Breaking News
Home / ਪੰਜਾਬ / ਪੁਲਿਸ ਦੇ ਘੇਰੇ ਵਿਚ ਆਉਣ ‘ਤੇ ਤਿੰਨ ਗੈਂਗਸਟਰਾਂ ਨੇ ਕੀਤੀ ਖੁਦਕੁਸ਼ੀ

ਪੁਲਿਸ ਦੇ ਘੇਰੇ ਵਿਚ ਆਉਣ ‘ਤੇ ਤਿੰਨ ਗੈਂਗਸਟਰਾਂ ਨੇ ਕੀਤੀ ਖੁਦਕੁਸ਼ੀ

ਡੱਬਵਾਲੀ/ਬਿਊਰੋ ਨਿਊਜ਼
ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਵੱਲੋਂ ਮੰਗਲਵਾਰ ਤੜਕੇ ਪਿੰਡ ਸੁਖੇਰਾਖੇੜਾ ਦੀ ਢਾਣੀ ਨੇੜੇ ਕੀਤੀ ਸਾਂਝੀ ਕਾਰਵਾਈ ਦੌਰਾਨ ਘਿਰੇ ਪੰਜਾਬ ਦੇ ਤਿੰਨ ਗੈਂਗਸਟਰਾਂ ਨੇ ਖੁਦ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ। ਗੈਂਗਸਟਰਾਂ ਦੀ ਸ਼ਨਾਖਤ ਜਸਪ੍ਰੀਤ ਸਿੰਘ ‘ਜੰਪੀ’ ਉਰਫ਼ ‘ਜਿੰਮੀ ਡੌਨ’, ਕੰਵਲਜੀਤ ਸਿੰਘ ਉਰਫ਼ ਬੰਟੀ ਤੇ ਨਿਸ਼ਾਨ ਸਿੰਘ ਵਜੋਂ ਹੋਈ ਹੈ। ਜਸਪ੍ਰੀਤ ਤੇ ਕੰਵਲਜੀਤ ਢਾਣੀ ਵਿੱਚ ਬਣੇ ਮਕਾਨ ਦੀ ਛੱਤ ‘ਤੇ ਮ੍ਰਿਤਕ ਪਾਏ ਗਏ ਜਦੋਂਕਿ ਨਿਸ਼ਾਨ ਸਿੰਘ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜਿਆ।
ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ ਇਹ ਤਿੰਨੇ ਗੈਂਗਸਟਰ ਅੱਜ-ਕੱਲ੍ਹ ‘ਜਿੰਮੀ ਡੌਨ’ ਗੈਂਗ ਨਾਂ ਹੇਠ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਤਿੰਨੇ ਗੈਂਗਸਟਰਾਂ ਨੇ ਪੁਲਿਸ ਦਾ ਘੇਰਾ ਪੈਣ ਮਗਰੋਂ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਜਾਂ ਆਪਸ ਵਿਚ ਗੋਲੀ ਮਾਰ ਕੇ ਜਾਨ ਦੇ ਦਿੱਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਤਿੰਨੇ ਗੈਂਗਸਟਰ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ ਹਨ। ਪੁਲਿਸ ਨੇ ਮਕਾਨ ਮਾਲਕ ਨੌਜਵਾਨ ਸੁਖਪਾਲ ਸਿੰਘ ਤੇ ਉਸ ਦੀ ਮਾਤਾ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਤਿੰਨੇ ਗੈਂਗਸਟਰਾਂ ਖਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਕਤਲ, ਡਕੈਤੀ ਅਤੇ ਅਗਵਾ ਦੇ ਦਰਜਨ ਤੋਂ ਵੱਧ ਕੇਸ ਦਰਜ ਹਨ। ਚੌਟਾਲਾ ਵਿੱਚ ਵਾਪਰੇ ਦੋਹਰੇ ਕਤਲ ਵਿੱਚ ਇਸੇ ਗੈਂਗ ਦਾ ਹੱਥ ਸੀ। ਜਾਣਕਾਰੀ ਅਨੁਸਾਰ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਨਾਲ ਸਬੰਧਤ ਤਿੰਨੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਫਰੀਦਕੋਟ ਪੁਲਿਸ ਕਈ ਦਿਨਾਂ ਤੋਂ ਇਨ੍ਹਾਂ ਦੀ ਪੈੜ ਨੱਪ ਰਹੀ ਸੀ। ਪੁਲਿਸ ਨੂੰ ਸੂਹ ਮਿਲੀ ਸੀ ਕਿ ਤਿੰਨੇ ਗੈਂਗਸਟਰ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਢਾਣੀ ਸੁਖਪਾਲ ਸਿੰਘ (ਸੁਖੇਰਾਖੇੜਾ) ਪੁੱਜੇ ਹਨ। ਸੀਆਈਏ ਸਟਾਫ਼ ਫਰੀਦਕੋਟ ਦੇ ਮੁਖੀ ਅੰਮ੍ਰਿਤਪਾਲ ਸਿੰਘ ਭਾਟੀ ਅਤੇ ਚੌਟਾਲਾ ਚੌਕੀ ਦੇ ਮੁਖੀ ਸੁਖਜੀਤ ਸਿੰਘ ਦੀ ਅਗਵਾਈ ਹੇਠ 22 ਮੈਂਬਰੀ ਟੀਮ ਨੇ ਕਿਸਾਨ ਸੁਖਪਾਲ ਸਿੰਘ ਦੇ ਖੇਤ ਵਿਚਲੇ ਮਕਾਨ ਨੂੰ ਘੇਰ ਪਾ ਲਿਆ। ਪੁਲਿਸ ਵੱਲੋਂ ਦਿੱਤੀ ਚੇਤਾਵਨੀ ਦੇ ਬਾਵਜੂਦ ਗੈਂਗਸਟਰਾਂ ਨੇ ਮਕਾਨ ਉੱਪਰੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ। ਫਾਇਰਿੰਗ ਰੁਕਣ ‘ਤੇ ਮਕਾਨ ਉੱਪਰੋਂ ਗੋਲੀਆਂ ਚੱਲਣ ਦੀ ਆਵਾਜ਼ ਆਈ। ਪੁਲਿਸ ਨੇ ਜਦੋਂ ਮਕਾਨ ਉੱਪਰ ਜਾ ਕੇ ਵੇਖਿਆ ਤਾਂ ਜਸਪ੍ਰੀਤ ਸਿੰਘ ਜਿੰਮੀ ਵਾਸੀ ਰੋੜੀ ਕਪੂਰਾ ਅਤੇ ਕੰਵਲਜੀਤ ਸਿੰਘ ਉਰਫ਼ ਬੰਟੀ ਵਾਸੀ ਹਿੰਮਤਪੁਰਾ ਬਸਤੀ, ਜੈਤੋ ਮ੍ਰਿਤਕ ਪਏ ਸਨ। ਇਨ੍ਹਾਂ ਦਾ ਤੀਸਰਾ ਸਾਥੀ ਨਿਸ਼ਾਨ ਸਿੰਘ ਵਾਸੀ ਰੁੱਕਨਵਾਲਾ ਛਾਤੀ ਵਿਚ ਗੋਲੀ ਲੱਗਣ ਕਰਕੇ ਜ਼ਖ਼ਮੀ ਸੀ। ਪੁਲਿਸ ਵੱਲੋਂ ਡੱਬਵਾਲੀ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਵੀ ਦਮ ਤੋੜ ਦਿੱਤਾ। ਪੁਲਿਸ ਨੇ ਗੈਂਗਸਟਰਾਂ ਦੀਆਂ ਲਾਸ਼ਾਂ ਕੋਲੋਂ ਇੱਕ 315 ਬੋਰ ਰਾਈਫ਼ਲ ਅਤੇ 6 ਜ਼ਿੰਦਾ ਕਾਰਤੂਸ, ਦੋ 30 ਬੋਰ ਪਿਸਟਲ, 4 ਚੱਲੇ ਤੇ 29 ਜ਼ਿੰਦਾ ਕਾਰਤੂਸ, 32 ਬੋਰ ਪਿਸਟਲ ਤੇ 6 ਚੱਲੇ ਅਤੇ 85 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

Check Also

ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਸਹੁੰ ਚੁੱਕ ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਰਹੇ ਮੌਜੂਦ ਨਵੀਂ ਦਿੱਲੀ/ਬਿਊਰੋ ਨਿਊਜ਼ …