆਂ ਕਹਾਣੀਆਂ ਵਿੱਚ ਮੁੱਖ ਪਾਤਰ ਕੈਨੇਡੀਅਨ ਨੌਜਵਾਨ ਮੁੰਡੇ-ਕੁੜੀਆਂ ਹਨ। ਹਰਪ੍ਰੀਤ ਸੇਖਾ ਨੇ ਉਹਨਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮਨੋਦਸ਼ਾ ਨੂੰ ਬਹੁਤ ਡੂੰਘਾਈ ਨਾਲ ਪੜ੍ਹਨ ਅਤੇ ਫੜਨ ਦੀ ਕਾਮਯਾਬ ਕੋਸ਼ਿਸ਼ ਕੀਤੀ ਹੈ।
‘ਵਿਰਾਸਤ’ ਅਤੇ ‘ਵੀਡਜ਼’ ਕਹਾਣੀਆਂ ਕੈਨੇਡਾ ਵਿਚ ਕੰਮਾਂ ‘ਤੇ ਚਲਦੇ ਵਰਤਾਰਿਆਂ ਨਾਲ ਸੰਬੰਧਤ ਹਨ। ‘ਵੀਡਜ਼’ ਕਹਾਣੀ ਮੇਰੇ ਦਿਲ ‘ਤੇ ਡੂੰਘੀ ਛਪ ਗਈ ਹੈ, ਕਿਉਂ ਕਿ ਇਹ ਰੇਡੀਓ ਨਾਲ ਜੁੜੀ ਹੋਈ ਕਹਾਣੀ ਹੈ ਅਤੇ ਇਸ ਵਿਚਲਾ ਸਾਰਾ ਘਟਨਾਕ੍ਰਮ ਮੈਂ ਪਰਤੱਖ ਰੂਪ ਵਿਚ ਦੇਖ ਸਕਦੀ ਹਾਂ, ਮਹਿਸੂਸ ਕਰ ਸਕਦੀ ਹਾਂ ਕਿਉਂ ਕਿ ਮੈਨੂੰ ਰੇਡੀਓ ‘ਚ ਕੰਮ ਕਰਨ ਦਾ 27 ਸਾਲ ਦਾ ਤਜਰਬਾ ਹੋ ਚੁੱਕਾ ਹੈ ਅਤੇ ਇਸ ਤਜਰਬੇ ਵਿਚੋਂ 17 ਸਾਲ ਕੈਨੇਡਾ ਦੇ ਹਨ। ‘ਵੀਡਜ਼’ ਵਿਚ ਦਿਖਾਇਆ ਗਿਆ ਹੈ ਕਿ ਲੋਕ-ਹਿੱਤਾਂ ਲਈ ਕੰਮ ਕਰਨ ਦੇ ਚਾਹਵਾਨ ਰੇਡੀਓ ਮੇਜ਼ਬਾਨਾਂ/ ਨਿਊਜ਼ ਡਾਇਰੈਕਟਰਾਂ ਨੂੰ ਲੋਕ-ਹਿੱਤ ਅੱਖੋਂ ਓਹਲੇ ਕਰ ਕੇ ਕਿਵੇਂ ਰੇਡੀਓ ਮਾਲਕਾਂ-ਚਾਲਕਾਂ ਮੂਹਰੇ ਚੁੱਪ ਕਰਨਾ ਪੈਂਦਾ, ਜਦ ਕਿ ਸਰੋਤੇ ਉਨ੍ਹਾਂ ਦੀ ‘ਬੁਲੰਦ ਆਵਾਜ਼’ ਦਾ ਮਾਲਕ ਹੋਣ ਦਾ ਭੁਲੇਖਾ ਸਿਰਜੀ ਬੈਠੇ ਹੁੰਦੇ ਹਨ। ਰੇਡੀਓ ਦੇ ਮਾਲਕ-ਚਾਲਕ ਉਨ੍ਹਾਂ ਵਪਾਰਕ ਅਦਾਰਿਆਂ ਦੀਆਂ ਉਂਗਲਾਂ ‘ਤੇ ਨੱਚਦੇ ਹਨ, ਜਿਹੜੇ ਉਹਨਾਂ ਨੂੰ ਮਸ਼ਹੂਰੀਆਂ ਕਰਨ ਲਈ ਮੋਟੀਆਂ ਰਕਮਾਂ ਦੇ ਨਾਲ ਨਾਲ ਹੋਰ ‘ਲਾਹੇ’ ਵੀ ਵਾਧੂ ਹੀ ਦਿੰਦੇ ਹਨ।
ਕਮਿਊਨਿਟੀ ਦੇ ਨਾਂ ‘ਤੇ ਰੇਡੀਓਜ਼ ਲੈਣ ਅਤੇ ਚਲਾਉਣ ਵਾਲੇ ਨਾ ਸਿਰਫ਼ ਖ਼ੁਦ ਵਪਾਰੀਆਂ ਅਤੇ ਰਾਜਨੀਤਿਕ ਲੋਕਾਂ ਦੀ ਬੀਨ ‘ਤੇ ਮੇਲ਼੍ਹਦੇ ਹਨ, ਸਗੋਂ ਉਹ ਰੇਡੀਓ ਮੇਜ਼ਬਾਨਾਂ ਨੂੰ ਵੀ ਅਜਿਹਾ ਕਰਨ ਲਈ ਮਜਬੂਰ ਕਰਦੇ ਹਨ। ਇਹ ਕਹਾਣੀ ਉਨ੍ਹਾਂ ਮੀਡੀਆਕਾਰਾਂ ਅਤੇ ਸਰੋਤਿਆਂ-ਦਰਸ਼ਕਾਂ ਵਲੋਂ ਜ਼ਰੂਰ ਪੜ੍ਹੀ ਜਾਣੀ ਚਾਹੀਦੀ ਹੈ ਜਿਹੜੇ ਸ਼ੀਸ਼ਾ ਦੇਖਣ ਦੇ ਚਾਹਵਾਨ ਹਨ। ਹਰਪ੍ਰੀਤ ਸੇਖਾ ਬਹੁਤ ਸੰਵੇਦਨਸ਼ੀਲ ਕਹਾਣੀਕਾਰ ਹਨ। ਉਨ੍ਹਾਂ ਨੇ ਆਪਣੀਆਂ ਕਹਾਣੀਆਂ ਵਿੱਚ ਜਿੱਥੇ ਅਣਗਿਣਤ ਸਵਾਲ ਖੜ੍ਹੇ ਕੀਤੇ ਹਨ, ਉੱਥੇ ਸੰਕੇਤਕ ਰੂਪ ਵਿਚ ਕੁਝ ਜੁਆਬ ਵੀ ਪੇਸ਼ ਕੀਤੇ ਹਨ। ‘ਲੂਣਦਾਨੀ’ ਲਿਖਣ ਲਈ ਉਨ੍ਹਾਂ ਨੂੰ ਮੁਬਾਰਕਬਾਦ ਅਤੇ ਪੰਜਾਬੀ ਪਾਠਕਾਂ ਨੂੰ ਵੀ ਮੁਬਾਰਕਾਂ ਕਿਉਂ ਕਿ ਉਨ੍ਹਾਂ ਕੋਲ ਇੱਕ ਅਜਿਹੀ ਨਵੀਂ ਕਿਤਾਬ ਪੁੱਜ ਗਈ ਹੈ ਜਿਹੜੀ ਉਨ੍ਹਾਂ ਦੀ ਸੋਚ ਅਤੇ ਤਜਰਬੇ ਨੂੰ ਹੋਰ ਵਿਸ਼ਾਲ ਕਰੇਗੀ।
ਰਵਿਊ -ਨਵਜੋਤ ਢਿੱਲੋਂ ਵੈਨਕੂਵਰ